ਚੰਡੀਗੜ੍ਹ (ਰਮਨਜੀਤ) : ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ (ਪੀ. ਐੱਸ. ਬੀ. ਟੀ. ਆਈ. ਐਂਡ ਆਈ. ਟੀ.) ਵੱਲੋਂ ਬੋਰਡ ਨਾਲ ਸਬੰਧਿਤ ਫਾਰਮੇਸੀ ਕਾਲਜਾਂ/ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਬੋਰਡ ਦੇ ਪਾਸ ਆਊਟ ਅਤੇ ਮੌਜੂਦਾ ਅਕਾਦਮਿਕ ਸੈਸ਼ਨ ਦੇ ਵਿਦਿਆਰਥੀਆਂ ਨੂੰ ਆਪਣੇ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼ਾਂ ਨੂੰ ਤਸਦੀਕ ਕਰਵਾਉਣ ਜਾਂ ਉਨ੍ਹਾਂ ਦਸਤਾਵੇਜ਼ਾਂ ਨੂੰ ਲੈਣ ਲਈ ਚੰਡੀਗੜ੍ਹ ਦੇ ਦਫ਼ਤਰ ਵਿਖੇ ਆਉਣ ਦੀ ਲੋੜ ਨਹੀਂ ਪਵੇਗੀ। ਹੁਣ ਵਿਦਿਆਰਥੀ ਘਰ ਬੈਠੇ ਹੀ ਆਨਲਾਈਨ ਸਿਸਟਮ ਤੋਂ ਆਪਣੇ ਸਬੰਧਿਤ ਦਸਤਾਵੇਜ਼ ਡਾਊਨਲੋਡ ਕਰ ਸਕਣਗੇ। ਇੰਨਾ ਹੀ ਨਹੀਂ, ਉਹ ਕਿਓ. ਆਰ. ਕੋਡ ਅਤੇ ਡਿਜੀਟਲ ਦਸਤਖ਼ਤ ਵਾਲੇ ਦਸਤਾਵੇਜ਼ਾਂ ਨੂੰ ਪ੍ਰਿੰਟ ਵੀ ਕਰ ਸਕਣਗੇ। ਇਹ ਡਾਊਨਲੋਡ ਤੇ ਪ੍ਰਿੰਟ ਕੀਤੇ ਗਏ ਦਸਤਾਵੇਜ਼ ਹਰ ਥਾਂ ’ਤੇ ਮੰਨਣਯੋਗ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਤਾਰੀਖ਼ ਤੋਂ ਭਾਰੀ ਮੀਂਹ ਦੀ ਚਿਤਾਵਨੀ, ਮੁੜ ਆਪਣੇ ਰੰਗ 'ਚ ਮੁੜੇਗਾ ਮਾਨਸੂਨ
ਪੀ. ਐੱਸ. ਬੀ. ਟੀ. ਆਈ. ਐਂਡ ਆਈ. ਟੀ. ਨੇ ਵਿਦਿਆਰਥੀ ਫਰੈਂਡਲੀ ਡੈਸ਼ਬੋਰਡ ਐਪਲੀਕੇਸ਼ਨ ਲਾਂਚ ਕੀਤੀ ਹੈ। ਬੋਰਡ ਦੇ ਚੇਅਰਮੈਨ ਤੇ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਰਾਹੁਲ ਭੰਡਾਰੀ, ਆਈ. ਏ. ਐੱਸ. ਵੱਲੋਂ ਇਸ ਦੀ ਰਸਮੀ ਸ਼ੁਰੂਆਤ ਸੋਮਵਾਰ ਨੂੰ ਕੀਤੀ ਗਈ, ਜਿਸ ਤੋਂ ਬਾਅਦ ਇਹ ਸਹੂਲਤ ਹੁਣ ਆਨਲਾਈਨ ਸ਼ੁਰੂ ਹੋ ਗਈ ਹੈ। ਬੋਰਡ ਦੇ ਸਕੱਤਰ ਰਾਜੀਵ ਕੁਮਾਰ ਗੁਪਤਾ, ਆਈ. ਏ. ਐੱਸ. ਨੇ ਦੱਸਿਆ ਕਿ ਇਹ ਸਾਫਟਵੇਅਰ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਆਪਣੇ ਦਸਤਾਵੇਜ਼ ਉਪਲੱਬਧ ਕਰਵਾਉਣ ਦੇ ਯੋਗ ਬਣਾਏਗਾ। ਇਸ ਨਾਲ ਵਿਦਿਆਰਥੀਆਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ ਅਤੇ ਸਿਸਟਮ 'ਚ ਪਾਰਦਰਸ਼ਤਾ, ਕੁਸ਼ਲਤਾ ਅਤੇ ਭਰੋਸੇਯੋਗਤਾ 'ਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਨਸ਼ਿਆਂ ਖ਼ਿਲਾਫ਼ ਜੰਗ : ਪੰਜਾਬ ਪੁਲਸ ਨੇ ਹਫ਼ਤੇ ਅੰਦਰ 7.93 ਲੱਖ ਫਾਰਮਾ ਓਪੀਔਡਜ਼ ਤੇ ਨਸ਼ੀਲੇ ਟੀਕੇ ਕੀਤੇ ਬਰਾਮਦ
ਸਕੱਤਰ ਗੁਪਤਾ ਅਨੁਸਾਰ ਸਿੰਗਲ ਵਿੰਡੋ ਸਿਸਟਮ ਨਾਲ ਜੁੜੇ ਇਸ ਆਨਲਾਈਨ ਡੈਸ਼ਬੋਰਡ ਐਪਲੀਕੇਸ਼ਨ ਨਾਲ ਵਿਦਿਆਰਥੀ ਆਪਣੇ ਸਾਰੇ ਸਰਟੀਫਿਕੇਟ ਪ੍ਰਾਪਤ ਕਰਨ ਦੀ ਸੁਵਿਧਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਵੈੱਬ ਐਪਲੀਕੇਸ਼ਨ ਫਾਰਮੇਸੀ ਦੇ ਵਿਦਿਆਰਥੀਆਂ ਲਈ ਤਤਕਾਲ ਸਹੂਲਤ ਦਾ ਲਾਭ ਉਠਾਉਣ ਦਾ ਬਦਲ ਹੋਵੇਗਾ। ਵਿਦਿਆਰਥੀਆਂ ਨੂੰ ਡਿਪਲੋਮਾ ਸਰਟੀਫਿਕੇਟ, ਟ੍ਰਾਂਸਕ੍ਰਿਪਟ, ਡਿਟੇਲ ਮਾਰਕਸ ਕਾਰਡ ਆਦਿ ਦਸਤਾਵੇਜ਼ ਘਰ ਬੈਠੇ ਹੀ ਕਲਿੱਕ ਕਰਨ ’ਤੇ ਉਪਲੱਬਧ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਮਦਦ ਮਿਲੇਗੀ, ਸਗੋਂ ਵੱਖ-ਵੱਖ ਰੁਜ਼ਗਾਰ ਕੰਪਨੀਆਂ ਵੀ ਇੱਥੋਂ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਨੂੰ ਤਸਦੀਕ ਕਰ ਸਕਣਗੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹਾਈਕੋਰਟ ਦਾ ਅਹਿਮ ਫ਼ੈਸਲਾ
ਇਸ ਐਪਲੀਕੇਸ਼ਨ ਨਾਲ ਸਬੰਧਿਤ ਹਰ ਜਾਣਕਾਰੀ ਬੋਰਡ ਦੀ ਵੈੱਬਸਾਈਟ ’ਤੇ ਉਪਲੱਬਧ ਹੋਵੇਗੀ। ਸ਼ੁਰੂ 'ਚ ਇਹ ਸਹੂਲਤ ਅਕਾਦਮਿਕ ਸਾਲ 2017, 2018, 2019, 2020 'ਚ ਰਜਿਸਟਰਡ ਹੋਏ ਅਤੇ ਮਈ 2019, ਮਈ 2020 ਅਤੇ ਮਈ 2021 'ਚ ਪਾਸ ਆਊਟ ਹੋਏ ਵਿਦਿਆਰਥੀਆਂ ਲਈ ਉਪਲੱਬਧ ਹੋਵੇਗੀ, ਜਦਕਿ ਬਾਕੀ ਅਕਾਦਮਿਕ ਸੈਸ਼ਨ ਦੇ ਵਿਦਿਆਰਥੀਆਂ ਨੂੰ ਜਲਦੀ ਹੀ ਇਸ ਸਹੂਲਤ 'ਚ ਸ਼ਾਮਲ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚਿੰਤਾਜਨਕ: ਪੰਜਾਬ 'ਚ ਕੋਰੋਨਾ ਕਾਰਨ 2 ਦਿਨਾਂ ਵਿੱਚ 6 ਮਰੀਜ਼ਾਂ ਦੀ ਮੌਤ
NEXT STORY