ਪਟਿਆਲਾ (ਪਰਮੀਤ)-ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਚਾਲੂ ਵਿੱਤ ਵਰ੍ਹੇ 2017-18 ਦੇ ਪਹਿਲੇ 7 ਮਹੀਨਿਆਂ ਦੌਰਾਨ ਪਣ-ਬਿਜਲੀ ਪ੍ਰਾਜੈਕਟਾਂ ਤੋਂ ਬਿਜਲੀ ਉਤਪਾਦਨ ਵਿਚ 23 ਫੀਸਦੀ ਵਾਧਾ ਦਰਜ ਕੀਤਾ ਹੈ। ਇਸ ਅਰਸੇ ਦੌਰਾਨ ਸ਼ਾਨਨ ਤੇ ਯੂ. ਬੀ. ਡੀ. ਸੀ. ਪ੍ਰਾਜੈਕਟਾਂ ਨੇ ਉਤਪਾਦਨ ਵਿਚ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਪਾਵਰਕਾਮ ਦੇ ਸਾਰੇ ਪ੍ਰਾਜੈਕਟਾਂ ਤੋਂ 1 ਅਪ੍ਰੈਲ ਤੋਂ 31 ਅਕਤੂਬਰ 2017 ਦਰਮਿਆਨ 3282 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਈ ਹੈ। ਪਿਛਲੇ ਵਿੱਤ ਵਰ੍ਹੇ ਦੌਰਾਨ ਇਨ੍ਹਾਂ ਮਹੀਨਿਆਂ ਦੌਰਾਨ ਇਹ ਪੈਦਾਵਾਰ 2664 ਮਿਲੀਅਨ ਯੂਨਿਟ ਸੀ। ਸੱਤ ਮਹੀਨਿਆਂ ਦੌਰਾਨ 618 ਮਿਲੀਅਨ ਯੂਨਿਟ ਬਿਜਲੀ ਵੱਧ ਪੈਦਾ ਹੋਣ ਨਾਲ ਪਾਵਰਕਾਮ ਨੂੰ ਘੱਟ ਬਿਜਲੀ ਖਰੀਦਣ ਪੱਖੋਂ 250 ਕਰੋੜ ਰੁਪਏ ਦੀ ਬੱਚਤ ਹੋਈ ਹੈ। ਅਕਤੂਬਰ ਮਹੀਨੇ ਦੌਰਾਨ 397 ਮਿਲੀਅਨ ਯੂਨਿਟ ਦੀ ਪੈਦਾਵਾਰ ਪਿਛਲੇ 5 ਸਾਲਾਂ ਦੌਰਾਨ ਅਕਤੂਬਰ ਮਹੀਨੇ ਦੀ ਪੈਦਾਵਾਰ ਵਿਚ ਸਭ ਤੋਂ ਵੱਧ ਰਹੀ ਹੈ। ਇਹ ਪੈਦਾਵਾਰ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ 12 ਫੀਸਦੀ ਵੱਧ ਹੈ ਕਿਉਂਕਿ ਲੰਘੇ ਵਰ੍ਹੇ ਅਕਤੂਬਰ ਵਿਚ 354 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ।
ਪਾਵਰਕਾਮ ਦੇ 5 ਪਣ-ਬਿਜਲੀ ਪ੍ਰਾਜੈਕਟਾਂ ਦੇ 32 ਯੂਨਿਟ ਹਨ, ਜਿਨ੍ਹਾਂ ਦੀ ਸਮਰੱਥਾ 1151 ਮੈਗਾਵਾਟ ਹੈ। ਇਨ੍ਹਾਂ ਵਿਚ ਸ਼ਾਨਨ ਜੋਗਿੰਦਰ ਨਗਰ ਹਿਮਾਚਲ ਪ੍ਰਦੇਸ਼, ਅਪਰਬਾਰੀ ਦੁਆਬ ਕੈਨਾਲ ਮਲਿਕਪੁਰ (ਯੂ. ਬੀ. ਡੀ. ਸੀ.), ਰਣਜੀਤ ਸਾਗਰ ਡੈਮ ਪਠਾਨਕੋਟ, ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ (ਏ. ਐੈੱਸ. ਐੈੱਚ. ਪੀ.), ਮੁਕੇਰੀਆਂ ਹਾਈਡਲ ਪ੍ਰਾਜੈਕਟ ਤੇ ਤਲਵਾੜਾ (ਐੈੱਮ. ਐੈੱਚ. ਪੀ.) ਸ਼ਾਮਲ ਹਨ।
ਪੰਜ ਪ੍ਰਾਜੈਕਟਾਂ ਵਿਚੋਂ ਚਾਰ ਨੇ ਲੰਘੇ ਵਰ੍ਹੇ ਨਾਲੋਂ ਵੱਧ ਬਿਜਲੀ ਪੈਦਾ ਕੀਤੀ ਹੈ। ਸ਼ਾਨਨ ਤੇ ਯੂ. ਬੀ. ਡੀ. ਸੀ. ਨੇ ਕ੍ਰਮਵਾਰ 445 ਤੇ 305 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ, ਜੋ ਕਿ ਪਿਛਲੇ 5 ਸਾਲਾਂ ਵਿਚ ਸਭ ਤੋਂ ਜ਼ਿਆਦਾ ਹੈ। ਪਾਵਰਕਾਮ ਦੇ ਸਾਰੇ ਪਣ-ਬਿਜਲੀ ਪ੍ਰਾਜੈਕਟਾਂ ਤੋਂ 4500 ਮਿਲੀਅਨ ਯੂਨਿਟ ਬਿਜਲੀ ਪੈਦਾ ਹੁੰਦੀ ਹੈ।
ਲੰਘੇ ਵਰ੍ਹਿਆਂ ਨਾਲੋਂ ਵੱਧ ਹੈ ਡੈਮਾਂ 'ਚ ਪਾਣੀ
ਭਾਖੜਾ ਤੇ ਪੌਂਗ ਡੈਮ ਵਿਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪਾਣੀ ਜ਼ਿਆਦਾ ਹੈ। ਇਸ ਕਾਰਨ ਬਿਜਲੀ ਪੈਦਾਵਾਰ ਵਿਚ ਵਾਧਾ ਦਰਜ ਕੀਤਾ ਗਿਆ ਹੈ। ਕਰੋੜਾਂ ਰੁਪਏ ਦੀ ਬੱਚਤ ਹੋਈ ਹੈ। ਅੱਜ ਦੀ ਤਰੀਕ ਵਿਚ ਪੌਂਗ ਡੈਮ ਵਿਚ 1364.9 ਫੁੱਟ ਤੇ ਭਾਖੜਾ ਡੈਮ ਵਿਚ 1660.9 ਫੁੱਟ ਪਾਣੀ ਹੈ। ਪਿਛਲੇ ਸਾਲ ਇਹ ਮਾਤਰਾ ਕ੍ਰਮਵਾਰ 1356.1 ਅਤੇ 1632.3 ਫੁੱਟ ਸੀ। ਰਣਜੀਤ ਸਾਗਰ ਡੈਮ ਵਿਚ 512.15 ਮੀਟਰ ਪਾਣੀ ਹੈ। ਪਿਛਲੇ ਸਾਲ 511.75 ਮੀਟਰ ਸੀ।
ਬਾਲ ਮਜ਼ਦੂਰਾਂ ਲਈ ਸੁਪਨਾ ਹੋਇਆ ਬਾਲ ਦਿਵਸ, ਕੂੜੇ ਦੇ ਢੇਰਾਂ ਚੋਂ ਲੱਭ ਰਹੇ ਨੇ ਗੁਆਚੇ ਸੁਪਨੇ (ਤਸਵੀਰਾਂ)
NEXT STORY