ਕੈਨਬਰਾ (ਵੈਬ ਡੈਸਕ)- ਸਾਲ 2005 ਵਿਚ ਬਤੌਰ ਵਿਦਿਆਰਥੀ ਅਸਟ੍ਰੇਲੀਆ ਆਏ ਪ੍ਰਵਾਸੀ ਪੰਜਾਬੀ ਅਵਤਾਰ ਸਿੰਘ ਨੂੰ ਆਪਣੇ ਵੀਜ਼ੇ ਲਈ ਅਸਟ੍ਰੇਲੀਆ ਦੇ ਗ੍ਰਹਿ ਵਿਭਾਗ ਨਾਲ ਕਾਨੂੰਨੀ ਲੜਾਈ ਲੜਣੀ ਪੈ ਰਹੀ ਹੈ। ਮੈਲਬੋਰਨ ਸ਼ਹਿਰ ਵਿਚ ਰਹਿ ਰਿਹਾ ਅਵਤਾਰ ਸਿੰਘ ਲਗਭਗ ਬੀਤੇ 7 ਸਾਲਾਂ ਤੋਂ ਗ੍ਰਹਿ ਵਿਭਾਗ ਨਾਲ ਆਪਣੇ ਵੀਜ਼ੇ ਲਈ ਕਾਨੂੰਨੀ ਲੜਾਈ ਲੜ ਰਿਹਾ ਹੈ। ਦਰਅਸਲ ਅਵਤਾਰ ਸਿੰਘ ਨੇ 2009 ਵਿਚ ਮੋਟਰ ਮਕੈਨਿਕ ਵਜੋਂ ਸਕਿਲਡ ਵੀਜ਼ਾ ਅਪਲਾਈ ਕੀਤਾ ਸੀ ਪਰ ਉਸ ਵੇਲੇ ਇੰਮੀਗ੍ਰੇਸ਼ਨ ਵਿਭਾਗ ਨੇ 2012 ਵਿਚ ਉਸਦੀ ਅਰਜੀ ਨੂੰ ਇਹ ਕਹਿ ਕੇ ਨਾਮਨਜ਼ੂਰ ਕਰ ਦਿੱਤਾ ਸੀ ਕਿ ਅਵਤਾਰ ਸਿੰਘ ਵਲੋਂ 900 ਘੰਟੇ ਦਾ ਸ਼ੋਅ ਕੀਤਾ ਗਿਆ ਵਰਕ ਐਕਸਪੀਰੀਐਂਸ ਜਾਅਲੀ ਹੈ। ਇਸ ਮਗਰੋਂ ਅਵਤਾਰ ਸਿੰਘ ਨੇ ਇੰਮੀਗ੍ਰੇਸ਼ਨ ਵਿਭਾਗ ਦੇ ਫੈਸਲੇ ਨੂੰ ਟ੍ਰਿਬਿਊਨਲ ਵਿਚ ਚੁਣੌਤੀ ਦੇ ਦਿੱਤੀ ਪਰ ਇਹ ਚੁਣੌਤੀ ਵੀ ਅਸਫਲ ਰਹੀ। ਜਿਸ ਮਗਰੋਂ ਅਵਤਾਰ ਨੇ ਟ੍ਰਿਬਿਊਨਲ ਦੇ ਫੈਸਲੇ ਖਿਲਾਫ ਫੈਡਰਲ ਸਰਕਟ ਕੋਰਟ ਵਿਚ ਅਪੀਲ ਕੀਤੀ। ਜਿਥੇ ਅਵਤਾਰ ਨੇ ਤਰਕ ਦਿੱਤਾ ਕਿ ਟ੍ਰਿਬਿਉਨਲ ਦੀ ਸੁਣਵਾਈ ਦੌਰਾਨ ਵਿਭਾਗ ਨੇ ਅਜਿਹਾ ਕੋਈ ਵੀ ਸਬੂਤ ਉਸ ਦੇ ਸਾਹਮਣੇ ਪੇਸ਼ ਨਹੀਂ ਕੀਤਾ, ਜੋ ਦਰਸਾਉਂਦਾ ਹੋਵੇ ਕਿ ਉਸਦਾ ਵਰਕ ਐਕਸਪੀਰੀਐਂਸ ਫਰਜੀ ਸੀ। ਅਵਤਾਰ ਨੇ ਕੋਰਟ ਨੂੰ ਕਿਹਾ ਕਿ ਟ੍ਰਿਬਿਊਨਲ ਨੇ ਅਜਿਹਾ ਕਰਕੇ ਉਸਨੂੰ ਆਪਣੇ ਬਚਾਅ ਦੇ ਮੌਕੇ ਤੋਂ ਵਾਂਝਾ ਕੀਤਾ ਹੈ। ਫੈਡਰਲ ਕੋਰਟ ਦੇ ਫੁੱਲ ਬੈਂਚ ਨੇ ਸੁਣਵਾਈ ਕਰਦੇ ਹੋਏ ਟ੍ਰਿਬਿਊਨਲ ਨੂੰ ਮੁੜ ਇਸ ਫੈਸਲੇ ਉਤੇ ਕਾਨੂੰਨ ਮੁਤਾਬਕ ਫੈਸਲਾ ਕਰਨ ਨੂੰ ਕਿਹਾ। ਇਸ ਤੋਂ ਬਾਅਦ ਅਗਸਤ 2017 ਨੂੰ ਹਾਈ ਕੋਰਟ ਨੇ ਵੀ ਇਸੇ ਫੈਸਲੇ ਨੂੰ ਬਰਕਰਾਰ ਰੱਖਿਆ।
ਦੂਜੇ ਪਾਸੇ ਇਸ ਮਾਮਲੇ ਉਤੇ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਅਦਾਲਤੀ ਫੈਸਲੇ ਮਗਰੋਂ ਕੁਝ ਸਮਾਂ ਪਹਿਲਾਂ ਹੀ ਟ੍ਰਿਬਿਊਨਲ ਨਾਲ ਸੰਪਰਕ ਕੀਤਾ ਸੀ ਪਰ ਉਸ ਨੂੰ ਟ੍ਰਿਬਿਊਨਲ ਵਲੋਂ ਅਜੇ ਹੋਰ ਇੰਤਜਾਰ ਕਰਨ ਦੀ ਗੱਲ ਆਖੀ ਗਈ। ਉਸਨੇ ਦੱਸਿਆ ਕਿ ਵੀਜ਼ਾ ਲਈ ਹੋ ਰਹੀ ਦੇਰੀ ਨੇ ਉਸਦੇ ਜੀਵਨ ਉਤੇ ਬੜਾ ਮਾੜਾ ਅਸਰ ਛੱਡਿਆ ਹੈ। ਸਭ ਤੋਂ ਮਾੜਾ ਅਸਰ ਤਾਂ ਇਹ ਰਿਹਾ ਕਿ ਮੇਰਾ ਵਿਆਹ ਇਸੇ ਕਾਰਨ ਟੁੱਟ ਗਿਆ। ਮੇਰੀ ਪਤਨੀ ਜਦ ਅਸਟ੍ਰੇਲਿਆ ਆਈ ਤਾਂ ਮੈਂ ਟੀ. ਆਰ. ਵੀਜ਼ਾ ਉਤੇ ਸੀ। ਮੁੜ ਮੇਰਾ ਵੀਜ਼ਾ ਰਿਫਊਜ ਕਰ ਦਿੱਤਾ ਗਿਆ। ਜਿਸ ਮਗਰੋਂ ਮੈਂ ਬ੍ਰਿਜਿੰਗ ਵੀਜ਼ਾ ਉਤੇ ਚਲਾ ਗਿਆ। ਇਸ ਕਾਰਨ ਮੇਰੀ ਪਤਨੀ ਨੂੰ ਅਸਟ੍ਰੇਲਿਆਂ ਤੋਂ ਵਾਪਸ ਜਾਣਾ ਪਿਆ। ਮੇਰੇ ਸਹੁਰਾ ਪਰਿਵਾਰ ਨੂੰ ਲੱਗਾ ਕਿ ਮੈਂ ਉਨ੍ਹਾਂ ਨਾਲ ਧੌਖਾ ਕੀਤਾ ਹੈ। ਜਿਸ ਕਾਰਨ ਮੇਰਾ ਮੇਰੀ ਪਤਨੀ ਨਾਲ ਤਲਾਕ ਹੋ ਗਿਆ। ਅਵਤਾਰ ਨੇ ਕਿਹਾ, ‘’ਮੈਂ ਘਰ (ਭਾਰਤ) ਫੋਨ ਕਰਨਾ ਵੀ ਛੱਡ ਦਿੱਤਾ ਹੈ, ਕਿਉਂਕਿ ਮੈਂ ਜਦ ਵੀ ਫੋਨ ਕਰਦਾ ਹਾ ਤਾਂ ਮੇਰੇ ਘਰ ਦੇ (ਪਰਿਵਾਰਕ ਮੈਂਬਰ) ਮੈਨੂੰ ਪੱਕਾ ਕਦੋਂ ਹੋਵੇਂਗਾ, ਇਹ ਸਵਾਲ ਬਾਰ-ਬਾਰ ਪੁੱਛਦੇ ਹਨ। ਉਹ ਮੇਰਾ ਵਿਆਹ ਮੁੜ ਕਰਨ ਲਈ ਫਿਕਰਮੰਦ ਹੁੰਦੇ ਹਨ। ਜਿਨ੍ਹਾਂ ਦੀਆਂ ਗੱਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ।
ਭੁਲੱਥ ’ਚ ਹੋਈ ਗੜ੍ਹੇਮਾਰੀ
NEXT STORY