ਚੰਡੀਗੜ੍ਹ : ਪੰਜਾਬੀ ਸਮਾਜ 'ਚ ਲੱਖਾਂ ਚੁਣੌਤੀਆਂ ਦੇ ਬਾਵਜੂਦ ਵੀ 'ਸ਼ਾਹੀ ਵਿਆਹਾਂ' ਦਾ ਰਿਵਾਜ ਚੱਲ ਪਿਆ ਹੈ, ਜਿਨ੍ਹਾਂ 'ਚ 10 ਹਜ਼ਾਰ ਰੁਪਏ ਤੱਕ ਦੀਆਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਦੇ ਡਟ ਖੁੱਲਦੇ ਹਨ, ਜਦੋਂ ਕਿ ਇਨ੍ਹਾਂ ਵਿਆਹਾਂ 'ਚੋਂ ਸਾਦਗੀ ਕਿਤੇ ਉੱਡ-ਪੁੱਡ ਗਈ ਹੈ। ਜੇਕਰ ਸੂਬੇ ਦੀ ਆਰਥਿਕਤਾ 'ਤੇ ਇਕ ਝਾਤ ਮਾਰੀਏ ਤਾਂ ਇਹ ਸ਼ਾਹੀ ਵਿਆਹ ਬਿਲਕੁਲ ਉਲਟ ਤਸਵੀਰ ਪੇਸ਼ ਕਰਦੇ ਹਨ। ਜਿੱਥੇ ਬੇਰੋਜ਼ਗਾਰੀ ਦੇ ਆਲਮ 'ਚ ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਹੌੜ ਲੱਗੀ ਹੋਈ ਹੈ, ਉੱਥੇ ਹੀ ਮੈਰਿਜ ਪੈਲਸਾਂ ਤੇ ਪੰਜ ਤੋਂ ਸੱਤ ਤਾਰਾ ਹੋਟਲਾਂ 'ਚ ਕੀਤੇ ਜਾਣ ਵਾਲੇ ਸ਼ਾਹੀ ਵਿਆਹ ਦਿਖਾਵੇ ਦੀ ਝਲਕ ਪੇਸ਼ ਕਰਦੇ ਹਨ।
ਪੰਜਾਬ 'ਚ 2 ਹਜ਼ਾਰ ਦੇ ਕਰੀਬ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਮੈਰਿਜ ਪੈਲਸ ਚੱਲ ਰਹੇ ਹਨ, ਜਦੋਂ ਕਿ 4 ਹਜ਼ਾਰ ਮੈਰਿਜ ਪੈਲਸ ਅਜਿਹੇ ਵੀ ਹਨ, ਜੋ ਗੈਰ ਕਾਨੂੰਨੀ ਤੌਰ 'ਤੇ ਚੱਲ ਰਹੇ ਹਨ। ਪੰਜਾਬ ਦੇ ਅਮੀਰ ਘਰਾਣਿਆਂ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਜ਼ਿਆਦਾਤਰ ਹੋਟਲਾਂ ਜਾਂ ਪੈਲਸਾਂ 'ਚ ਹੀ ਕਰਦੇ ਹਨ। ਹੋਟਲਾਂ 'ਚ ਵਿਆਹ ਦਾ ਖਰਚ (ਸਿਰਫ ਖਾਣ-ਪੀਣ ਤੇ ਕਿਰਾਇਆ) ਆਮ ਤੌਰ 'ਤੇ 50 ਲੱਖ ਰੁਪਏ ਤੋਂ ਇਕ ਕਰੋੜ ਰੁਪਏ ਤੱਕ ਪੁੱਜ ਜਾਂਦਾ ਹੈ। ਲੁਧਿਆਣਾ, ਮੋਹਾਲੀ, ਪਟਿਆਲਾ, ਜਲੰਧਰ, ਅੰਮ੍ਰਿਤਸਰ ਅਤੇ ਬਠਿੰਡਾ ਸ਼ਹਿਰਾਂ ਦੇ ਨੇੜੇ ਮੈਰਿਜ ਪੈਲਸਾਂ ਦੀ ਵੱਡੀ ਗਿਣਤੀ ਹੈ, ਜਿੱਥੇ ਵਿਆਹ ਕਰਨ ਦਾ ਖਰਚਾ 10 ਤੋਂ 30 ਲੱਖ ਰੁਪਏ ਤੱਕ ਵਸੂਲ ਕੀਤਾ ਜਾਂਦਾ ਹੈ। ਕਰ ਤੇ ਆਬਕਾਰੀ ਵਿਭਾਗ ਦੇ ਸੂਤਰਾਂ ਮੁਤਾਬਕ ਛੋਟੇ ਤੋਂ ਦਰਮਿਆਨੇ ਮੈਰਿਜ ਪੈਲਸਾਂ 'ਚ ਵਿਆਹ ਅਤੇ ਹੋਰ ਪ੍ਰੋਗਰਾਮ ਦਾ ਖਰਚਾ 4 ਤੋਂ 7 ਲੱਖ ਰੁਪਏ ਵਿਚਕਾਰ ਮੰਨਿਆ ਜਾਂਦਾ ਹੈ।
ਗਰੀਬੀ ਦੀ ਨਿਸ਼ਾਨੀ ਮੰਨਿਆ ਜਾਂਦੈ 'ਸਾਦਾ ਵਿਆਹ'
ਪੰਜਾਬ 'ਚ ਸਾਦੇ ਵਿਆਹ ਨੂੰ ਗਰੀਬੀ ਤੇ ਸਧਾਰਨ ਪਰਿਵਾਰ ਦੀ ਨਿਸ਼ਾਨੀ ਮੰਨਿਆ ਜਾਣ ਲੱਗਾ ਹੈ। ਮਹਿੰਗਾ ਵਿਆਹ ਅਤੇ ਲੋਕ ਦਿਖਾਵਾ ਅਮੀਰੀ ਅਤੇ ਖਾਂਦੇ-ਪੀਂਦੇ ਘਰਾਂ ਦੀ ਪਛਾਣ ਬਣਦਾ ਜਾ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਪੰਜਾਬ ਦੂਜੀ ਤਸਵੀਰ ਦੇਖੀ ਜਾਵੇ ਤਾਂ ਖੇਤੀ ਆਰਥਿਕਤਾ ਦੇ ਲੀਹ ਤੋਂ ਲਹਿ ਜਾਣ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਨਸ਼ਿਆਂ ਦੇ ਆਲਮ 'ਚ ਨੌਜਵਾਨ ਭਟਕ ਰਹੇ ਹਨ। ਸਰਕਾਰੀ ਸਿੱਖਿਆ ਦੀ ਅਣਹੋਂਦ ਕਾਰਨ ਚੰਗੀਆਂ ਨੌਕਰੀਆਂ ਨਹੀਂ ਮਿਲ ਰਹੀਆਂ। ਬੇਰੋਜ਼ਗਾਰੀ ਛੜੱਪੇ ਮਾਰ ਵਧ ਰਹੀ ਹੈ ਤੇ ਨਾ-ਉਮੀਦੀ 'ਚ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਇਸ ਉਦਾਸੀ ਤੇ ਚਿੰਤਾ ਦੇ ਮਾਹੌਲ 'ਚ ਕੁਝ ਪਰਿਵਾਰਾਂ ਵਲੋਂ ਲੋਕ ਦਿਖਾਵੇ ਅਤੇ ਅਥਾਹ ਖਰਚੇ ਦਾ ਇਕ ਨਵਾਂ ਸੱਭਿਆਚਾਰ (ਮਹਿੰਗੇ ਵਿਆਹ) ਸਿਰਜਿਆ ਜਾ ਰਿਹਾ ਹੈ।
ਵਾਇਰਲ ਵੀਡੀਓ ’ਤੇ ਰਾਜਾ ਵੜਿੰਗ ਨੇ ਦਿੱਤੀ ਸਫਾਈ
NEXT STORY