ਹੁਸ਼ਿਆਰਪੁਰ, (ਘੁੰਮਣ)- ਮਾਈਨਿੰਗ ਰੋਕੋ-ਜ਼ਮੀਨ ਬਚਾਓ' ਸੰਘਰਸ਼ ਕਮੇਟੀ ਹਾਜੀਪੁਰ ਦਾ ਇਕ ਵਫਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲਾ ਹੁਸ਼ਿਆਰਪੁਰ ਦੇ ਯੂਨਿਟ ਸਮੇਤ ਸੂਬਾ ਸਕੱਤਰ ਕਾਮਰੇਡ ਹਰਕੰਵਲ ਸਿੰਘ ਦੀ ਅਗਵਾਈ ਵਿਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੂਪਮ ਕਲੇਰ ਨੂੰ ਹਾਜੀਪੁਰ ਇਲਾਕੇ ਵਿਚ ਕੀਤੀ ਜਾ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਅਤੇ ਸੰਘਰਸ਼ ਕਮੇਟੀ ਦੇ ਆਗੂਆਂ 'ਤੇ ਪਾਏ ਜਾ ਰਹੇ ਝੂਠੇ ਅਤੇ ਨਾਜਾਇਜ਼ ਕੇਸਾਂ ਨੂੰ ਰੱਦ ਕਰਵਾਉਣ ਸਬੰਧੀ ਮਿਲਿਆ।
ਕਾ. ਹਰਕੰਵਲ ਸਿੰਘ ਨੇ ਮੰਗ-ਪੱਤਰ ਦੇ ਕੇ ਦੱਸਿਆ ਕਿ ਮਾਈਨਿੰਗ ਮਾਫੀਆ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰ ਰਹੇ 'ਮਾਈਨਿੰਗ ਰੋਕੋ- ਜ਼ਮੀਨ ਬਚਾਓ' ਸੰਘਰਸ਼ ਕਮੇਟੀ ਹਾਜੀਪੁਰ ਦੇ ਆਗੂਆਂ ਦੀ ਹੌਸਲਾ ਅਫਜ਼ਾਈ ਕਰਨ ਦੀ ਬਜਾਏ ਮਾਈਨਿੰਗ ਮਾਫੀਆ ਦੀ ਮਿਲੀਭੁਗਤ ਨਾਲ ਰਾਜਨੀਤਕ ਅਤੇ ਪ੍ਰਸ਼ਾਸਨਿਕ ਦਬਾਅ ਅਧੀਨ ਉਲਟਾ ਸੰਘਰਸ਼ ਕਮੇਟੀ ਦੇ ਆਗੂਆਂ ਵਿਰੁੱਧ ਪਰਚੇ ਦਰਜ ਕਰ ਕੇ ਮਾਨਸਿਕ ਅਤੇ ਆਰਥਿਕ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਮਾਫੀਆ ਨੇ ਇਲਾਕੇ ਦੇ ਹਰ ਪਿੰਡ ਦੀਆਂ ਸੜਕਾਂ ਅਤੇ ਪੁਲਾਂ ਉੱਤੋਂ ਓਵਰਲੋਡ ਵ੍ਹੀਕਲ ਲੰਘਾ ਕੇ ਸਾਰੀਆਂ ਸੜਕਾਂ ਤੋੜ ਕੇ ਖਸਤਾਹਾਲ ਕਰ ਦਿੱਤੀਆਂ ਹਨ।
ਆਗੂਆਂ ਨੇ ਮੰਗ ਕੀਤੀ ਕਿ ਇਲਾਕੇ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਿਆ ਜਾਵੇ ਅਤੇ ਸੰਘਰਸ਼ ਕਮੇਟੀ ਹਾਜੀਪੁਰ ਦੇ ਆਗੂਆਂ 'ਤੇ ਪਾਏ ਜਾ ਰਹੇ ਝੂਠੇ ਤੇ ਨਾਜਾਇਜ਼ ਕੇਸਾਂ ਨੂੰ ਰੱਦ ਕੀਤਾ ਜਾਵੇ। ਏ. ਡੀ. ਸੀ. ਸ਼੍ਰੀਮਤੀ ਅਨੂਪਮ ਕਲੇਰ ਨੇ ਵਫ਼ਦ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਯਕੀਨ ਦਿਵਾਇਆ ਕਿ ਉਹ ਜਲਦੀ ਹੀ ਖੁਦ ਮੌਕਾ ਵੇਖਣ ਜਾਣਗੇ ਤੇ ਕਸੂਰਵਾਰ ਵਿਅਕਤੀਆਂ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਵਫਦ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਕੰਵਲ ਸਿੰਘ ਤੋਂ ਇਲਾਵਾ ਜ਼ਿਲਾ ਸਕੱਤਰ ਕਾ. ਪਿਆਰਾ ਸਿੰਘ, ਕਾ. ਗੰਗਾ ਪ੍ਰਸਾਦ, ਸ਼ਿਵ ਕੁਮਾਰ, ਗਿਆਨ ਸਿੰਘ ਗੁਪਤਾ, ਦੀਪਕ ਠਾਕੁਰ, ਧਰਮਿੰਦਰ ਸਿੰਘ, ਕੁਲਤਾਰ ਸਿੰਘ, ਜਰਨੈਲ ਸਿੰਘ, ਦਵਿੰਦਰ ਸਿੰਘ ਕੱਕੋਂ ਕਿਸਾਨ ਆਗੂ, ਸਤਪਾਲ ਲੱਠ, ਸਤੀਸ਼ ਰਾਣਾ, ਬਲਵੀਰ ਸਿੰਘ ਸੈਣੀ ਆਦਿ ਹਾਜ਼ਰ ਸਨ।
ਕਦੋਂ ਰੈਗੂਲਰ ਹੋਣਗੇ ਸਪੈਸ਼ਲ ਬੱਚਿਆਂ ਨੂੰ ਜਿਊਣ ਦੀ ਕਲਾ ਸਿਖਾਉਣ ਵਾਲੇ ਅਧਿਆਪਕ
NEXT STORY