ਮੋਗਾ, (ਸੰਦੀਪ)-‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਮਨੀਸ਼ ਅਰੋਡ਼ਾ ਦੀ ਅਗਵਾਈ ’ਚ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ’ਤੇ ਡਰਾਈ-ਡੇ ਮੌਕੇ ਕਬਾਡ਼ੀਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਮੌਕੇ ’ਤੇ 6 ਚਲਾਨ ਕੱਟੇ ਗਏ। ਇਸ ਮੌਕੇ ਸਿਹਤ ਵਿਭਾਗ ਦੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ, ਜ਼ਿਲਾ ਐਪੀਡੀਮਾਲੋਜਿਸਟ ਡਾ. ਨਰੇਸ਼ ਕੁਮਾਰ, ਹੈਲਥ ਸੁਪਰਵਾਈਜ਼ਰ ਬਲਵਿੰਦਰ ਕੁਮਾਰ, ਸੈਨੇਟਰੀ ਇੰਸਪੈਕਟਰ ਪਲਵਿੰਦਰ ਸ਼ਰਮਾ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਨਗਰ ਨਿਗਮ ਤੋਂ ਸੈਨੇਟਰੀ ਇੰਸਪੈਕਟਰ ਅਰਜਨ ਸਿੰਘ ਅਤੇ ਬਰੀਡ ਚੈਕਰਾਂ ਦੀ ਟੀਮ ਦੇ ਮੈਂਬਰ ਵੀ ਮੌਜੂਦ ਸਨ। ਇਸ ਸਮੁੱਚੀ ਟੀਮ ਵੱਲੋਂ ਨੇਡ਼ੇ ਬੰਦ ਫਾਟਕ ਅਤੇ ਰੇਲਵੇ ਲਾਈਨ ਤੋਂ ਅਕਾਲਸਰ ਰੋਡ ਮੋਗਾ ਸਥਿਤ ਕਬਾਡ਼ੀਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਮਹਿੰਦਰ ਪਾਲ ਲੂੰਬਾ ਹੈਲਥ ਸੁਪਰਵਾਈਜ਼ਰ ਨੇ ਦੱਸਿਆ ਕਿ ਮਿਸ਼ਨ ਤਹਿਤ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਹੋਰ ਬੀਮਾਰੀਆਂ ਤੋਂ ਬਚਾਉਣ ਲਈ ਮੱਛਰਾਂ ਦੇ ਬਰੀਡਿੰਗ ਪੁਆਇੰਟ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਬਾਡ਼ੀਆਂ ਦੀਆਂ ਦੁਕਾਨਾਂ ’ਤੇ ਪਏ ਕਬਾਡ਼ ਦੇ ਸਮਾਨ ਜਿਵੇਂ ਪੁਰਾਣੇ ਕੂਲਰਾਂ, ਟਾਇਰਾਂ ਅਤੇ ਬਾਲਟੀਆਂ ਆਦਿ ’ਚ ਬਾਰਿਸ਼ ਦਾ ਪਾਣੀ ਖਡ਼੍ਹਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ ’ਤੇ ਮੱਛਰਾਂ ਦਾ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਮੌਕੇ ’ਤੇ 6 ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਸਬੰਧਤ ਕਬਾਡ਼ੀਆਂ ਨੂੰ ਭਵਿੱਖ ’ਚ ਕਬਾਡ਼ ਦੇ ਸਾਮਾਨ ’ਚ ਪਾਣੀ ਨਾ ਖਡ਼੍ਹਾ ਰੱਖਣ ਅਤੇ ਆਲੇ-ਦੁਆਲੇ ਦੀ ਸਫਾਈ ਬਾਰੇ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਮਿਸ਼ਨ ਤਹਿਤ ਲੋਕਾਂ ਨੂੰ ਡੇਂਗੂ ਅਤੇ ਮਲੇਰੀਅਾਂ ਬੀਮਾਰੀਆਂ ਤੋਂ ਬਚਾਅ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਦਿੱਤਾ ਧਰਨਾ
NEXT STORY