ਅੰਮ੍ਰਿਤਸਰ (ਜ. ਬ., ਨਵਦੀਪ) : ਦੁਸਹਿਰੇ ਵਾਲੇ ਦਿਨ ਟਰੇਨ ਹਾਦਸੇ ਦਾ ਸ਼ਿਕਾਰ ਹੋਏ ਨਿਊ ਗੋਲਡਨ ਐਵੀਨਿਊ ਵਾਸੀ ਰਮੇਸ਼ ਕੁਮਾਰ (23) ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਤੋਂ ਮਿਲਣ ਵਾਲੀ ਸਹਾਇਤਾ ਰਾਸ਼ੀ 5 ਲੱਖ ਦੇ ਚੈੱਕ ਨੂੰ ਲੈ ਕੇ ਰਮੇਸ਼ ਕੁਮਾਰ ਦੀ ਪਤਨੀ ਪ੍ਰੀਤੀ ਤੇ ਮਾਂ ਮਨਜੀਤ ਕੌਰ ਵਿਚ ਵਿਵਾਦ ਖੜ੍ਹਾ ਹੋ ਗਿਆ ਹੈ। 5 ਲੱਖ ਦੇ ਚੈੱਕ ਨੂੰ ਲੈ ਕੇ ਮ੍ਰਿਤਕ ਦੇ ਘਰ ਅਤੇ ਸਹੁਰੇ ਘਰ ਵਾਲੇ ਆਹਮੋ-ਸਾਹਮਣੇ ਹੋ ਗਏ ਹਨ। ਰਿਸ਼ਤੇ 5 ਲੱਖ ਦੇ ਚੈੱਕ ਲਈ ਅਜਿਹੇ ਤਾਰ-ਤਾਰ ਹੋਏ ਕਿ ਸੱਸ-ਨੂੰਹ ਵਿਚ ਜੰਮ ਕੇ ਤੂੰ-ਤੂੰ, ਮੈਂ, ਮੈਂ ਹੋਈ। ਪ੍ਰੀਤੀ ਕਹਿੰਦੀ ਹੈ ਕਿ ਸੱਸ ਨੇ ਘਰੋਂ ਕੱਢਦਿਆਂ ਕਿਹਾ ਮੇਰਾ ਜਦੋਂ ਪੁੱਤਰ ਹੀ ਨਹੀਂ ਰਿਹਾ ਤਾਂ ਤੂੰ ਕਿਵੇਂ ਰਹੀ ਮੇਰੀ ਨੂੰਹ, ਜਾ ਕੇ ਤੂੰ ਵੀ ਕਿਤੇ ਮਰ ਜਾ।
੍ਰਮ੍ਰਿਤਕ ਰਮੇਸ਼ ਕੁਮਾਰ ਨਿਊ ਗੋਲਡਨ ਐਵੀਨਿਊ ਦੀ ਗਲੀ ਨੰਬਰ 7 ਵਿਚ ਰਹਿੰਦਾ ਸੀ। 28 ਅਪ੍ਰੈਲ 2017 ਨੂੰ ਉਸ ਨੇ 7 ਫੇਰੇ ਪ੍ਰੀਤੀ ਨਾਲ ਲਏ ਸਨ। ਵਿਆਹ ਦੇ ਕਰੀਬ 2 ਮਹੀਨੇ ਬਾਅਦ ਪ੍ਰੀਤੀ ਨਾਲ ਕਿਸੇ ਗੱਲੋਂ ਅਣਬਣ ਹੋਈ ਤਾਂ ਪ੍ਰੀਤੀ ਅੰਮ੍ਰਿਤਸਰ ਤੋਂ ਦਿੱਲੀ ਜਾ ਕੇ ਆਪਣੇ ਮਾਂ-ਬਾਪ ਕੋਲ ਰਹਿਣ ਲੱਗੀ। ਦੋਵਾਂ ਵਿਚ ਰਿਸ਼ਤੇ ਸੁਧਰ ਹੀ ਰਹੇ ਸਨ ਕਿ 19 ਅਕਤੂਬਰ ਨੂੰ ਜੌੜਾ ਫਾਟਕ ਵਿਖੇ ਰਾਵਣ ਦਹਿਨ ਦੇ ਸਮੇਂ ਟਰੇਨ ਹਾਦਸੇ ਵਿਚ ਰਮੇਸ਼ ਕੁਮਾਰ ਵੀ ਮੌਤ ਦੇ ਮੂੰਹ ਚਲਾ ਗਿਆ। ਜੌੜਾ ਫਾਟਕ ਦੇ ਰੇਲ ਹਾਦਸੇ ਦੀ ਖਬਰ ਪ੍ਰੀਤੀ ਨੇ ਟੀ. ਵੀ. 'ਤੇ ਦੇਖੀ ਤਾਂ ਪਤੀ ਦੀ ਲਾਸ਼ 'ਤੇ ਵਿਰਲਾਪ ਕਰਦੇ ਸਹੁਰੇ ਘਰ ਵਾਲਿਆਂ ਨੂੰ ਦੇਖ ਕੇ ਦਿੱਲੀ ਤੋਂ ਮਾਂ-ਬਾਪ ਨਾਲ ਅੰਮ੍ਰਿਤਸਰ ਆ ਗਈ। ਅੰਮ੍ਰਿਤਸਰ ਪੁੱਜਣ ਤੋਂ ਬਾਅਦ 5 ਲੱਖ ਦੇ ਚੈੱਕ ਨੂੰ ਲੈ ਕੇ ਸਹੁਰਾ ਘਰ ਦੇ ਪੁੱਜਦੇ ਹੀ ਵਿਵਾਦ ਹੋ ਗਿਆ ਤਾਂ ਪ੍ਰੀਤੀ ਸਹੁਰੇ ਘਰ ਦੇ ਬਜਾਏ ਆਪਣੇ ਮਾਮੇ ਦੇ ਘਰ ਮਾਂ ਦੇ ਨਾਲ ਚਲੀ ਗਈ। ੍ਰ੍ਰਜਗ ਬਾਣੀ ਦੀ ਟੀਮ ਇਸ ਮਾਮਲੇ 'ਚ ਮ੍ਰਿਤਕ ਰਮੇਸ਼ ਕੁਮਾਰ ਦੇ ਪਰਿਵਾਰ ਵਾਲਿਆਂ ਨੂੰ ਮਿਲੀ। 5 ਲੱਖ ਦਾ ਚੈੱਕ ਤਿਆਰ ਹੋਣ ਤੋਂ ਬਾਅਦ ਨਾ ਮਿਲਣ ਦੀ ਗੱਲ 'ਤੇ ਪਰਿਵਾਰ ਭੜਕ ਉੱਠਿਆ, ਕਹਿਣ ਲੱਗਾ ਕਿ ਸਾਡਾ ਪੁੱਤ ਚਲਾ ਗਿਆ ਹੈ ਤੇ ਇਹ ਔਰਤ (ਪ੍ਰੀਤੀ) ਹੁਣ ਰਿਸ਼ਤੇ ਜੋੜ ਰਹੀ ਹੈ, ਹੁਣ ਤੱਕ ਕਿਥੇ ਸੀ। ਬੱਸ ਪ੍ਰੀਤੀ ਇਹੀ ਚਾਹੁੰਦੀ ਹੈ ਕਿ 5 ਲੱਖ ਦਾ ਚੈੱਕ ਉਸ ਨੂੰ ਮਿਲੇ।
ਉਧਰ, ਮ੍ਰਿਤਕ ਰਮੇਸ਼ ਦੇ ਪਿਤਾ ਵਿਜੇ ਕੁਮਾਰ (65) ਬੀਮਾਰ ਰਹਿੰਦੇ ਹਨ। ਘਰ ਦਾ ਬੋਝ ਨਹੀਂ ਉਠਾ ਸਕਦੇ। ਮਾਂ ਮਨਜੀਤ ਕੌਰ (55) ਕਹਿੰਦੀ ਹੈ ਕਿ ਕਿਵੇਂ ਜ਼ਿੰਦਗੀ ਕੱਟੇਗੀ, ਰੱਬ ਨੇ ਪਹਿਲਾਂ ਹੀ ਵੱਡੀ ਧੀ ਪੂਜਾ ਨੂੰ ਵਿਧਵਾ ਕਰ ਦਿੱਤਾ, ਉਸ ਦੇ 2 ਬੱਚੇ ਵੀ ਨਾਲ ਰਹਿੰਦੇ ਹਨ। ਕਿਰਾਏ ਦਾ ਘਰ ਹੈ। ਅਜਿਹੇ 'ਚ ਸਾਰਾ ਦਾਰੋਮਦਾਰ ਰਮੇਸ਼ ਦੇ ਮੋਢਿਆਂ 'ਤੇ ਹੀ ਸੀ। ਹੁਣ ਰਮੇਸ਼ ਦਾ ਮੋਢਾ ਹੀ ਨਹੀਂ ਰਿਹਾ ਤਾਂ ਘਰ ਕਿਵੇਂ ਚੱਲੇਗਾ, ਇਹ ਪੂਰੇ ਪਰਿਵਾਰ ਲਈ ਸਭ ਤੋਂ ਵੱਡਾ ਸਵਾਲ ਹੈ, ਜਿਸ ਦਾ ਜਵਾਬ ਉਨ੍ਹਾਂ ਦੇ ਕੋਲ ਵੀ ਨਹੀਂ ਹੈ।
ਜਗ ਬਾਣੀ ਨਾਲ ਗੱਲਬਾਤ ਵਿਚ ਜਿਥੇ ਪ੍ਰੀਤੀ ਨੇ ਕਿਹਾ ਕਿ ਉਹ ਚੈੱਕ ਲਈ ਨਹੀਂ ਆਈ ਪਰ ਉਸ ਨੂੰ ਸਹੁਰੇ ਘਰ ਵਾਲਿਆਂ ਨੇ ਧਮਕਾਉਂਦਿਆਂ ਘਰੋਂ ਕੱਢ ਦਿੱਤਾ ਹੈ, ਮੈਂ ਮੈਜਿਸਟ੍ਰੇਟ (ਐੱਸ. ਡੀ. ਐੱਮ.) ਦੇ ਸਾਹਮਣੇ ਪੇਸ਼ ਹੋਈ ਸੀ, ਸਾਹਿਬ ਨੇ ਲਿਖ-ਪੜ੍ਹ ਲਿਆ ਹੈ, ਮੈਂ ਸੁਹਾਗਣ ਸੀ, ਭਲੇ ਹੀ ਪਤੀ ਨਾਲ ਅਣਬਣ ਸੀ, ਅੱਜ ਵੀ ਮੈਂ ਰਮੇਸ਼ ਕੁਮਾਰ ਦੀ ਵਿਧਵਾ ਹਾਂ। ਮੈਨੂੰ ਮੇਰਾ ਸਨਮਾਨ ਚਾਹੀਦਾ ਹੈ, ਘਰ ਤੋਂ ਕੋਈ ਸਾਮਾਨ ਨਹੀਂ ਚਾਹੀਦਾ।
ਚੈੱਕ ਲਈ ਰਮੇਸ਼ ਨੂੰ ਲਿਖਾਇਆ ਕੁਆਰਾ : ਪ੍ਰੀਤੀ
ਪ੍ਰੀਤੀ ਕਹਿੰਦੀ ਹੈ ਕਿ ਰਮੇਸ਼ ਕੁਮਾਰ ਨਾਲ ਉਸ ਦੀ ਸ਼ਾਦੀ ਹੋਈ ਸੀ, ਅਜਿਹੇ 'ਚ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਕੁਆਰਾ ਲਿਖਾ ਕੇ ਸਹੁਰਾ ਘਰ ਵਾਲਿਆਂ ਦੀ ਇਹੀ ਇੱਛਾ ਸੀ ਕਿ ਜੋ ਸਰਕਾਰ 5 ਜਾਂ 7 ਲੱਖ ਦਾ ਚੈੱਕ ਦੇ ਰਹੀ ਹੈ, ਉਸ ਨੂੰ ਬਿਨਾਂ ਦੱਸੇ ਹਜ਼ਮ ਕਰ ਲੈਣ। ਮੈਂ ਮੰਨਦੀ ਹਾਂ ਕਿ ਪਰਿਵਾਰ ਦਾ ਹੱਕ ਬਣਦਾ ਹੈ ਪਰ ਝੂਠ ਬੋਲ ਕੇ ਕਿਸੇ ਸੁਹਾਗਣ ਨੂੰ ਵਿਧਵਾ ਹੋ ਜਾਣ ਤੋਂ ਬਾਅਦ ਵੀ ਇਹ ਕਿਹਾ ਜਾਣਾ ਕਿ ਬੇਟੇ ਦਾ ਵਿਆਹ ਨਹੀਂ ਹੋਇਆ, ਇਹ ਸਰਾਸਰ 420 ਹੈ, ਲੋੜ ਪਈ ਤਾਂ ਮੈਂ ਅਦਾਲਤ ਵਿਚ ਜਾਵਾਂਗੀ।
ਸੱਸ ਬੋਲੀ- ਉਹ ਨੂੰਹ ਸੀ ਪਰ ਹੁਣ ਨਹੀਂ
ਪ੍ਰੀਤੀ ਦੀ ਸੱਸ ਮਨਜੀਤ ਕੌਰ ਕਹਿੰਦੀ ਹੈ ਕਿ ਚਾਹੇ ਸਾਨੂੰ ਚੈੱਕ ਮਿਲੇ ਜਾਂ ਨਾ, ਪ੍ਰੀਤੀ ਨੂੰਹ ਸੀ ਪਰ ਹੁਣ ਸਾਡੇ ਲਈ ਕੁਝ ਵੀ ਨਹੀਂ ਹੈ। ਮੇਰਾ ਪੁੱਤ ਹੀ ਜਦੋਂ ਚਲਾ ਗਿਆ ਤਾਂ ਨੂੰਹ ਦਾ ਕੀ ਕਰਾਂਗੀ, ਚਾਹੇ ਚੈੱਕ ਮਿਲੇ ਜਾਂ ਨਾ ਮਿਲੇ ਪਰ ਇਸ ਘਰ ਵਿਚ ਪ੍ਰੀਤੀ ਲਈ ਦਰਵਾਜ਼ੇ ਉਦੋਂ ਖੁੱਲ੍ਹਣਗੇ ਜਦੋਂ ਉਹ ਲਿਖ ਕੇ ਦੇਵੇਗੀ ਕਿ ਮੈਂ ਸਾਰੀ ਉਮਰ ਇਸ ਘਰ ਵਿਚ ਮੇਰੇ ਬੇਟੇ ਦੀ ਵਿਧਵਾ ਬਣ ਕੇ ਰਹੇਗੀ, ਨਹੀਂ ਤਾਂ ਸਾਡਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਮਾਪੇ ਬੋਲੇ- ਜਵਾਨ ਧੀ ਨੂੰ ਕਿਥੇ ਛੱਡ ਦੇਈਏ?
ਪ੍ਰੀਤੀ ਦੀ ਮਾਂ ਵਿਮਲਾ ਤੇ ਪਿਤਾ ਸੋਧੂ ਰਾਮ ਕਹਿੰਦੇ ਹਨ ਕਿ ਅਸੀਂ ਗਰੀਬ ਲੋਕ ਹਾਂ, ਧੀ ਦੇ ਵਿਆਹ ਨੂੰ ਅਜੇ 18 ਮਹੀਨੇ ਹੋਏ ਹਨ, ਜਵਾਨ ਧੀ ਨੂੰ ਕਿਥੇ ਛੱਡ ਦੇਈਏ, ਜੋ ਪੈਸਾ ਸੀ ਉਹ ਉਸ ਦੇ ਵਿਆਹ 'ਤੇ ਖਰਚ ਕਰ ਦਿੱਤੇ। ਉਹ ਗਰੀਬ ਹਨ, ਅੰਮ੍ਰਿਤਸਰ ਤੋਂ ਦਿੱਲੀ ਵੀ ਦੂਰ ਹੈ। ਅਜਿਹੇ 'ਚ ਧੀ ਨੂੰ ਵਾਰ-ਵਾਰ ਲੈ ਕੇ ਆਉਣਾ-ਜਾਣਾ ਸਾਡੇ ਵੱਸ ਦੀ ਗੱਲ ਨਹੀਂ ਹੈ। ਮਾਂ ਨੇ ਕਿਹਾ ਕਿ ਮੈਂ ਇਹ ਨਹੀਂ ਕਹਿੰਦੀ ਕਿ ਸਾਰਾ ਪੈਸਾ ਧੀ ਨੂੰ ਮਿਲੇ, ਮੈਂ ਇਹੀ ਚਾਹੁੰਦੀ ਹਾਂ ਕਿ ਜੋ ਸਰਕਾਰ ਪੈਸੇ ਦੇ ਰਹੀ ਹੈ, ਘੱਟੋ-ਘੱਟ ਉਨ੍ਹਾਂ ਪੈਸਿਆਂ ਨਾਲ ਧੀ ਦੇ ਹੱਥ ਪੀਲੇ ਸਹੁਰੇ ਘਰ ਵਾਲੇ ਹੀ ਕਰ ਦੇਣ, ਦੂਜਾ ਵਿਆਹ ਕਰਨ ਲਈ ਸਾਡੇ ਕੋਲ ਪੈਸਾ ਨਹੀਂ ਹਨ।
5 ਲੱਖ ਦੇ ਚੈੱਕ ਲੋਕਾਂ ਨੂੰ 'ਚੈੱਕ' ਕਰ ਕੇ ਦਿੱਤੇ ਜਾ ਰਹੇ ਨੇ : ਡੀ. ਸੀ.
ਜ਼ਿਲੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿਨ੍ਹਾਂ ਮ੍ਰਿਤਕ ਪਰਿਵਾਰਾਂ ਨੂੰ ਚੈੱਕ ਦਿੱਤੇ ਜਾ ਰਹੇ ਹਨ ਉਹ ਪੂਰੀ ਤਰ੍ਹਾਂ 'ਚੈੱਕ' ਕਰ ਕੇ ਹੀ ਦਿੱਤੇ ਜਾ ਰਹੇ ਹਨ, ਕਿਤੇ ਕਿਸੇ ਨੂੰ ਮੁਆਵਜ਼ਾ ਰਾਸ਼ੀ ਨੂੰ ਲੈ ਕੇ ਕਿਸੇ ਗੱਲ ਦਾ ਸ਼ੱਕ ਹੈ ਤਾਂ ਉਹ ਜ਼ਿਲਾ ਪ੍ਰਬੰਧਕੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ, ਹੈਲਪਲਾਈਨ ਨੰਬਰ ਦਿੱਤੇ ਗਏ ਹਨ।
ਸਿੱਧੂ ਦੀ ਰੇਲ ਮੰਤਰੀ ਨੂੰ ਚਿੱਠੀ, ਲਾਈਨਾਂ 'ਤੇ ਲਗਾਈ ਜਾਵੇ ਫੈਂਸਿੰਗ ਤੇ ਸੀ. ਸੀ. ਟੀ. ਵੀ ਕੈਮਰੇ
NEXT STORY