ਕਪੂਰਥਲਾ, (ਮੱਲ੍ਹੀ)- ਰੇਲ ਕੋਚ ਫੈਕਟਰੀ 'ਚ ਰੇਲ ਕੋਚਾਂ ਦੇ ਨਿਰਮਾਣ ਲਈ ਪਿਛਲੇ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਮਟੀਰੀਅਲ ਦੀ ਕਮੀ ਨੂੰ ਲੈ ਕੇ ਅੱਜ ਰੇਲ ਕਰਮਚਾਰੀਆਂ ਨੇ ਫਰਨੀਸ਼ਿੰਗ ਸ਼ਾਪ 'ਚ ਡਵੀਜ਼ਨ ਪ੍ਰਧਾਨ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਸੀ. ਡਬਲਿਊ. ਈ. ਫਰਨੀਸ਼ਿੰਗ ਤੇ ਰੇਡਿਕਾ ਦੇ ਹੋਰ ਅਧਿਕਾਰੀਆਂ ਦਾ ਘਿਰਾਓ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੇਲ ਕਰਮਚਾਰੀਆਂ ਨੇ ਕਿਹਾ ਕਿ ਮਟੀਰੀਅਲ ਦੀ ਕਮੀ ਕਾਰਨ ਜਿਥੇ ਰੇਲ ਕੋਚਾਂ ਦਾ ਉਤਪਾਦਨ ਘਟਿਆ ਹੈ ਉਥੇ ਰੇਲ ਕਰਮਚਾਰੀਆਂ ਨੂੰ ਮਿਲਣ ਵਾਲੇ ਇੰਸੈਂਟਿਵ 'ਚ ਵੀ ਕਮੀ ਆਈ ਹੈ, ਮੁਲਾਜ਼ਮਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਰੇਲ ਕੋਚ ਫੈਕਟਰੀ ਦੀ ਫਰਨੀਸ਼ਿੰਗ ਸ਼ਾਪ 'ਚ ਜਦੋਂ ਰੇਲ ਕਰਮਚਾਰੀਆਂ ਨੂੰ ਕੰਮ ਕਰਨ ਲਈ ਮਟੀਰੀਅਲ ਨਾ ਮਿਲਿਆ ਤਾਂ ਉਨ੍ਹਾਂ ਨੇ ਫਰਨੀਸ਼ਿੰਗ ਦੇ ਡਵੀਜ਼ਨ ਪ੍ਰਧਾਨ ਸ਼ਰਨਜੀਤ ਸਿੰਘ, ਤਰਲੋਚਨ ਸਿੰਘ ਤੇ ਪ੍ਰਦੀਪ ਸਿੰਘ ਦੀ ਅਗਵਾਈ ਹੇਠ ਸੀ. ਡਬਲਿਊ. ਈ. ਫਰਨੀਸ਼ਿੰਗ ਸਮੇਤ ਹੋਰ ਰੇਲ ਅਧਿਕਾਰੀਆਂ ਦਾ ਘਿਰਾਓ ਕੀਤਾ। ਦੱਸਿਆ ਜਾ ਰਿਹਾ ਹੈ ਕਿ ਆਰ. ਸੀ. ਐੱਫ. ਪ੍ਰਸ਼ਾਸਨ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਆਰ. ਸੀ. ਐੱਫ. 'ਚ ਮਟੀਰੀਅਲ ਦੀ ਕਮੀ ਨੂੰ ਦੂਰ ਨਹੀਂ ਕਰ ਰਿਹਾ ਤਾਂ ਜੋ ਰੇਡਿਕਾ ਦਾ ਉਤਪਾਦਨ ਟੀਚਾ ਘਟਾ ਕੇ ਆਮ ਲੋਕਾਂ ਦੀ ਨਜ਼ਰ 'ਚ ਰੇਡਿਕਾ ਦੇ ਕਰਮਚਾਰੀਆਂ ਨੂੰ ਵਿਹਲੇ ਤੇ ਨਿਕੰਮੇ ਸਾਬਤ ਕਰ ਕੇ ਰੇਡਿਕਾ (ਕਪੂਰਥਲਾ) ਨੂੰ ਕਾਰਪੋਰੇਟ ਦੇ ਹਵਾਲੇ ਆਸਾਨੀ ਨਾਲ ਕੀਤਾ ਜਾ ਸਕੇ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰੇਲ ਕੋਚਾਂ ਦੀਆਂ ਬੋਗੀਆ, ਹਾਰਨੈੱਸ, ਸੀਟਾਂ, ਵਾਟਰ ਟੈਂਕ ਆਦਿ ਵੱਡੀਆਂ ਆਈਟਮਾਂ ਦੇ ਨਾਲ-ਨਾਲ ਸੈਂਕੜੇ ਕਿਸਮ ਦੀਆਂ ਛੋਟੀਆਂ-ਛੋਟੀਆਂ ਆਈਟਮਾਂ ਦੀ ਘਾਟ ਕਾਰਨ ਫਰਨੀਸ਼ਿੰਗ ਸ਼ਾਪ 'ਚੋਂ ਸੈਂਕੜੇ ਰੇਲ ਕੋਚ ਆਉੂਟ ਨਹੀਂ ਹੋ ਰਹੇ। ਜਦਕਿ ਦੂਸਰੇ ਪਾਸੇ ਜਿਨ੍ਹਾਂ ਕੋਚਾਂ 'ਚ ਠੇਕੇਦਾਰਾਂ ਵੱਲੋਂ ਬਿਜਲੀ, ਬਾਇਓਟੈਕ ਫਿਟਿੰਗ, ਪਾਵਰਕਾਮ ਆਦਿ 'ਚ ਕੰਮ ਕੀਤਾ ਜਾ ਰਿਹਾ ਹੈ ਉਨ੍ਹਾਂ 'ਚ ਮਟੀਰੀਅਲ ਦਾ ਲੋੜੀਂਦਾ ਇੰਤਜ਼ਾਮ ਹੈ।
ਪ੍ਰਦਰਸ਼ਨਕਾਰੀਆਂ ਦੇ ਰੋਹ ਨੂੰ ਵੇਖਦਿਆਂ ਸੀ. ਡਬਲਿਊ. ਈ. ਫਰਨੀਸ਼ਿੰਗ ਅਧਿਕਾਰੀ ਦੇ ਮੌਕੇ ਤੋਂ ਖਿਸਕ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਰੇਡਿਕਾ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਭਲਕੇ ਕਿਸੇ ਵੀ ਸਮੇਂ ਸੀ. ਡਬਲਿਊ. ਈ. ਸਮੇਤ ਹੋਰ ਅਧਿਕਾਰੀਆਂ ਦਾ ਵੀ ਘਿਰਾਓ ਕੀਤਾ ਜਾਵੇਗਾ ਤੇ ਇਹ ਘਿਰਾਓ, ਰੋਸ ਪ੍ਰਦਰਸ਼ਨ ਓਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਰੇਡਿਕਾ ਪ੍ਰਸ਼ਾਸਨ ਰੇਲ ਡੱਬਿਆਂ ਦੇ ਨਿਰਮਾਣ ਲਈ ਲੋੜੀਂਦਾ ਮਟੀਰੀਅਲ ਮੁਹੱਈਆ ਨਹੀਂ ਕਰਵਾ ਦਿੰਦਾ।
ਪ੍ਰਦਰਸ਼ਨਕਾਰੀਆਂ 'ਚ ਵੱਖ-ਵੱਖ ਰੇਲਵੇ ਯੂਨੀਅਨ ਦੇ ਆਗੂ ਰੇਲ ਕਰਮਚਾਰੀਆਂ ਜਿਨ੍ਹਾਂ ਨਿਰਮਲ ਸਿੰਘ, ਗੁਰਜਿੰਦਰ ਸਿੰਘ, ਭਰਤ ਰਾਜ, ਸੁਨੀਲ ਕੁਮਾਰ, ਮੱਖਣ ਸਿੰਘ, ਜਗਦੀਪ ਸਿੰਘ, ਦੀਪਕ ਕੁਮਾਰ, ਬੂਟਾ ਰਾਮ, ਪਰਮਜੀਤ ਸਿੰਘ, ਜਸਪਾਲ ਸਿੰਘ, ਗੁਰਬਖਸ਼ ਸਿੰਘ, ਦਯਾ ਪ੍ਰਕਾਸ਼, ਅਸ਼ਵਨੀ ਕੁਮਾਰ, ਜਸਵੀਰ ਸਿੰਘ, ਮਨੀਸ਼ ਮਹਿਤਾ, ਮੁਕੇਸ਼ ਕੁਮਾਰ, ਬਲਜਿੰਦਰ ਸਿੰਘ ਲਾਡੀ ਤੇ ਬਾਬੂ ਲਾਲ ਆਦਿ ਹਾਜ਼ਰ ਸਨ, ਜਿਨ੍ਹਾਂ ਰੇਡਿਕਾ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਕਤ ਰੋਸ ਪ੍ਰਦਰਸ਼ਨ 'ਚ ਰੇਡਿਕਾ ਕਰਮਚਾਰੀਆਂ ਦੀਆਂ ਔਰਤਾਂ ਨੇ ਵੀ ਹੁੰਮ-ਹੁਮਾ ਕੇ ਹਿੱਸਾ ਲਿਆ।
ਮੌਜੂਦਾ ਕੌਂਸਲਰ ਦੇ ਘਰ ਜਨਤਾ ਚਿੱਕੜ 'ਚੋਂ ਲੰਘ ਕੇ ਜਾਣ ਲਈ ਮਜਬੂਰ
NEXT STORY