ਜਲਾਲਾਬਾਦ/ਮੰਡੀ ਘੁਬਾਇਆ (ਬੰਟੀ/ਕੁਲਵੰਤ) - ਧੂੰਏਂ ਤੇ ਧੁੰਦ ਦੇ ਵਾਤਾਵਰਣ ਨਾਲ਼ ਔਖੇ ਹੋਏ ਕਿਸਾਨਾਂ ਨੂੰ ਬੀਤੇ ਦਿਨ ਸ਼ੁਰੂ ਹੋਏ ਮੀਂਹ ਨੇ ਹੋਰ ਔਖਾ ਕਰ ਦਿੱਤਾ ਹੈ ਜਿਸ ਕਾਰਨ ਕਈ ਕਿਸਾਨਾਂ ਨੂੰ ਅਜੇ ਤਾਈਂ ਝੋਨੇ ਦੀ ਖੜ੍ਹੀ ਫ਼ਸਲ ਕੱਟਣੋਂ ਹੋਰ ਔਖੀ ਹੋ ਰਹੀ ਹੈ ਤੇ ਦੂਜੇ ਪਾਸੇ ਜ਼ਮੀਨ ਦਾ ਵੱਤਰ ਨਾ ਆਉਣ ਕਾਰਨ ਬੀਜਾਈ ਨਹੀਂ ਹੋ ਰਹੀ।
ਜਾਣਕਾਰੀ ਅਨੁਸਾਰ ਮੰਡੀ ਲਾਗਲੇ ਕਈ ਪਿੰਡਾਂ 'ਚ ਅਜੇ ਤੱਕ ਕਈ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਖੜ੍ਹੀਆਂ ਹਨ ਕਿਉਂਕਿ ਜ਼ਮੀਨ ਗਿੱਲੀ ਹੈ ਤੇ ਕੰਬਾਈਨ ਨਹੀਂ ਚੱਲ ਸਕਦੀ। ਇਸ ਨਾਲ਼ ਹੀ ਕਈ ਥਾਈਂ ਕਿਸਾਨਾਂ ਨੇ ਝੋਨੇ ਨੂੰ ਹੱਥਾਂ ਨਾਲ਼ ਕਟਵਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਇਹ ਜ਼ਿਆਦਾ ਮਹਿੰਗਾ ਹੋਣ ਕਾਰਨ ਕਈ ਕਿਸਾਨ ਕੰਨੀ ਕਤਰਾ ਰਹੇ ਹਨ। ਇਸੇ ਤਰ੍ਹਾਂ ਹੀ ਜਿਨ੍ਹਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਵੱਢੀ ਜਾ ਚੁੱਕੀ ਹੈ ਉਨ੍ਹਾਂ ਨੂੰ ਨਾੜ ਸਾੜਨ ਤੇ ਬਾਅਦ 'ਚ ਜ਼ਮੀਨ ਕਣਕ ਦੀ ਬੀਜਾਈ ਲਈ ਤਿਆਰ ਕਰਨ 'ਚ ਮੁਸ਼ਕਿਲ ਆ ਰਹੀ ਹੈ। ਪਰਾਲੀ ਨਾ ਸਾੜਨ ਦੇ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਕਈ ਕਿਸਾਨ ਪਰਾਲੀ ਨੂੰ ਸਾੜ ਰਹੇ ਹਨ ਪਰ ਪਰਾਲੀ ਗਿੱਲੀ ਹੋਣ ਕਾਰਨ ਸੜ ਨਹੀਂ ਰਹੀ ਤੇ ਜੇਕਰ ਪਰਾਲੀ ਨਹੀਂ ਸੜਦੀ ਤਾਂ ਕਣਕ ਦੀ ਬੀਜਾਈ ਲਈ ਖੇਤ ਤਿਆਰ ਕਰਨਾ ਬਹੁਤ ਔਖਾ ਹੈ। ਕਿਸਾਨਾਂ ਨੇ ਕਿਹਾ ਕਿ ਮੀਂਹ ਉਪਰੰਤ ਜੇ ਧੁੰਦ ਘਟਦੀ ਹੈ ਤੇ ਧੁੱਪਾਂ ਨਿਕਲਦੀਆਂ ਹਨ ਤਾਂ ਹੀ ਉਹ ਕਣਕ ਦੀ ਬੀਜਾਈ ਕਰ ਸਕਣਗੇ ਨਹੀਂ ਤਾਂ ਕਣਕ ਦੀ ਬੀਜਾਈ ਪਛੇਤੀ ਪੈ ਜਾਣ ਦਾ ਉਨ੍ਹਾਂ ਨੂੰ ਡਰ ਹੈ ਤੇ ਨਾਲ਼ ਹੀ ਕਣਕ ਦੇ ਝਾੜ ਘਟਨ ਦਾ ਵੀ।
ਦੂਜੇ ਪਾਸੇ ਇਸ ਮੀਂਹ ਨਾਲ ਆਮ ਜਨਤਾ 'ਚ ਰਾਹਤ ਪਾਈ ਜਾ ਰਹੀ ਹੈ ਕਿਉਂਕਿ ਦੀਵਾਲੀ ਤੋਂ ਬਾਅਦ ਹੀ ਧੂੰਦ ਨਾਲ ਮਿਲੇ ਜ਼ਹਿਰੀਲੇ ਤੇ ਜਾਨਲੇਵਾ ਧੂੰਏਂ ਨੇ ਕਈਆਂ ਨੂੰ ਦਮੇ ਦੀ ਬੀਮਾਰੀ ਦਾ ਸ਼ਿਕਾਰ ਬਣਾ ਦਿੱਤਾ ਸੀ ਤੇ ਜਿਨ੍ਹਾਂ ਨੂੰ ਪਹਿਲਾਂ ਹੀ ਸਾਹ ਦਮੇ ਦੀ ਬੀਮਾਰੀ ਸੀ ਉਨ੍ਹਾਂ ਲਈ ਸਾਹ ਲੈਣਾ ਵੀ
ਔਖਾ ਹੋਇਆ ਪਿਆ ਸੀ। ਦੀਵਾਲੀ 'ਤੇ ਆਤਿਸ਼ਬਾਜ਼ੀ ਤੇ ਨਾੜ ਨੂੰ ਲਾਈ ਗਈ ਅੱਗ ਨਾਲ
ਵਾਤਾਵਰਣ ਬਹੁਤ ਹੀ ਪ੍ਰਦੂਸ਼ਿਤ ਹੋ ਜਾਣ ਨਾਲ ਬੀਮਾਰੀਆਂ ਦਾ ਕਾਰਨ ਬਣ ਰਿਹਾ ਸੀ ਤੇ ਇਸ ਮੀਂਹ ਦੇ ਨਾਲ ਜਿਥੇ ਬੀਮਾਰੀਆਂ 'ਤੇ ਰੋਕ ਲੱਗੇਗੀ, ਉਥੇ ਹੀ ਪ੍ਰਦੂਸ਼ਤ ਵਾਤਾਵਰਣ ਤੋਂ ਵੀ ਜਨਤਾ ਨੂੰ ਰਾਹਤ ਮਿਲੀ ਹੈ ਤੇ ਧੂੰਦ ਵੀ ਘੱਟ ਹੋਣ ਕਾਰਨ ਦੁਰਘਟਨਾਵਾਂ 'ਤੇ ਵੀ ਲਗਾਮ ਲੱਗੇਗੀ।
ਹੁਣ ਗੂਗਲ 'ਤੇ ਮਿਲੇਗੀ ਪਬਲਿਕ ਬਾਥਰੂਮ ਦੀ ਲੋਕੇਸ਼ਨ
NEXT STORY