ਫ਼ਰੀਦਕੋਟ, (ਚਾਵਲਾ)- ਫ਼ਰੀਦਕੋਟ ਸ਼ਹਿਰ ਤੋਂ ਕਈ ਪਿੰਡਾਂ ਅਤੇ ਛਾਉਣੀ ਨੂੰ ਜਾਂਦੀ ਸਡ਼ਕ ਕਈ ਸਾਲਾਂ ਤੋਂ ਥਾਂ-ਥਾਂ ਤੋਂ ਟੁੱਟੀ ਪਈ ਹੈ। ਬਾਬਾ ਸੈਦੂ ਸ਼ਾਹ ਦੇ ਚੌਕ ਤੋਂ ਕਰੀਬ 4 ਕਿਲੋਮੀਟਰ ਸਡ਼ਕ ’ਤੇ ਡੂੰਘੇ ਟੋਏ ਪਏ ਹੋਏ ਹਨ, ਜਿਨ੍ਹਾਂ ’ਚ ਮੀਂਹ ਦਾ ਪਾਣੀ ਖਡ਼੍ਹਾ ਹੋਇਆ ਹੈ, ਜਿਸ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ।
ਪਿੰਡ ਵਾਸੀਆਂ ਰਾਜ ਪਾਲ ਸਿੰਘ, ਤਜਿੰਦਰ ਸਿੰਘ, ਬਲਜੀਤ ਸਿੰਘ, ਬਲਦੇਵ ਸਿੰਘ ਅਤੇ ਤੇਜ ਸਿੰਘ ਨੇ ਦੱਸਿਆ ਕਿ ਸਰਕਾਰ ਕੋਈ ਵੀ ਪੰਜਾਬ ’ਚ ਆਈ ਪਰ ਕਿਸੇ ਨੇ ਇਸ ਸਡ਼ਕ ਵੱਲ ਧਿਆਨ ਨਹੀਂ ਦਿੱਤਾ। ਇਸ ਸਡ਼ਕ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪ੍ਰਧਾਨ ਤੇ ਵਾਈਸ ਪ੍ਰਧਾਨ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਉਨ੍ਹਾਂ ਦੱਸਿਆ ਕਿ ਦਸਮੇਸ਼ ਨਗਰ ਅਤੇ ਜਰਮਨ ਕਾਲੋਨੀ ਦੀਅਾਂ ਨਾਲੀਆਂ ਦਾ ਗੰਦਾ ਪਾਣੀ ਨਵਾਂ ਕਿਲਾ ਦੀ ਡਰੇਨ ਵਿਚ ਨਗਰ ਕੌਂਸਲ ਵੱਲੋਂ ਸੁੱਟਿਆ ਜਾ ਰਿਹਾ ਹੈ ਪਰ ਇਸ ਨਾਲੇ ਦੀ ਸਫਾਈ ਨਾ ਹੋਣ ਕਰ ਕੇ ਨਾਲੀਅਾਂ ਗੰਦਗੀ ਨਾਲ ਭਰੀਅਾਂ ਪਈਅਾਂ ਹਨ, ਜਿਸ ਕਰ ਕੇ ਮੀਂਹ ਆਉਣ ’ਤੇ ਇਸ ਨਾਲੇ ਦਾ ਗੰਦਾ ਪਾਣੀ ਵੀ ਸਡ਼ਕ ’ਤੇ ਆ ਜਾਂਦਾ ਹੈ।
ਕੰਮੇਆਣਾ ਪਿੰਡ ਵਾਸੀਆਂ ਨੇ ਦੱਸਿਆ ਕਿ ਬਾਬਾ ਸੈਦੂ ਸ਼ਾਹ ਜੀ ਦੀ ਦਰਗਾਹ ’ਤੇ ਵੀਰਵਾਰ ਨੂੰ ਕਈ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ-ਜਾਂਦੇ ਹਨ, ਜਿਨ੍ਹਾਂ ਨੂੰ ਵੀ ਵੱਡੇ-ਵੱਡੇ ਟੋਇਆਂ ’ਚੋਂ ਲੰਘਣਾ ਪੈਂਦਾ ਹੈ। ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ, ਨਗਰ ਕੌਂਸਲ ਕੋਲਂ ਮੰਗ ਕੀਤੀ ਕਿ ਇਸ ਸਡ਼ਕ ਨੂੰ ਜਲਦ ਬਣਾਇਆ ਜਾਵੇ ਅਤੇ ਗੰਦੇ ਨਾਲੇ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੂਰ ਹੋ ਸਕਣ।
ਨਗਰ ਕੌਂਸਲ ਦੇ ਪ੍ਰਧਾਨ ਊਮਾ ਗਰੋਵਰ ਨੇ ਦੱਸਿਆ ਕਿ ਇਸ ਸਡ਼ਕ ’ਤੇ ਕੁਝ ਸਮਾਂ ਪਹਿਲਾਂ ਮਿੱਟੀ ਪਾਈ ਗਈ ਸੀ ਪਰ ਪੰਜਾਬ ਸਰਕਾਰ ਵੱਲੋਂ ਇਸ ਸਡ਼ਕ ਲਈ ਫੰਡ ਨਾ ਆਉਣ ’ਤੇ ਨਹੀਂ ਬਣ ਸਕੀ। ਫੰਡ ਆਉਣ ’ਤੇ ਹੀ ਇਸ ਸਡ਼ਕ ਦੇ ਟੈਂਡਰ ਲਾਏ ਜਾਣਗੇ। ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸ਼ਰਨਜੀਤ ਕੌਰ ਨੇ ਦੱਸਿਆ ਕਿ ਇਹ ਸਡ਼ਕ ਕੌਂਸਲ ਦੀ ਹੱਦ ਤੋਂ ਬਾਹਰ ਹੈ। ਸਫਾਈ ਸੇਵਕ ਹਡ਼ਤਾਲ ’ਤੇ ਹੋਣ ਕਰ ਕੇ ਨਾਲੇ ਦੀ ਸਫਾਈ ਨਹੀਂ ਹੋ ਸਕੀ। ਹਡ਼ਤਾਲ ਖੁੱਲ੍ਹ ਗਈ ਹੈ ਅਤੇ ਹੁਣ ਇਸ ਸਡ਼ਕ ਦੇ ਨਾਲ ਜਾਂਦੇ ਗੰਦੇ ਨਾਲਿਅਾਂ ਦੀ ਸਫਾਈ ਕਰਵਾਈ ਜਾਵੇਗੀ।
ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਹੁਣ ਮੇਰੇ ਧਿਆਨ ’ਚ ਲਿਆਂਦਾ ਹੈ ਅਤੇ ਹੁਣ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਇਸ ਸਡ਼ਕ ਨੂੰ ਜਲਦ ਬਣਾਇਆ ਜਾਵੇਗਾ ਤਾਂ ਜੋ ਕਿ ਉਨ੍ਹਾਂ ਨੂੰ ਆਉਣ-ਜਾਣ ਸਮੇਂ ਕੋਈ ਮੁਸ਼ਕਲ ਨਾ ਆਵੇ।
ਕਰਜ਼ਾ ਦਿਵਾਉਣ ਦੇ ਨਾਂ ’ਤੇ 100 ਤੋਂ ਵੱਧ ਲੋਕਾਂ ਨੂੰ ਠੱਗਿਆ
NEXT STORY