ਪਟਿਆਲਾ (ਰਾਹੁਲ) — ਨਾਭਾ ਸ਼ਹਿਰ 'ਚ ਬੀਤੀ ਰਾਤ ਤੋਂ ਹੋ ਰਹੀ ਬਾਰਿਸ਼ ਨੇ ਜਿੱਥੇ ਨਗਰ ਕਾਊਂਸਲ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ, ਉਥੇ ਹੀ ਸ਼ਹਿਰ 'ਚ ਪਾਣੀ ਖੜਨ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਤੇ ਦੁਕਾਨਦਾਰ ਆਪਣੀਆਂ ਦੁਕਾਨਾਂ 'ਚੋਂ ਪਾਣੀ ਕੱਢਦੇ ਨਜ਼ਰ ਆਏ। ਜਾਣਕਾਰੀ ਮੁਤਾਬਕ ਘਰਾਂ 'ਚ ਪਾਣੀ ਖੜਨ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਕੰਮਾਂ 'ਤੇ ਜਾਣ ਵਾਲੇ ਲੋਕਾਂ ਨੂੰ ਗੰਦੇ ਪਾਣੀ 'ਚੋਂ ਹੀ ਨਿਕਲਣ ਲਈ ਮਜ਼ਬੂਰ ਹੋਣਾ ਪਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਾਭਾ ਦੀ ਅਲਹੋਰਾ ਗੇਟ ਕਾਲੋਨੀ 'ਚ ਦੋ ਗਰੀਬ ਘਰਾਂ ਦੀਆਂ ਛੱਤਾਂ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗਰੀਬਾਂ ਲਈ ਬਣਾਈ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਨਾਭਾ ਹਲਕੇ 'ਚ 840 ਘਰਾਂ ਦੇ ਸਰਵੇ ਕੀਤੇ ਗਏ ਹਨ ਪਰ ਅਜੇ ਤਕ ਕਿਸੇ ਵੀ ਗਰੀਬ ਨੂੰ ਗਰਾਂਟ ਮੁਹੱਈਆ ਨਹੀਂ ਹੋਈ। ਜਿਸ ਕਾਰਨ ਅੱਜ ਗਰੀਬ ਲੋਕ ਬਹੁਤ ਦੁਖੀ ਹਨ।
ਇਸ ਮੌਕੇ 'ਤੇ ਪੀੜਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਦੀ ਛੱਤ ਡਿੱਗੀ ਤਾਂ ਉਹ ਕਮਰੇ 'ਚ ਸੌ ਰਿਹਾ ਸੀ ਅਤੇ ਛੱਤ ਦੀਆਂ ਇੱਟਾਂ ਉਸ ਦੀਆਂ ਲੱਤਾਂ 'ਤੇ ਡਿੱਗ ਗਈਆਂ। ਇਸ ਦੇ ਨਾਲ ਹੀ ਪੀੜਤ ਨੌਜਵਾਨ ਨੇ ਕਿਹਾ ਕਿ ਆਗੂ ਵੋਟਾਂ ਮੰਗਣ ਤਾਂ ਆ ਜਾਂਦੇ ਹਨ ਪਰ ਸੱਤਾ 'ਚ ਆਉਣ ਤੋਂ ਬਾਅਦ ਕੋਈ ਗਰੀਬਾਂ ਦੀ ਸਾਰ ਨਹੀਂ ਲੈਂਦਾ।
ਇਸ ਮੌਕੇ ਕਾਊਂਸਲਰ ਕਸ਼ਮੀਰ ਲਾਲਕਾ ਨੇ ਕਿਹਾ ਕਿ ਇਸ ਮੁਹੱਲੇ ਦੇ ਲੋਕ ਬਹੁਤ ਗਰੀਬ ਹਨ ਤੇ ਇਥੇ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਗਰੀਬ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਥੋਂ ਦੇ ਗਰੀਬ ਲੋਕਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੱਚੇ ਘਰਾਂ ਦੇ ਲਈ ਫਾਰਮ ਤਾਂ ਭਰੇ ਗਏ ਹਨ ਪਰ ਅਜੇ ਤਕ ਇਨ੍ਹਾਂ ਨੂੰ ਸਰਕਾਰ ਵਲੋਂ ਕੋਈ ਸਹਾਇਤਾ ਨਹੀਂ ਮਿਲੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਗਰੀਬ ਪਰਿਵਾਰਾਂ ਵੱਲ ਵੀ ਧਿਆਨ ਦਿੱਤਾ ਜਾਵੇ।
ਇਸ ਮੌਕੇ ਦੁਕਾਨਦਾਰ ਵਿਸ਼ਾਲ ਸੂਦ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਕਈ ਸਾਲਾ ਤੋਂ ਹੈ ਪਰ ਨਗਰ ਕਾਊਂਸਲ ਦੇ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ ਤੇ ਮੀਂਹ ਦੇ ਕਾਰਨ ਸਾਡੀਆਂ ਦੁਕਾਨਾਂ 'ਚ ਪਾਣੀ ਭਰ ਜਾਂਦਾ ਹੈ ਤੇ ਸਾਡੀ ਰੋਜ਼ੀ ਰੋਟੀ ਦੇ ਧੰਦਾ ਠੱਪ ਹੋ ਜਾਂਦਾ ਹੈ।
ਨਹੀਂ ਖੁੱਸਣ ਦੇਵਾਂਗੇ ਨਵੀਆਂ ਸਕੀਮਾਂ ਤਹਿਤ ਆਂਗਣਵਾੜੀ ਮੁਲਾਜ਼ਮਾਂ ਦਾ ਰੁਜ਼ਗਾਰ
NEXT STORY