ਬਾਘਾਪੁਰਾਣਾ (ਚਟਾਨੀ, ਮੁਨੀਸ਼) - ਸੂਬਾ ਸਰਕਾਰ ਵੱਲੋਂ 3 ਤੋਂ 6 ਸਾਲ ਤੱਕ ਦੇ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੇ ਫੈਸਲੇ ਨਾਲ ਪੰਜਾਬ ਦੀਆਂ 53 ਹਜ਼ਾਰ ਵਰਕਰਾਂ ਅਤੇ ਹੈਲਪਰਾਂ ਦੇ ਰੁਜ਼ਗਾਰ ਲਈ ਸਿੱਧੇ ਤੌਰ 'ਤੇ ਮਾਰੂ ਕਰਾਰ ਦਿੰਦਿਆਂ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਨੇ ਕਿਹਾ ਕਿ ਸਰਕਾਰ ਦੇ ਇਸ ਬੇਤਰਕ ਫੈਸਲੇ ਖਿਲਾਫ ਜਥੇਬੰਦੀ ਸਿਰ 'ਤੇ ਕਫਨ ਬੰਨ੍ਹ ਕੇ ਸੰਘਰਸ਼ ਵਿੱਢੇਗੀ। ਜਥੇਬੰਦੀ ਵੱਲੋਂ ਇਸ ਫੈਸਲੇ ਖਿਲਾਫ ਐਲਾਨੀ ਜੰਗ ਦੇ ਸੰਕੇਤ ਅੱਜ ਇਥੇ ਜ਼ਿਲਾ ਪ੍ਰਧਾਨ ਚਰਨਜੀਤ ਕੌਰ ਦੀ ਅਗਵਾਈ ਹੇਠ ਸੀ. ਡੀ. ਪੀ. ਓ. ਦਫਤਰ ਮੂਹਰੇ ਦਿੱਤੇ ਗਏ ਰੋਹ ਭਰਪੂਰ ਧਰਨੇ 'ਚ ਸਰਕਾਰ ਖਿਲਾਫ ਨਾਅਰਿਆਂ ਦੀ ਗੂੰਜ ਨਾਲ ਦਿੱਤੇ।
ਸੂਬਾ ਸਰਕਾਰ ਅਤੇ ਕੇਂਦਰੀ ਮੰਤਰੀ ਸ਼੍ਰੀਮਤੀ ਮੇਨਕਾ ਗਾਂਧੀ ਦੇ ਪੁਤਲੇ ਫੂਕਣ ਤੋਂ ਪਹਿਲਾਂ ਜੁੜੀਆਂ ਵਰਕਰਾਂ ਤੇ ਹੈਲਪਰਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਚਰਨਜੀਤ ਕੌਰ ਨੇ ਕਿਹਾ ਕਿ ਨਵੀਆਂ ਸਕੀਮਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਪ੍ਰਭਾਵਿਤ ਹੋਣ ਵਾਲੇ ਕਰਮੀਆਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਨ ਅਤੇ ਦੂਰ ਅੰਦੇਸ਼ੀ ਵਿਸ਼ਲੇਸ਼ਣ ਤੋਂ ਬਗੈਰ ਹੀ ਲਏ ਜਾ ਰਹੇ ਫੈਸਲਿਆਂ ਦਾ ਅਹਿਸਾਸ ਸੰਘਰਸ਼ਾਂ ਰਾਹੀਂ ਕਰਵਾਉਣ ਲਈ ਜਥੇਬੰਦੀ ਪੂਰਨ ਰੂਪ 'ਚ ਦਿੜ੍ਹ ਹੈ। ਪ੍ਰਭਾਵਿਤ ਹੋਣ ਵਾਲੀਆਂ ਵਰਕਰਾਂ ਤੇ ਹੈਲਪਰਾਂ ਦੇ ਰੁਜ਼ਗਾਰ ਨੂੰ ਸੁਰੱਖਿਅਤ ਰੱਖਣ ਲਈ ਹਰ ਫਰੰਟ 'ਤੇ ਸੰਘਰਸ਼ ਕਰਨ ਦਾ ਅਹੁਦਾ ਦੁਹਰਾਉਂਦਿਆਂ ਚਰਨਜੀਤ ਕੌਰ ਸਮਾਲਸਰ, ਕਰਮਜੀਤ ਕੌਰ ਘੋਲੀਆ, ਅਮਰਜੀਤ ਕੌਰ ਬਾਘਾਪੁਰਾਣਾ, ਸੁਰਿੰਦਰ ਕੌਰ, ਗੁਰਮੀਤ ਕੌਰ, ਬਲਵੀਰ ਕੌਰ, ਹਰਜਿੰਦਰ ਕੌਰ, ਹਰਪ੍ਰੀਤ ਕੌਰ, ਸੱਤਿਆ ਰਾਣੀ, ਅਮਰਜੀਤ ਕੌਰ ਅਤੇ ਗੁਰਜੀਤ ਕੌਰ ਨੇ ਗਰਜਵੀਂ ਆਵਾਜ਼ 'ਚ ਕਿਹਾ ਕਿ ਸੰਘਰਸ਼ ਦਾ ਇਹ ਆਗਾਜ਼ ਹੱਕਾਂ ਦੀ ਰਾਖੀ ਦੀ ਮੁਕੰਮਲ ਗਾਰੰਟੀ ਲਏ ਬਿਨਾਂ ਖਤਮ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ 3 ਤੋਂ 6 ਸਾਲ ਤੱਕ ਦੇ ਬੱਚਿਆਂ ਲਈ ਪ੍ਰੀ ਪ੍ਰਾਇਮਰੀ ਸਿੱਖਿਆ ਅਤੇ ਗਰਭਵਤੀ ਅਤੇ ਦੁੱਧ ਪਿਆਉਂਦੀਆਂ ਮਾਵਾਂ ਲਈ ਤਾਜ਼ਾ ਪੱਕਿਆ ਭੋਜਨ ਸਿਰਫ ਤੇ ਸਿਰਫ ਆਂਗਣਵਾੜੀ ਕੇਂਦਰਾਂ 'ਚ ਹੀ ਤਿਆਰ ਕਰਨ ਨੂੰ ਲਾਜ਼ਮੀ ਕੀਤਾ ਜਾਵੇ।
ਮੋਹਾਲੀ 'ਚ ਵਾਪਰੀ ਵੱਡੀ ਵਾਰਦਾਤ, ਸੀਨੀਅਰ ਪੱਤਰਕਾਰ ਸਮੇਤ ਮਾਂ ਦਾ ਬੇਰਹਿਮੀ ਨਾਲ ਕਤਲ (ਤਸਵੀਰਾਂ)
NEXT STORY