ਜਲੰਧਰ (ਚੋਪੜਾ) - ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੇ ਕੈਬਨਿਟ ਮੰਤਰੀ ਬਣੇ ਅਤੇ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਦਿੱਤਾ ਗਿਆ ਹੈ। ਅਜਿਹੇ ਸਟੇਟਸ ਕਲ ਰਾਤ ਤੋਂ ਹੀ ਸੋਸ਼ਲ ਮੀਡੀਆ 'ਚ ਖੂਬ ਜ਼ੋਰ-ਸ਼ੋਰ ਨਾਲ ਵਾਇਰਲ ਹੋਏ। ਅਜਿਹੀਆਂ ਖਬਰਾਂ ਆਉਂਦਿਆਂ ਹੀ ਯੂਥ ਕਾਂਗਰਸ ਦੇ ਕੌਮਾਂਤਰੀ ਅਤੇ ਸੂਬਾ ਪੱਧਰ ਦੇ ਨੇਤਾਵਾਂ 'ਚ ਰਾਜਾ ਵੜਿੰਗ ਨੂੰ ਵਧਾਈਆਂ ਦੇਣ ਦੀ ਹੋੜ ਜਿਹੀ ਲੱਗ ਗਈ। ਯੂਥ ਕਾਂਗਰਸ ਨੇਤਾਵਾਂ ਨੇ ਫੇਸਬੁੱਕ, ਵਟਸਐਪ ਅਤੇ ਟਵਿਟਰ 'ਤੇ ਸੈਂਕੜਿਆਂ ਦੀ ਗਿਣਤੀ 'ਚ ਸਟੇਟਸ ਅਪਲੋਡ ਕਰਕੇ ਆਪਣੇ ਚਹੇਤੇ ਨੇਤਾਵਾਂ ਨੂੰ ਵਧਾਈਆਂ ਦਿੱਤੀਆਂ। ਕੈਬਨਿਟ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਬਣਨ ਦੀਆਂ ਖਬਰਾਂ ਸਿਆਸੀ ਗਲਿਆਰਿਆਂ 'ਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈਆਂ, ਜਿਸ ਤੋਂ ਬਾਅਦ ਸਾਰੇ ਹੈਰਾਨੀ 'ਚ ਦਿਖਾਈ ਦਿੱਤੇ ਕਿ ਰਾਜਾ ਵੜਿੰਗ ਨੂੰ ਤਾਂ ਅਜੇ ਮੰਤਰੀ ਅਹੁਦੇ ਦੀ ਸਹੁੰ ਵੀ ਨਹੀਂ ਦਿਵਾਈ ਗਈ ਤਾਂ ਉਨ੍ਹਾਂ ਨੂੰ ਟਰਾਂਸਪੋਰਟ ਵਰਗਾ ਵਿਭਾਗ ਕਿਵੇਂ ਮਿਲ ਗਿਆ। ਅਜਿਹੇ 'ਚ ਅੰਦਾਜ਼ਾ ਲਾਇਆ ਜਾਣ ਲੱਗਾ ਕਿ ਸ਼ਾਇਦ ਆਲ ਇੰਡੀਆ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਦਰਮਿਆਨ ਪਿਛਲੇ ਦਿਨੀਂ ਹੋਈ ਮੁਲਾਕਾਤ ਦੌਰਾਨ ਰਾਜਾ ਵੜਿੰਗ ਦੇ ਨਾਂ ਨੂੰ ਹਰੀ ਝੰਡੀ ਮਿਲ ਗਈ ਹੈ ਅਤੇ ਹੋ ਸਕਦਾ ਹੈ ਕਿ ਇਸ ਦੌਰਾਨ ਰਾਹੁਲ ਨੇ ਕੈਪਟਨ ਨੂੰ ਰਾਜਾ ਵੜਿੰਗ ਦੀ ਪਸੰਦ ਦਾ ਵਿਭਾਗ ਵੀ ਦੇਣ ਦੇ ਸੰਕੇਤ ਦਿੱਤੇ ਹੋਣ। ਇਹੀ ਕਾਰਨ ਸੀ ਕਿ ਅੱਜ ਸਾਰਾ ਦਿਨ ਦਿੱਲੀ ਅਤੇ ਪੰਜਾਬ ਦਰਬਾਰ 'ਚ ਖਾਸਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਥੋਂ ਤਕ ਪੰਜਾਬ ਦੇ ਕੁਝ ਕਾਂਗਰਸੀ ਵਿਧਾਇਕ ਵੀ ਇਸ ਹੋੜ 'ਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੇ ਵੀ ਆਪਣੀ ਫੇਸਬੁੱਕ ਵਾਲ 'ਤੇ ਰਾਜਾ ਵੜਿੰਗ ਸੰਬੰਧੀ ਸਟੇਟਸ ਅਪਲੋਡ ਕਰਕੇ ਇਸ ਫੈਸਲੇ ਸੰਬੰਧੀ ਜਾਣਕਾਰੀ ਦਿੱਤੀ, ਜਿਸ 'ਤੇ ਵੱਡੀ ਗਿਣਤੀ 'ਚ ਲਾਈਕ ਅਤੇ ਕੁਮੈਂਟ ਵੀ ਆਏ ਪਰ ਬਾਅਦ 'ਚ ਕੁਝ ਸਥਿਤੀ ਸਪੱਸ਼ਟ ਹੋਣ 'ਤੇ ਉਕਤ ਸਟੇਟਸ ਨੂੰ ਡਲੀਟ ਕਰਨ 'ਚ ਹੀ ਬਿਹਤਰੀ ਸਮਝੀ। ਹੁਣ ਰਾਜਾ ਵੜਿੰਗ ਕਦੋਂ ਕੈਪਟਨ ਅਮਰਿੰਦਰ ਸਿੰਘ ਦੀ ਕਿਚਨ ਕੈਬਨਿਟ 'ਚ ਸ਼ਾਮਲ ਹੁੰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਕੈਬਨਿਟ ਮੰਤਰੀ ਬਣਨ ਸੰਬੰਧੀ ਵਾਇਰਲ ਗੱਲਾਂ ਕੋਰੀਆਂ ਅਫਵਾਹਾਂ : ਰਾਜਾ ਵੜਿੰਗ
ਇਸ ਸਬੰਧ 'ਚ ਰਾਜਾ ਵੜਿੰਗ ਨੇ ਦੱਸਿਆ ਕਿ ਅੱਜ ਆਲ ਇੰਡੀਆ ਯੂਥ ਕਾਂਗਰਸ ਦਿੱਲੀ 'ਚ ਕੇਂਦਰ ਸਰਕਾਰ ਵਿਰੁੱਧ ਇਕ ਵੱਡਾ ਪ੍ਰਦਰਸ਼ਨ ਕਰ ਰਹੀ ਹੈ, ਜਿਸ ਕਾਰਨ ਉਹ ਰੁੱਝੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਅਜਿਹੇ ਸਟੇਟਸ ਦਾ ਪਤਾ ਲੱਗਾ ਹੈ ਪਰ ਉਨ੍ਹਾਂ ਦੇ ਕੈਬਨਿਟ ਮੰਤਰੀ ਬਣਨ ਸੰਬੰਧੀ ਸਾਰੀਆਂ ਗੱਲਾਂ ਕੋਰੀਆਂ ਅਫਵਾਹਾਂ ਹਨ। ਰਾਜਾ ਵੜਿੰਗ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ 'ਚ ਕਿਸ ਵਿਧਾਇਕ ਨੂੰ ਸ਼ਾਮਲ ਕਰਨਾ ਹੈ ਅਤੇ ਕਿਸ ਨੂੰ ਨਹੀਂ ਅਤੇ ਕਿਸ ਨੂੰ ਕਿਹੜਾ ਵਿਭਾਗ ਸੌਂਪਣਾ ਹੈ, ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਅਜਿਹੀ ਮਨਘੜਤ ਖਬਰ ਕਿਵੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਕੈਪਟਨ ਅਮਰਿੰਦਰ ਸਿੰਘ ਜੇਕਰ ਉਨ੍ਹਾਂ ਨੂੰ ਕੈਬਨਿਟ 'ਚ ਸ਼ਾਮਲ ਕਰਕੇ ਕੋਈ ਜ਼ਿੰਮੇਵਾਰੀ ਸੌਂਪਦੇ ਹਨ ਤਾਂ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੋਵੇਗੀ।
10 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਡਰਾਈਵਰ ਤੇ ਕੰਡਕਟਰ ਗ੍ਰਿਫ਼ਤਾਰ
NEXT STORY