ਚੰਡੀਗੜ੍ਹ (ਲਲਨ) : ਭੈਣਾਂ ਦਾ ਪਿਆਰ ਭਾਵ ਰੱਖੜੀ ਨੂੰ ਭਰਾਵਾਂ ਤੱਕ ਪਹੁੰਚਾਉਣ ਲਈ ਡਾਕਖਾਨਾ 18 ਅਗਸਤ ਐਤਵਾਰ ਨੂੰ ਵੀ ਖੁੱਲ੍ਹਾ ਰਹੇਗਾ। ਡਾਕਖਾਨੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੱਖੜੀ ਦਾ ਤਿਉਹਾਰ 19 ਅਗਸਤ ਸੋਮਵਾਰ ਨੂੰ ਹੈ। ਇਸ ਲਈ ਭੈਣਾਂ ਵੱਲੋਂ ਭੇਜੀ ਗਈ ਰੱਖੜੀ ਭਰਾਵਾਂ ਦੇ ਗੁੱਟ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਸ਼ਹਿਰ ਦੇ ਸਾਰੇ ਡਾਕਘਰਾਂ ’ਚ ਵਾਟਰ ਪਰੂਫ਼ ਲਿਫ਼ਾਫ਼ੇ ਅਤੇ ਬਾਕਸ ਉਪਲੱਬਧ ਹਨ। ਇਨ੍ਹਾਂ ਲਈ ਵੱਖ-ਵੱਖ ਚਾਰਜ ਤੈਅ ਕੀਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਸਾਰੇ ਡਾਕਘਰਾਂ ਵਿਚ ਰੱਖੜੀ ਲਈ ਵੱਖਰੇ ਕਾਊਂਟਰ ਬਣਾਏ ਗਏ ਹਨ।
ਦੋ ਤਰ੍ਹਾਂ ਦੇ ਵਾਟਰ ਪਰੂਫ਼ ਲਿਫ਼ਾਫ਼ੇ ਉਪਲੱਬਧ
ਡਾਕ ਵਿਭਾਗ ਵੱਲੋਂ ਰੱਖੜੀ ਭੇਜਣ ਲਈ ਦੋ ਤਰ੍ਹਾਂ ਦੇ ਵਾਟਰ ਪਰੂਫ਼ ਲਿਫ਼ਾਫ਼ੇ ਉਪਲੱਬਧ ਹਨ, ਜਿਨਾਂ ਦੀ ਕੀਮਤ ਵੱਖੋ-ਵੱਖਰੀ ਹੈ। ਇਸ ਦੇ ਨਾਲ ਡੱਬੇ ਵੀ ਉਪਲੱਬਧ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਟਰ ਪਰੂਫ਼ ਲਿਫ਼ਾਫ਼ੇ ਇਸ ਲਈ ਉਪਲੱਬਧ ਕਰਵਾਏ ਗਏ ਹਨ ਤਾਂ ਜੋ ਜੇਕਰ ਸਾਉਣ ਦੇ ਮਹੀਨੇ ’ਚ ਜ਼ਿਆਦਾ ਬਾਰਸ਼ ਹੁੰਦੀ ਹੈ ਤਾਂ ਜੋ ਰੱਖੜੀ ਗਿੱਲੀ ਨਾ ਹੋਵੇ। ਛੋਟੇ ਲਿਫ਼ਾਫ਼ੇ ਦੀ 15 ਰੁਪਏ, ਵੱਡੇ ਲਿਫ਼ਾਫ਼ੇ ਦੀ 25 ਰੁਪਏ ਅਤੇ ਬਾਕਸ ਦੀ ਕੀਮਤ 50 ਰੁਪਏ ਰੱਖੀ ਗਈ ਹੈ।
ਸੈਕਟਰ-17 ਦੇ ਡਾਕਘਰ ਤੋਂ ਰੋਜ਼ਾਨਾ ਭੇਜੀਆਂ ਜਾ ਰਹੀਆਂ 300 ਤੋਂ ਵੱਧ ਰੱਖੜੀਆਂ
ਡਾਕਘਰ ਸੈਕਟਰ-17 ਤੋਂ ਰੋਜ਼ਾਨਾ 300 ਤੋਂ ਵੱਧ ਰੱਖੜੀਆਂ ਭੇਜੀਆਂ ਜਾ ਰਹੀਆਂ ਹਨ। ਹਰ ਰੋਜ਼ 50 ਦੇ ਕਰੀਬ ਛੋਟੇ ਤੇ ਵੱਡੇ ਵਾਟਰ ਪਰੂਫ਼ ਲਿਫ਼ਾਫ਼ੇ ਅਤੇ 50 ਦੇ ਕਰੀਬ ਬੋਕਸ ਪਾਰਸਲ ਹੋ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਝ ਲੋਕ ਬਾਹਰੋਂ ਹੀ ਪੈਕਿੰਗ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਅਤੇ ਆਸਟ੍ਰੇਲੀਆ ਦੇ ਲਈ ਜ਼ਿਆਦਾ ਰੱਖੜੀਆਂ ਭੇਜੀਆਂ ਜਾ ਰਹੀਆਂ ਹਨ।
ਸਪੀਡ ਪੋਸਟ ਰਾਹੀਂ ਨਾਰਥ ਜ਼ੋਨ ’ਚ 48 ਘੰਟਿਆਂ ’ਚ ਪਹੁੰਚਦੀ ਹੈ ਰੱਖੜੀ
ਸਪੀਡ ਪੋਸਟ ਰਾਹੀਂ ਭੇਜੀ ਗਈ ਰੱਖੜੀ 48 ਘੰਟਿਆਂ ਦੇ ਅੰਦਰ ਪਹੁੰਚਾਈ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਨੋਰਥ ਜ਼ੋਨ ਜਿਵੇਂ ਹਿਮਾਚਲ, ਪੰਜਾਬ, ਦਿੱਲੀ, ਜੰਮੂ-ਕਸ਼ਮੀਰ ਅਤੇ ਹਰਿਆਣਾ ’ਚ 48 ਘੰਟਿਆਂ ਦੇ ਅੰਦਰ ਪਾਰਸਲ ਪਹੁੰਚਾਏ ਜਾ ਰਹੇ ਹਨ, ਜਦੋਂ ਕਿ ਦੱਖਣੀ ਭਾਰਤ ਅਤੇ ਉੱਤਰ ਪ੍ਰਦੇਸ਼, ਬਿਹਾਰ, ਅਸਾਮ ਆਦਿ ਰਾਜਾਂ ਵਿਚ 72 ਘੰਟੇ ’ਚ ਪਹੁੰਚਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਪੰਜਾਬ 'ਚ ਵੀ ਦਿੱਲੀ ਕੋਚਿੰਗ ਹਾਦਸੇ ਵਰਗਾ ਖ਼ਤਰਾ! ਜਾਣੋ ਕੀ ਹੈ ਪੂਰਾ ਮਾਮਲਾ
NEXT STORY