ਚੰਡੀਗੜ੍ਹ : ਰੋਹਤਕ ਦੀ ਸੁਨਾਰੀਆ ਜੇਲ 'ਚ ਸਰੀਰਕ ਸ਼ੋਸ਼ਣ ਦੇ ਮਾਮਲੇ 'ਚ 20 ਸਾਲਾਂ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਦਾ ਜੇਲ 'ਚ 10 ਕਿਲੋ ਭਾਰ ਘਟ ਗਿਆ ਹੈ। ਸੂਤਰਾਂ ਮੁਤਾਬਕ ਰਾਮ ਰਹੀਮ ਜਦੋਂ ਜੇਲ ਆਇਆ ਸੀ ਤਾਂ ਉਸ ਦਾ ਭਾਰ ਕਰੀਬ 105 ਕਿਲੋ ਤੋਂ ਥੋੜ੍ਹਾ ਜ਼ਿਆਦਾ ਸੀ ਪਰ ਹੁਣ ਕਰੀਬ 95 ਕਿਲੋ ਰਹਿ ਗਿਆ ਹੈ। ਉਸ ਦਾ ਚਿਹਰਾ ਕਾਲਾ ਪੈਣ ਲੱਗ ਗਿਆ ਹੈ ਅਤੇ ਇਸ ਦੇ ਨਾਲ ਹੀ ਦਾੜ੍ਹੀ ਸਫੈਦ ਹੋਣੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਰਾਮ ਰਹੀਮ ਨਹਾਉਣ ਲਈ ਗਰਮ ਪਾਣੀ ਨਾ ਮਿਲਣ ਕਾਰਨ ਵੀ ਕਾਫੀ ਪਰੇਸ਼ਾਨ ਹੋ ਰਿਹਾ ਹੈ। ਰਾਮ ਰਹੀਮ ਆਪਣਾ ਜ਼ਿਆਦਾਤਰ ਸਮਾਂ ਸੈਰ ਕਰਨ ਅਤੇ ਉਸ ਵਲੋਂ ਜੇਲ 'ਚ ਉਗਾਈਆਂ ਸਬਜ਼ੀਆਂ ਦੀ ਦੇਖ-ਰੇਖ 'ਚ ਲਾਉਂਦਾ ਹੈ। ਜੇਲ 'ਚ ਉਹ ਜ਼ਿਆਦਾਤਰ ਮਾਯੂਸ ਨਜ਼ਰ ਆਉਂਦਾ ਹੈ ਪਰ ਜਦੋਂ ਤੋਂ ਆਰੂਸ਼ੀ ਕਤਲਕਾਂਡ 'ਚ ਤਲਵਾੜ ਜੋੜੇ ਦੀ ਸਜ਼ਾ ਮੁਆਫ ਹੋਣ ਦੀ ਖਬਰ ਰਾਮ ਰਹੀਮ ਨੂੰ ਆਪਣੇ ਪਰਿਵਾਰ ਤੇ ਵਕੀਲਾਂ ਰਾਹੀਂ ਮਿਲੀ ਹੈ ਤਾਂ ਉਸ ਦੇ ਚਿਹਰੇ 'ਤੇ ਥੋੜ੍ਹੀ ਰਾਹਤ ਜ਼ਰੂਰ ਦੇਖੀ ਗਈ ਹੈ। ਉਸ ਨੇ ਆਪਣੇ ਵਕੀਲਾਂ ਤੇ ਪਰਿਵਾਰ ਵਾਲਿਆਂ ਨੂੰ ਹਰ ਸੰਭਵ ਕਾਨੂੰਨੀ ਪ੍ਰਕਿਰਿਆ ਅਪਣਾ ਕੇ ਉਸ ਨੂੰ ਜਲਦ ਉਪਰਲੀ ਅਦਾਲਤ ਤੋਂ ਰਾਹਤ ਦਿਵਾਉਣ ਲਈ ਕਿਹਾ ਹੈ। ਸੂਤਰਾਂ ਮੁਤਾਬਕ ਰਾਮ ਰਹੀਮ ਜੇਲ ਦੀ ਕੰਟੀਨ ਤੋਂ 6 ਹਜ਼ਾਰ ਰੁਪਏ ਮਹੀਨੇ ਦੀ ਖਰੀਦਦਾਰੀ ਦੀ ਸਾਰੇ ਕੈਦੀਆਂ ਨੂੰ ਮਿਲਣ ਵਾਲੀ ਸਹੂਲਤ ਦਾ ਪੂਰਾ ਫਾਇਦਾ ਚੁੱਕਦਾ ਹੈ। ਇਸ ਦੇ ਨਾਲ ਹੀ ਉਹ ਕੰਟੀਨ ਤੋਂ ਸੇਬ, ਕੇਲੇ, ਦੁੱਧ, ਦਹੀਂ, ਸ਼ੈਂਪੂ ਅਤੇ ਤੇਲ ਆਦਿ ਖਰੀਦਦਾ ਹੈ। ਹੁਣ ਠੰਡੇ ਪਾਣੀ ਨਾਲ ਨਹਾਉਣ 'ਚ ਰਾਮ ਰਹੀਮ ਨੂੰ ਕਾਫੀ ਪਰੇਸ਼ਾਨੀ ਮਹਿਸੂਸ ਹੋ ਰਹੀ ਹੈ ਅਤੇ ਉਸ ਨੇ ਗਰਮ ਪਾਣੀ ਦਿੱਤੇ ਜਾਣ ਦੀ ਮੰਗ ਕੀਤੀ ਹੈ, ਜਿਸ ਨੂੰ ਇਹ ਕਹਿ ਕੇ ਨਕਾਰ ਦਿੱਤਾ ਗਿਆ ਹੈ ਕਿ ਜੋ ਸਹੂਲਤਾਂ ਦੂਜੇ ਕੈਦੀਆਂ ਨੂੰ ਜੇਲ ਨਿਮਾਂ ਮੁਤਾਬਕ ਮੁਹੱਈਆ ਹਨ, ਉਹੀ ਉਸ ਨੂੰ ਮਿਲ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਮਰੀਜ਼ ਹੋਣ ਕਾਰਨ ਉਸ ਦੀ ਰੋਜ਼ਾਨਾ ਜਾਂਚ ਹੋ ਰਹੀ ਹੈ ਅਤੇ ਉਸ ਨੂੰ ਲਗਾਤਾਰ ਦਵਾਈ ਦਿੱਤੀ ਜਾ ਰਹੀ ਹੈ।
ਤਲਾਕ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਮਹਿਲਾ ਦਾ ਸਾਮਾਨ ਖੁਰਦ-ਬੁਰਦ ਕਰਨ ਵਾਲਿਆਂ ਖਿਲਾਫ ਕੇਸ ਦਰਜ
NEXT STORY