ਰਮਦਾਸ, (ਸਾਰੰਗਲ)- ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਕੁਝ ਹੀ ਕਿਲੋਮੀਟਰ ਦੂਰ ਵਸੇ ਸਰਹੱਦੀ ਤੇ ਇਤਿਹਾਸਕ ਕਸਬਾ ਰਮਦਾਸ ਜੋ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਅਤੇ ਇਥੇ ਹਰ ਸਾਲ ਸਰਾਧਾਂ ਦੀ ਚੌਥ ਦਾ ਮੇਲਾ ਵੀ ਲੱਗਦਾ ਹੈ, ਵਿਖੇ ਬਣਿਆ ਰੇਲਵੇ ਸਟੇਸ਼ਨ ਹਮੇਸ਼ਾ ਰੇਲਵੇ ਵਿਭਾਗ ਅਤੇ ਸਮੇਂ-ਸਮੇਂ ਦੀਆਂ ਕੇਂਦਰ ਵਿਚ ਸੱਤਾ 'ਤੇ ਕਾਬਜ਼ ਹੋਈਆਂ ਕਾਂਗਰਸ ਪਾਰਟੀ ਅਤੇ ਐੱਨ. ਡੀ. ਏ. ਦੀਆਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਾ ਤਾਂ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਨਾ ਹੀ ਰੇਲ ਮੰਤਰੀ ਵੱਲੋਂ ਇਸ ਦੀ ਸਾਰ ਲਈ ਗਈ, ਜਿਸ ਕਰ ਕੇ ਅੱਜ ਇਹ ਰੇਲਵੇ ਸਟੇਸ਼ਨ ਸਿਰਫ ਨਾਂ ਦਾ ਹੀ ਰੇਲਵੇ ਸਟੇਸ਼ਨ ਬਣ ਕੇ ਰਹਿ ਗਿਆ ਹੈ ਕਿਉਂਕਿ ਇਸ ਰੇਲਵੇ ਸਟੇਸ਼ਨ 'ਤੇ ਸਭ ਨਾਲੋਂ ਵੱਧ ਮੁਸ਼ਕਲ ਮੁਸਾਫਿਰਾਂ ਨੂੰ ਉਸ ਵੇਲੇ ਪੇਸ਼ ਆਉਂਦੀ ਹੈ ਜਦੋਂ ਇਸ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ ਆਉਣ 'ਤੇ ਉਨ੍ਹਾਂ ਨੂੰ ਰੇਲ ਗੱਡੀ 'ਤੇ ਚੜ੍ਹਨ ਅਤੇ ਉਤਰਨ ਲਈ ਰੇਲਵੇ ਟ੍ਰੈਕ 'ਤੇ ਖੜ੍ਹਾ ਹੋਣਾ ਪੈਂਦਾ ਹੈ ਕਿਉਂਕਿ ਇਥੇ ਪਲੇਟਫਾਰਮ ਤੱਕ ਨਹੀਂ ਹੈ, ਜਿਥੇ ਖੜ੍ਹੇ ਹੋ ਕੇ ਯਾਤਰੀ ਰੇਲ ਗੱਡੀ ਦਾ ਇੰਤਜ਼ਾਰ ਕਰ ਸਕਣ।
ਜ਼ਿਕਰਯੋਗ ਹੈ ਕਿ ਅੱਜ ਚਾਹੇ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ 70 ਵਰ੍ਹੇ ਹੋ ਚੁੱਕੇ ਹਨ ਪਰ ਰਮਦਾਸ ਰੇਲਵੇ ਸਟੇਸ਼ਨ ਨੂੰ ਹਮੇਸ਼ਾ ਅਣਗੌਲਿਆਂ ਕੀਤਾ ਗਿਆ ਹੈ। ਯਾਦ ਰਹੇ ਕਿ 1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਚੱਲ ਕੇ ਰਮਦਾਸ ਰੇਲਵੇ ਸਟੇਸ਼ਨ ਰਾਹੀਂ ਰੇਲ ਗੱਡੀ ਪਾਕਿਸਤਾਨ ਦੇ ਸ਼ਹਿਰ ਨਾਰੋਵਾਲ ਤੱਕ ਜਾਂਦੀ ਸੀ ਅਤੇ ਜਦੋਂ ਬਾਅਦ ਵਿਚ ਭਾਰਤ-ਪਾਕਿ ਦੀ ਵੰਡ ਹੋਈ ਤਾਂ ਇਹ ਰੇਲ ਗੱਡੀ ਦਾ ਸਟਾਪੇਜ ਡੇਰਾ ਬਾਬਾ ਨਾਨਕ ਤੱਕ ਸੀਮਤ ਹੋ ਕੇ ਰਹਿ ਗਿਆ। ਹੋਰ ਤਾਂ ਹੋਰ ਇਥੋਂ ਰੇਲ ਗੱਡੀ ਦਿਨ ਵਿਚ 4 ਟਾਈਮ ਚੱਲਦੀ ਆ ਰਹੀ ਹੈ ਪਰ ਇਸ ਦੇ ਬਾਵਜੂਦ ਰਮਦਾਸ ਸਟੇਸ਼ਨ ਤੋਂ ਮੁਸਾਫਿਰਾਂ ਲਈ ਰੇਲਵੇ ਵਿਭਾਗ ਵੱਲੋਂ ਪਲੇਟਫਾਰਮ ਮੁਹੱਈਆ ਨਾ ਕਰਵਾਇਆ ਜਾਣਾ ਬਹੁਤ ਹੀ ਮੰਦਭਾਗੀ ਗੱਲ ਹੈ, ਜਦਕਿ ਇਥੋਂ ਦੇ ਲੋਕਾਂ ਨੇ ਸਿਆਸੀ ਪਹੁੰਚ ਰੱਖਣ ਵਾਲੇ ਅਧਿਕਾਰੀਆਂ ਨੂੰ ਵੀ ਇਸ ਸਟੇਸ਼ਨ ਸਬੰਧੀ ਆਪਣੀਆਂ ਪ੍ਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ ਸੀ, ਜਿਸ 'ਤੇ ਕੁਝ ਅਧਿਕਾਰੀਆਂ ਨੇ ਇਥੇ ਪਲੇਟਫਾਰਮ ਬਣਵਾਉਣ ਦਾ ਐਲਾਨ ਵੀ ਕੀਤਾ ਸੀ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਇਸ ਸਟੇਸ਼ਨ 'ਤੇ ਪਲੇਟਫਾਰਮ ਮੁਹੱਈਆ ਨਹੀਂ ਕਰਵਾਇਆ ਅਤੇ ਨਾ ਹੀ ਇਸ ਰੇਲਵੇ ਵਿਭਾਗ ਨੇ ਇਥੇ ਕੋਈ ਅਜਿਹੀ ਸਹੂਲਤ ਮੁਹੱਈਆ ਕਰਵਾਈ, ਜਿਸ ਨਾਲ ਮੁਸਾਫਿਰਾਂ ਨੂੰ ਰਾਹਤ ਮਿਲ ਸਕੇ।
ਕਿਹੜੀਆਂ ਕਮੀਆਂ ਨਾਲ ਜੂਝ ਰਿਹੈ ਰੇਲਵੇ ਸਟੇਸ਼ਨ?
1. ਸਭ ਤੋਂ ਪਹਿਲਾਂ ਇਥੇ ਮੁਸਾਫਿਰਾਂ ਦੇ ਚੜ੍ਹਨ ਤੇ ਉਤਰਨ ਲਈ ਕੋਈ ਪਲੇਟਫਾਰਮ ਨਹੀਂ ਹੈ।
2. ਇਥੇ ਬਣੇ ਬਾਥਰੂਮਾਂ ਦੀ ਹਾਲਤ ਖਸਤਾ ਹੈ, ਨਾ ਹੀ ਬਾਥਰੂਮਾਂ ਦੇ ਬਾਹਰ ਲਿਖਿਆ ਹੈ ਕਿ ਇਹ ਬਾਥਰੂਮ ਮਰਦਾਨਾ ਹੈ ਜਾਂ ਜਨਾਨਾ।
3. ਸਿਆਸੀ ਆਗੂਆਂ ਤੇ ਅਧਿਕਾਰੀਆਂ ਦੀ ਬੇਰੁਖੀ ਦਾ ਸ਼ਿਕਾਰ ਹੋਇਆ ਪਿਆ ਹੈ।
4. ਪੀਣ ਵਾਲਾ ਸਾਫ ਪਾਣੀ ਯਾਤਰੀਆਂ ਨੂੰ ਨਸੀਬ ਤੱਕ ਨਹੀਂ ਹੋ ਰਿਹਾ।
5. ਸਹੂਲਤਾਂ ਦੀ ਘਾਟ ਕਾਰਨ ਬਜ਼ੁਰਗਾਂ, ਔਰਤਾਂ ਤੇ ਅੰਗਹੀਣਾਂ ਲਈ ਬਣਿਆ ਸਿਰਦਰਦੀ।
ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਮਿਲਾਂਗਾ : ਹਰਪ੍ਰਤਾਪ
ਉਕਤ ਮਾਮਲੇ ਸਬੰਧੀ ਜਦੋਂ ਹਲਕਾ ਵਿਧਾਇਕ ਅਜਨਾਲਾ ਹਰਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਮਦਾਸ ਰੇਲਵੇ ਸਟੇਸ਼ਨ ਦਾ ਮਸਲਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਦੌਰਾ ਕੀਤੇ ਜਾਣ ਉਪਰੰਤ ਹੀ ਹੱਲ ਕਰਵਾ ਦਿੱਤਾ ਜਾਵੇਗਾ ਤੇ ਉਹ ਵੀ ਖੁਦ ਇਸ ਸਬੰਧੀ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲਣਗੇ।
ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ 'ਚ ਰੋਜ਼ਾਨਾ ਉਤਾਰ-ਚੜ੍ਹਾਅ ਤੋਂ ਟਰਾਂਸਪੋਰਟਰ ਪ੍ਰੇਸ਼ਾਨ
NEXT STORY