ਜਲੰਧਰ (ਧਵਨ) - ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ 'ਚ ਰੋਜ਼ਾਨਾ ਉਤਾਰ-ਚੜ੍ਹਾਅ ਤੋਂ ਟਰਾਂਸਪੋਰਟਰ ਪ੍ਰੇਸ਼ਾਨ ਹਨ। ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ 'ਚ ਰੋਜ਼ਾਨਾ ਫੇਰਬਦਲ ਹੋਣ ਨਾਲ ਟਰਾਂਸਪੋਰਟਰ ਇਹ ਅਨੁਮਾਨ ਲਾਉਣ 'ਚ ਅਸਫਲ ਰਹੇ ਹਨ ਕਿ ਉਨ੍ਹਾਂ ਕਿੰਨਾ ਮਾਲ-ਭਾੜਾ ਵਸੂਲ ਕਰਨਾ ਹੈ। ਅਜੇ ਉਨ੍ਹਾਂ ਨੂੰ ਹਰ ਹਫਤੇ ਮਾਲ-ਭਾੜੇ ਨੂੰ ਲੈ ਕੇ ਅੰਦਾਜ਼ਾ ਲਾਉਣਾ ਪੈਂਦਾ ਹੈ। ਪਿਛਲੇ ਸਾਲ 16 ਜੂਨ ਤਕ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਇਕ ਮਿਆਦ 'ਚ ਹੀ ਤੈਅ ਹੁੰਦੀਆਂ ਸਨ। 1 ਜੂਨ 2017 ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ 'ਚ ਲੱਗਭਗ 5 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਚੁੱਕਾ ਹੈ। 1 ਜੂਨ ਨੂੰ ਡੀਜ਼ਲ ਦੀ ਕੀਮਤ ਰਾਜਧਾਨੀ ਦਿੱਲੀ 'ਚ 57.13 ਰੁਪਏ ਪ੍ਰਤੀ ਲਿਟਰ ਹੁੰਦੀ ਸੀ ਪਰ ਹੁਣ ਇਹ ਕੀਮਤ ਵਧ ਕੇ 62 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਚੁੱਕੀ ਹੈ।
ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਬਾਲ ਮਲਕੀਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ 'ਚ ਫੇਰ-ਬਦਲ ਅਰਥਵਿਵਸਥਾ ਅਤੇ ਸਾਡੇ ਸਮਾਜ ਲਈ ਵੀ ਸਹੀ ਨਹੀਂ ਹੈ। ਕੱਚੇ ਤੇਲ ਦੀ ਕੀਮਤ 68.51 ਡਾਲਰ ਪ੍ਰਤੀ ਬੈਰਲ ਚੱਲ ਰਹੀ ਹੈ ਤਾਂ ਡੀਜ਼ਲ ਦੀ ਕੀਮਤ 62.25 ਰੁਪਏ ਪ੍ਰਤੀ ਲਿਟਰ ਹੋ ਚੁੱਕੀ ਹੈ। ਇਸ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ 'ਚ ਜ਼ਮੀਨ-ਆਸਮਾਨ ਦਾ ਫਰਕ ਆ ਚੁੱਕਾ ਹੈ ਜਿਸ ਵੱਲ ਕੇਂਦਰ ਦੀ ਭਾਜਪਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ 85 ਫੀਸਦੀ ਛੋਟੇ ਟਰੱਕ ਟਰਾਂਸਪੋਰਟਰ ਕੰਮ ਕਰਦੇ ਹਨ। ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਦੱਖਣ ਪੂਰਬੀ ਏਸ਼ੀਆ 'ਚ ਸਿਰਫ ਭਾਰਤ ਹੀ ਅਜਿਹਾ ਦੇਸ਼ ਹੈ, ਜਿਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਵੱਧ ਹਨ। ਗੁਆਂਢੀ ਦੇਸ਼ਾਂ ਨੂੰ ਵੀ ਕੱਚਾ ਤੇਲ ਇਕੋ ਜਿਹੀ ਕੀਮਤ ਨਾਲ ਮਿਲ ਰਿਹਾ ਹੈ ਪਰ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕੱਚੇ ਤੇਲ 'ਤੇ ਟੈਕਸਾਂ ਦਾ ਜ਼ਿਆਦਾ ਬੋਝ ਨਹੀਂ ਪਾਇਆ ਹੋਇਆ ਹੈ। ਸਰਕਾਰ ਨੂੰ ਐਕਸਾਈਜ਼ ਡਿਊਟੀ 'ਚ ਕਮੀ ਲਿਆਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਸਾਲੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਮਾਮਲਾ ਦਰਜ
NEXT STORY