ਚੰਡੀਗੜ੍ਹ (ਸ਼ਰਮਾ) - ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਤੇ ਭੁਲੱਥ ਤੋਂ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਉਨ੍ਹਾਂ ਦੀ ਮੀਡੀਆ ਦੇ ਸਾਹਮਣੇ ਜਨਤਕ ਬਹਿਸ ਨੂੰ ਮਨਜ਼ੂਰ ਨਾ ਕਰ ਕੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ ਤੇ ਉਹ ਕਮਜ਼ੋਰ ਤੇ ਬੁਜ਼ਦਿਲ ਨੇਤਾ ਸਾਬਿਤ ਹੋਏ ਹਨ। ਖਹਿਰਾ ਮੰਗਲਵਾਰ ਨੂੰ ਪ੍ਰੈੱਸ ਕਲੱਬ ਵਿਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਖਹਿਰਾ ਵਲੋਂ ਰਾਣਾ 'ਤੇ ਖਨਨ ਦੀ ਈ-ਆਕਸ਼ਨ ਵਿਚ ਅਪ੍ਰਤੱਖ ਤੌਰ 'ਤੇ ਕਬਜ਼ਾ ਕਰਨ ਤੇ ਦੇਣ ਯੋਗ ਸ਼ਾਮਲਾਤ ਭੂਮੀ 'ਤੇ ਗੈਰ-ਕਾਨੂੰਨੀ ਢੰਗ ਨਾਲ ਮਾਲਕਾਨਾ ਹੱਕ ਪ੍ਰਾਪਤ ਕਰਨ ਤੇ ਬਿਜਲੀ ਮੰਤਰੀ ਰਹਿੰਦੇ ਹੋਏ ਪਾਵਰਕਾਮ ਮਾਮਲੇ ਵਿਚ ਹਿੱਤਾਂ ਦੇ ਟਕਰਾਅ ਦੇ ਦੋਸ਼ ਲਾਏ ਗਏ ਸਨ ਪਰ ਰਾਣਾ ਵਲੋਂ ਇਨ੍ਹਾਂ ਦੋਸ਼ਾਂ ਨੂੰ ਨਕਾਰਨ ਤੇ ਖਹਿਰਾ ਨੂੰ ਸਬੂਤਾਂ ਦੇ ਆਧਾਰ 'ਤੇ ਦੋਸ਼ ਲਾਉਣ ਦੀ ਨਸੀਹਤ ਦਿੱਤੀ ਗਈ ਸੀ, ਜਿਸ 'ਤੇ ਖਹਿਰਾ ਨੇ ਦੋ ਦਿਨ ਪਹਿਲਾਂ ਰਾਣਾ ਨੂੰ ਮੀਡੀਆ ਦੇ ਸਾਹਮਣੇ ਮੰਗਲਵਾਰ ਨੂੰ ਜਨਤਕ ਬਹਿਸ ਦੀ ਚੁਣੌਤੀ ਦਿੱਤੀ ਸੀ।
ਖਹਿਰਾ ਨੇ ਕਿਹਾ ਕਿ ਉਹ ਤੈਅ ਸਮੇਂ 'ਤੇ ਬਹਿਸ ਲਈ ਆ ਗਏ ਪਰ ਰਾਣਾ ਨਹੀਂ ਪਹੁੰਚੇ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਰਾਣਾ ਨੇ ਉਨ੍ਹਾਂ ਵਲੋਂ ਲਾਏ ਗਏ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ। ਖਹਿਰਾ ਨੇ ਕਿਹਾ ਕਿ ਹੁਣ ਇਸ ਪ੍ਰਵਾਸੀ ਨੇਤਾ ਨੂੰ ਆਪਣੀ ਪੇਸ਼ੇਵਰ ਲੁੱਟ ਲਈ ਵਾਪਸ ਆਪਣੇ ਗ੍ਰਹਿ ਰਾਜ ਉੱਤਰ ਪ੍ਰਦੇਸ਼ ਵਿਚ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿਚ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕੁਝ ਬਦਲੇ-ਬਦਲੇ ਨਜ਼ਰ ਆਏ ਖਹਿਰਾ
ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ 'ਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਨਿਯੁਕਤੀ ਸਮੇਂ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਦੀ ਕਮੀ ਤੇ ਹਾਈਕਮਾਨ 'ਤੇ ਮਨਮਾਨੀ ਦਾ ਦੋਸ਼ ਲਾਉਣ ਤੇ ਵਿਰੋਧ ਵਿਚ ਪਾਰਟੀ ਦੇ ਚੀਫ਼ ਵ੍ਹਿਪ ਤੇ ਮੁੱਖ ਬੁਲਾਰੇ ਦਾ ਅਹੁਦਾ ਤਿਆਗਣ ਵਾਲੇ ਸੁਖਪਾਲ ਸਿੰਘ ਖਹਿਰਾ ਆਉਣ ਵਾਲੀ 20 ਜੁਲਾਈ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਨੂੰ ਲੈ ਕੇ ਦਿੱਲੀ ਵਿਚ ਬੁਲਾਈ ਗਈ ਵਿਧਾਇਕ ਦਲ ਦੀ ਬੈਠਕ ਨੂੰ ਲੈ ਕੇ ਕੁਝ ਬਦਲੇ-ਬਦਲੇ ਨਜ਼ਰ ਆਏ। ਇਸ ਬੈਠਕ ਵਿਚ ਚੋਣ ਪ੍ਰਕਿਰਿਆ ਵਿਚ ਸੰਭਾਵਿਤ ਪਾਰਦਰਸ਼ਤਾ ਦੀ ਕਮੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਖਹਿਰਾ ਨੇ ਕਿਹਾ ਕਿ 'ਆਪ' ਲੋਕਤੰਤਰੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਦੀ ਹੈ। ਸਾਰੇ ਵਿਧਾਇਕ ਇਸ ਮੁੱਦੇ 'ਤੇ ਚਰਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਭ ਕੁਝ ਸਹੀ ਢੰਗ ਨਾਲ ਹੋ ਜਾਵੇਗਾ।
ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ 'ਮਹਾਨ ਕੋਸ਼' ਦੀ ਵਿਕਰੀ 'ਤੇ ਲੱਗੀ ਪਾਬੰਦੀ
NEXT STORY