ਮਾਮਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਤੋਂ ਬਾਅਦ ਉਸ ਦਾ ਗਰਭਪਾਤ ਕਰਵਾਉਣ ਦੀ ਗੱਲਬਾਤ ਸਬੰਧੀ ਵਾਇਰਲ ਆਡੀਓ ਦਾ
ਲੁਧਿਆਣਾ(ਵਿੱਕੀ)-ਕਰੀਬ 7 ਘੰਟੇ ਦੀ ਲੰਬੀ ਜਾਂਚ ਤੋਂ ਬਾਅਦ ਆਖਰ ਸਿੱਖਿਆ ਵਿਭਾਗ ਦੀ ਜਾਂਚ ਟੀਮ ਨੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 2 ਅਧਿਆਪਕਾਂ ਵਲੋਂ ਵਿਦਿਆਰਥਣ ਦਾ ਗਰਭਪਾਤ ਕਰਵਾਉਣ ਦੀ ਯੋਜਨਾ ਬਣਾਉਣ ਸਬੰਧੀ ਹੋਈ ਗੱਲਬਾਤ ਦੀ ਵਾਇਰਲ ਆਡੀਓ 'ਚ ਦੋਵਾਂ ਅਧਿਆਪਕਾਂ ਦੀ ਆਵਾਜ਼ ਦੀ ਪਛਾਣ ਕਰ ਲਈ ਹੈ। ਵਾਇਰਲ ਹੋਈ ਆਡੀਓ ਅਤੇ ਸ਼ਿਕਾਇਤਕਰਤਾ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਅੱਜ ਵਿਭਾਗੀ ਟੀਮ ਨੇ ਸਬੰਧਤ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ, ਦੋਸ਼ੀ ਅਧਿਆਪਕਾਂ ਅਤੇ ਸ਼ਿਕਾਇਤਕਰਤਾ ਦੇ ਬਿਆਨ ਲਏ। ਇਸੇ ਦੌਰਾਨ ਟੀਮ ਦੇ ਸਕੂਲ 'ਚ ਜਾਂਚ ਸਬੰਧੀ ਆਏ ਹੋਣ ਦੀ ਸੂਚਨਾ ਮਿਲਦੇ ਹੀ ਸਕੂਲ ਦੀ ਸਾਬਕਾ ਪਸਵਕ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਕਈ ਹੋਰ ਮੈਂਬਰ ਵੀ ਆ ਪੁੱਜੇ, ਜਿਨ੍ਹਾਂ ਨੇ ਆਡੀਓ 'ਚ ਗੱਲ ਕਰ ਰਹੇ 2 ਵਿਅਕਤੀਆਂ ਨੂੰ ਸਕੂਲ ਦੇ ਹੀ ਅਧਿਆਪਕ ਦੱਸ ਕੇ ਉਨ੍ਹਾਂ ਦੀ ਆਵਾਜ਼ ਪਛਾਣਨ ਦਾ ਦਾਅਵਾ ਕਰਦੇ ਹੋਏ ਇਸ ਸਬੰਧੀ ਲਿਖਤੀ ਬਿਆਨ ਦਿੱਤੇ ਹਨ। ਹਾਲਾਂਕਿ ਜਾਂਚ ਲਈ ਪੁੱਜੀ ਵਿਭਾਗੀ ਟੀਮ ਨੇ ਜਾਂਚ ਸਬੰਧੀ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।
ਦੋਸ਼ੀ ਅਧਿਆਪਕਾਂ 'ਚ ਇਕ ਦੀ ਹੋ ਚੁੱਕੀ ਹੈ ਬਦਲੀ
ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ 2 ਅਧਿਆਪਕਾਂ ਦੀ ਗੱਲਬਾਤ ਦੀ ਆਡੀਓ ਕਲਿਪ ਵਾਇਰਲ ਹੋਣ ਦੀ ਸ਼ਿਕਾਇਤ ਹੋਈ ਹੈ, ਉਨ੍ਹਾਂ 'ਚੋਂ ਇਕ ਦੀ ਤਾਂ ਕੁੱਝ ਮਹੀਨੇ ਪਹਿਲਾਂ ਹੀ ਸਕੂਲ ਤੋਂ ਬਦਲੀ ਹੋਈ ਹੈ, ਜਦੋਂਕਿ ਦੂਜਾ ਅਜੇ ਇਸੇ ਸਕੂਲ 'ਚ ਤਾਇਨਾਤ ਹੈ। ਇਨ੍ਹਾਂ ਵਿਚ ਇਕ ਇੰਗਲਿਸ਼ ਤਾਂ ਦੂਜਾ ਪੰਜਾਬੀ ਟੀਚਰ ਦੱਸਿਆ ਜਾ ਰਿਹਾ ਹੈ। ਸਕੂਲ 'ਚ ਕੇਸ ਸਬੰਧੀ ਜਾਂਚ ਟੀਮ ਦੇ ਪੁੱਜਣ ਦੀ ਚਰਚਾ ਪੂਰੇ ਪਿੰਡ ਵਿਚ ਚਲਦੀ ਰਹੀ। ਉਧਰ ਕੇਸ 'ਚ ਦੋਸ਼ੀ ਸਕੂਲ ਅਧਿਆਪਕਾਂ ਨੇ ਸ਼ਿਕਾਇਤਕਰਤਾ ਦੇ ਦੋਸ਼ਾਂ ਨੂੰ ਨਿਰਆਧਾਰ ਦੱਸਦੇ ਹੋਏ ਆਡੀਓ 'ਚ ਆਪਣੀ ਆਵਾਜ਼ ਨਾ ਹੋਣ ਦਾ ਦਾਅਵਾ ਕਰ ਦਿੱਤਾ ਹੈ।
4 ਮੈਂਬਰੀ ਟੀਮ ਨੇ ਸ਼ਾਮ 5.30 ਵਜੇ ਤੱਕ ਕੀਤੀ ਜਾਂਚ
ਕੇਸ ਦੀ ਸ਼ਿਕਾਇਤ ਅਤੇ ਆਡੀਓ ਮਿਲਦੇ ਹੀ ਵਿਭਾਗ ਦੇ ਹੱਥ-ਪੈਰ ਫੁੱਲ ਗਏ ਅਤੇ ਡੀ. ਈ. ਓ. ਨੇ ਡਿਪਟੀ ਡੀ. ਈ. ਓ. ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਡਿਪਟੀ ਡੀ. ਈ. ਓ. ਡਾ. ਚਰਨਜੀਤ ਸਿੰਘ 'ਤੇ ਆਧਾਰਤ 4 ਮੈਂਬਰੀ ਟੀਮ, ਜਿਸ ਵਿਚ 2 ਔਰਤ ਲੈਕਚਰਾਰ ਵੀ ਸ਼ਾਮਲ ਹਨ, ਸਵੇਰ 10.30 ਵਜੇ ਸਕੂਲ ਪੁੱਜੇ ਅਤੇ ਸ਼ਾਮ 5.30 ਵਜੇ ਤੱਕ ਜਾਂਚ ਜਾਰੀ ਰੱਖੀ। ਇਸ ਦੌਰਾਨ ਸਕੂਲ ਦੇ ਸਟਾਫ ਤੋਂ ਇਲਾਵਾ ਵਿਦਿਆਰਥੀਆਂ ਨਾਲ ਵੀ ਜਾਂਚ ਟੀਮ ਨੇ ਗੱਲ ਕੀਤੀ।
ਰਾਏਕੋਟ ਤਹਿਸੀਲ ਤਹਿਤ ਆਉਂਦਾ ਹੈ ਸਕੂਲ
ਇਥੇ ਦੱਸ ਦੇਈਏ ਕਿ ਜ਼ਿਲਾ ਦੀ ਰਾਏਕੋਟ ਤਹਿਸੀਲ ਤਹਿਤ ਆਉਂਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 2 ਅਧਿਆਪਕਾਂ 'ਤੇ ਇਕ ਹੋਰ ਸਰਕਾਰੀ ਸਕੂਲ ਦੇ ਅਧਿਆਪਕ ਨੇ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦਾ ਗਰਭਪਾਤ ਕਰਵਾਉਣ ਸਬੰਧੀ ਯੋਜਨਾ ਬਣਾਉਣ ਦੇ ਦੋਸ਼ ਲਾਏ ਹਨ। ਸ਼ਿਕਾਇਤਕਰਤਾ ਨੇ ਡੀ. ਜੀ. ਪੀ., ਸਕੱਤਰ ਐਜੂਕੇਸ਼ਨ, ਡੀ. ਈ. ਓ., ਜ਼ਿਲਾ ਭਲਾਈ ਅਫਸਰ, ਐੱਸ. ਐੱਸ. ਪੀ. ਰੂਰਲ ਨੂੰ ਭੇਜੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਉਸ ਦੇ ਕੋਲ ਇਹ ਆਡੀਓ ਕਲਿੱਪ ਵਾਇਰਲ ਹੋ ਕੇ ਆਈ ਹੈ, ਜਿਸ 'ਚ ਉਕਤ ਸਕੂਲ ਦੇ 2 ਅਧਿਆਪਕ ਆਪਸ ਵਿਚ ਇਕ ਵਿਦਿਆਰਥਣ ਦਾ ਗਰਭਪਾਤ ਕਰਵਾਉਣ ਸਬੰਧੀ ਯੋਜਨਾ ਤਿਆਰ ਕਰ ਰਹੇ ਹਨ। ਸ਼ਿਕਾਇਤਕਰਤਾ ਨੇ ਫੋਨ 'ਤੇ ਹੋਈ ਗੱਲਬਾਤ ਦੀ ਆਡੀਓ ਮੁਹੱਈਆ ਕਰਵਾਉਂਦੇ ਹੋਏ ਦੋਸ਼ ਲਾਇਆ ਹੈ ਕਿ ਗੱਲਬਾਤ ਕਰ ਰਹੇ ਦੋਵੇਂ ਅਧਿਆਪਕ ਹਨ ਅਤੇ ਆਪਸ 'ਚ ਯੋਜਨਾ ਤਿਆਰ ਕਰ ਰਹੇ ਹਨ ਕਿ ਕਿਵੇਂ ਵਿਦਿਆਰਥਣ ਨੂੰ ਧੱਕਾ ਦੇ ਕੇ ਉਸ ਨੂੰ ਹਸਪਤਾਲ ਲਿਜਾਇਆ ਜਾਣਾ ਹੈ। ਇਸ 3.50 ਮਿੰਟ ਦੀ ਆਡੀਓ 'ਚ ਕਈ ਤਰ੍ਹਾਂ ਦੀ ਗੱਲਬਾਤ ਸੁਣਨ ਨੂੰ ਮਿਲ ਰਹੀ ਹੈ।
ਵਿਦਿਆਰਥੀਆਂ ਤੋਂ ਵੀ ਕਰਵਾਈ ਆਡੀਓ 'ਚ ਚੱਲ ਰਹੀਆਂ ਆਵਾਜ਼ਾਂ ਦੀ ਪਛਾਣ
ਜਾਣਕਾਰੀ ਮੁਤਾਬਕ ਟੀਮ ਨੇ ਜਾਂਚ ਦੌਰਾਨ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਵੀ ਆਡੀਓ 'ਚ ਗੱਲ ਕਰ ਰਹੇ ਦੋਵਾਂ ਵਿਅਕਤੀਆਂ ਦੀਆਂ ਆਵਾਜ਼ਾਂ ਦੀ ਪਛਾਣ ਕਰਨ ਲਈ ਕਿਹਾ। ਪਤਾ ਲੱਗਾ ਹੈ ਕਿ ਜਾਂਚ 'ਚ ਸ਼ਾਮਲ ਹੋਣ ਵਾਲਿਆਂ ਨੇ ਆਡੀਓ 'ਚ ਚੱਲ ਰਹੀ ਆਵਾਜ਼ ਦੀ ਪਛਾਣ ਕਰ ਲਈ ਹੈ। ਨਾਲ ਹੀ ਟੀਮ ਨੇ ਦੋਵੇਂ ਦੋਸ਼ੀਆਂ ਨੂੰ ਸਵਾਲ ਜਾਰੀ ਕਰ ਕੇ ਲਿਖਤੀ ਵਿਚ ਜਵਾਬ ਮੰਗਿਆ।
ਫੈਸਲੇ ਲਈ ਬੁਲਾਇਆ ਕੌਂਸਲਰ ਘਰ, ਫਿਰ ਕੀਤੀ ਕੁੱਟ-ਮਾਰ
NEXT STORY