ਅਬੋਹਰ(ਸੁਨੀਲ, ਰਹੇਜਾ)—ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਸੰਦੀਪ ਜੋਸਨ ਦੀ ਅਦਾਲਤ ਨੇ ਜਬਰ-ਜ਼ਨਾਹ ਦੇ ਮੁਲਜ਼ਮ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਜਾਣਕਾਰੀ ਮੁਤਾਬਕ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਨਾਬਾਲਗ ਲੜਕੀ ਦੇ ਪਿਤਾ ਸੁਖਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਫਰੀਦ ਨਗਰ ਫਰੀਦਕੋਟ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੀ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ਵਿਚ ਲਖਵਿੰਦਰ ਸਿੰਘ ਪੁੱਤਰ ਹਰਦਯਾਲ ਸਿੰਘ ਵਾਸੀ ਜਗੀਵਾਲਾ ਸਦਰ ਫਰੀਦਕੋਟ ਖਿਲਾਫ ਮਾਮਲਾ ਦਰਜ ਕੀਤਾ ਸੀ। ਥਾਣਾ ਖੂਈਆਂ ਸਰਵਰ ਦੇ ਸਹਾਇਕ ਸਬ-ਇੰਸਪੈਕਟਰ ਰਮੇਸ਼ ਕੁਮਾਰ ਨੇ ਲੜਕਾ-ਲੜਕੀ ਨੂੰ ਬਰਾਮਦ ਕਰ ਕੇ ਲੜਕੀ ਦੀ ਮੈਡੀਕਲ ਜਾਂਚ ਕਰਵਾਈ ਤੇ ਲੜਕੇ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਜੱਜ ਜਸਬੀਰ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ। ਮਾਣਯੋਗ ਜੱਜ ਨੇ ਉਸ ਨੂੰ ਜੇਲ ਭੇਜਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਨਾਬਾਲਗਾ ਆਪਣੀ ਨਾਨੀ ਚਿੰਤ ਕੌਰ, ਨਾਨਾ ਰਣ ਸਿੰਘ, ਮਾਮਾ ਜਗਸੀਰ ਸਿੰਘ, ਮਾਸੀ ਗੁਰਪ੍ਰੀਤ ਕੌਰ ਦੇ ਕੋਲ ਪਿੰਡ ਦਲਮੀਰ ਖੇੜਾ ਵਿਚ ਨਰਮਾ ਚੁਗਣ ਲਈ ਆਈ ਸੀ। ਲੜਕੀ ਦਾ ਲਖਵਿੰਦਰ ਸਿੰਘ ਨਾਲ ਕਾਫੀ ਸਮੇਂ ਤੋਂ ਪਿਆਰ ਚਲ ਰਿਹਾ ਸੀ। ਦੋਵੇਂ ਸਾਜ਼ਿਸ਼ ਤਹਿਤ ਉਥੋਂ ਫਰਾਰ ਹੋ ਗਏ। ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ ਵਿਚ ਸਰਕਾਰੀ ਵਕੀਲ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ ਅਤੇ ਲੜਕੀ ਨੇ ਆਪਣੇ ਬਿਆਨ ਅਦਾਲਤ ਵਿਚ ਦਿੱਤੇ। ਦੂਜੇ ਪਾਸੇ ਲਖਵਿੰਦਰ ਸਿੰਘ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਅਦਾਲਤ ਨੇ ਸਾਰੇ ਬਿਆਨਾਂ ਨੂੰ ਸੁਣਨ ਤੋਂ ਬਾਅਦ ਲਖਵਿੰਦਰ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ।
ਨਥਾਣਾ 'ਚ ਜਾਇਦਾਦ ਲਈ ਪੁੱਤ ਨੇ ਪਿਉ ਨੂੰ ਮਾਰ ਕੇ ਲਾਸ਼ ਘਰ 'ਚ ਦੱਬੀ
NEXT STORY