ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਜਬਰ-ਜ਼ਿਨਾਹ ਦੇ ਮੁਲਜ਼ਮ ਸਵੈ-ਘੋਸ਼ਿਤ ਸਾਧੂ ਅਸ਼ੋਕ ਖਰਾਤ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਖਰਾਤ ਦੀ ਪੁਲਸ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (SIT) ਨੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਸੀ, ਜਿੱਥੇ ਸੈਸ਼ਨ ਜੱਜ ਬੀ.ਐਨ. ਇਚਪੁਰਾਨੀ ਨੇ ਉਸ ਨੂੰ 14 ਅਪ੍ਰੈਲ ਤੱਕ ਜੇਲ੍ਹ ਭੇਜਣ ਦੇ ਹੁਕਮ ਦਿੱਤੇ। ਹੁਣ ਉਸ ਨੂੰ ਨਾਸਿਕ ਰੋਡ ਸੈਂਟਰਲ ਜੇਲ੍ਹ 'ਚ ਰੱਖਿਆ ਜਾਵੇਗਾ।
ਸੈਂਕੜੇ ਸ਼ਿਕਾਇਤਾਂ ਅਤੇ ਕਈ FIR ਦਰਜ
ਅਸ਼ੋਕ ਖਰਾਤ ਨੂੰ 18 ਮਾਰਚ ਨੂੰ ਇੱਕ 35 ਸਾਲਾ ਔਰਤ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਉਸ 'ਤੇ ਤਿੰਨ ਸਾਲਾਂ ਤੱਕ ਵਾਰ-ਵਾਰ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ, ਉਸ ਵਿਰੁੱਧ ਜਬਰ-ਜ਼ਨਾਹ ਦੀਆਂ ਕਈ ਹੋਰ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਹੁਣ ਤੱਕ ਉਸ ਦੇ ਖਿਲਾਫ 10 FIR ਦਰਜ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ 'ਚੋਂ ਅੱਠ ਜਿਨਸੀ ਸ਼ੋਸ਼ਣ ਅਤੇ ਦੋ ਧੋਖਾਧੜੀ ਨਾਲ ਸਬੰਧਤ ਹਨ। ਇਸ ਤੋਂ ਇਲਾਵਾ, SIT ਨੂੰ ਫ਼ੋਨ ਰਾਹੀਂ ਉਸ ਦੇ ਖ਼ਿਲਾਫ਼ 100 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ।
ਨਕਲੀ ਸੱਪ ਨਾਲ ਦਿਖਾਉਂਦਾ ਸੀ 'ਚਮਤਕਾਰ'
ਜਾਂਚ ਦੌਰਾਨ SIT ਨੇ ਖਰਾਤ ਦੇ ਦਫ਼ਤਰ ਤੋਂ ਕਈ ਅਹਿਮ ਦਸਤਾਵੇਜ਼ ਅਤੇ ਫਾਈਲਾਂ ਬਰਾਮਦ ਕੀਤੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉੱਥੋਂ 20 ਫੁੱਟ ਲੰਬਾ ਰਿਮੋਟ ਕੰਟਰੋਲ ਵਾਲਾ ਮਸ਼ੀਨੀ ਸੱਪ ਵੀ ਮਿਲਿਆ ਹੈ। ਦੋਸ਼ ਹੈ ਕਿ ਖਰਾਤ ਇਸ ਨਕਲੀ ਸੱਪ ਦੀ ਵਰਤੋਂ ਸ਼ਰਧਾਲੂਆਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਕਰਦਾ ਸੀ ਕਿ ਉਸ ਕੋਲ ਅਲੌਕਿਕ ਸ਼ਕਤੀਆਂ ਹਨ ਅਤੇ ਉਹ ਅਸਲੀ ਸੱਪ ਨੂੰ ਕਾਬੂ ਕਰ ਸਕਦਾ ਹੈ।
ਪਰਿਵਾਰ 'ਤੇ ਵੀ ਸ਼ਿਕੰਜਾ
SIT ਨੇ ਖਰਾਤ ਦੇ ਪੁੱਤਰ ਹਰਸ਼ਵਰਧਨ ਨੂੰ ਵੀ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਸੀ, ਹਾਲਾਂਕਿ ਬਾਅਦ 'ਚ ਉਸ ਨੂੰ ਛੱਡ ਦਿੱਤਾ ਗਿਆ। ਪੁਲਸ ਹੁਣ ਖਰਾਤ ਦੀ ਪਤਨੀ ਕਲਪਨਾ ਦੀ ਭਾਲ ਕਰ ਰਹੀ ਹੈ, ਜਿਸ ਦਾ ਨਾਂ ਅਹਿਲਿਆਨਗਰ ਜ਼ਿਲ੍ਹੇ 'ਚ ਧੋਖਾਧੜੀ ਦੇ ਇਕ ਮਾਮਲੇ 'ਚ ਦਰਜ ਹੈ। ਦੱਸਿਆ ਜਾਂਦਾ ਹੈ ਕਿ ਸਿਨਰ ਵਿੱਚ ਇੱਕ ਮੰਦਰ ਟਰੱਸਟ ਦਾ ਮੁਖੀ ਹੋਣ ਦੇ ਨਾਤੇ, ਖਰਾਤ ਦੇ ਕਈ ਸਿਆਸੀ ਆਗੂਆਂ ਨਾਲ ਵੀ ਸਬੰਧ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ
NEXT STORY