ਜਗਰਾਓਂ(ਜਸਬੀਰ ਸ਼ੇਤਰਾ)–ਇਥੇ ਇਕ ਉਦਘਾਟਨੀ ਤੇ ਹੋਰ ਸਮਾਗਮਾਂ 'ਚ ਪਹੁੰਚੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਭਰਨ ਲਈ ਪੰਜਾਬੀਆਂ ਨੇ ਦੱਬ ਕੇ ਕੀਟਨਾਸ਼ਕ ਤੇ ਖਾਦਾਂ ਦੀ ਵਰਤੋਂ ਕਰ ਕੇ ਜ਼ਮੀਨ ਤੇ ਸਿਹਤ ਖਰਾਬ ਕਰ ਲਈ ਹੈ। ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ ਅਤੇ ਪੰਜਾਬ ਖੇਤੀ ਆਧਾਰਤ ਸੂਬਾ ਹੋਣ ਕਰਕੇ ਅੱਜ ਗੰਭੀਰ ਆਰਥਿਕ ਸੰਕਟ ਦੇ ਦੌਰ 'ਚ ਖੜ੍ਹਾ ਹੈ। ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਆਮਦਨ ਦੇ ਬਦਲਵੇਂ ਸਾਧਨ ਪੈਦਾ ਕਰਨੇ ਪੈਣਗੇ। ਉਨ੍ਹਾਂ ਪ੍ਰਗਟਾਵਾ ਕੀਤਾ ਕਿ ਕੁਝ ਫਿਰਕੂ ਤਾਕਤਾਂ ਭਾਰੀ ਕੁਰਬਾਨੀਆਂ ਨਾਲ ਸੂਬੇ 'ਚ ਲਿਆਂਦੀ ਗਈ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਹਨ। ਇਨ੍ਹਾਂ ਸ਼ਾਂਤ ਹਵਾਵਾਂ 'ਚ ਫਿਰਕੂ ਜ਼ਹਿਰ ਘੋਲਣ ਲਈ ਉਹ ਲਗਾਤਾਰ ਯਤਨਸ਼ੀਲ ਹਨ। ਕਈ ਹਿੰਦੂ ਨੇਤਾਵਾਂ ਦੀ ਹੱਤਿਆ ਇਸ ਗੱਲ ਦਾ ਪ੍ਰਮਾਣ ਹੈ ਅਤੇ ਇਸ ਸਬੰਧੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੇ ਇਹ ਗੱਲ ਸਪੱਸ਼ਟ ਵੀ ਕਰ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਹ ਗੱਲ ਸਾਫ ਕਰ ਚੁੱਕੇ ਹਨ ਅਤੇ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ 'ਤੇ ਇਨ੍ਹਾਂ ਤਾਕਤਾਂ ਦੀ ਨਜ਼ਰ ਹੈ ਤੇ ਸਾਨੂੰ ਆਪਣੇ ਨੌਜਵਾਨਾਂ ਨੂੰ ਬਚਾਉਣ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨੇ ਹੋਣਗੇ। ਉਨ੍ਹਾਂ ਗੈਂਗਸਟਰਾਂ ਤੇ ਨਸ਼ਿਆਂ ਨੂੰ ਪੰਜਾਬ ਲਈ ਵੱਡੀ ਚੁਣੌਤੀ ਦੱਸਿਆ। ਉਨ੍ਹਾਂ ਬਾਰ ਐਸੋਸੀਏਸ਼ਨ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਲਈ ਪ੍ਰਧਾਨ ਜੋਤੀ ਸਰੂਪ ਸਹਿਗਲ ਤੇ ਸੈਕਟਰੀ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਸੋਨੀ ਗਾਲਿਬ, ਸਤਿੰਦਰਪਾਲ ਸਿੰਘ ਗਰੇਵਾਲ, ਬਲਾਕ ਪ੍ਰਧਾਨ ਗੋਪਾਲ ਸ਼ਰਮਾ, ਦਿਹਾਤੀ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਦਰਸ਼ਨ ਸਿੰਘ ਲੱਖਾ, ਸੁਰੇਸ਼ ਗਰਗ, ਕਾਮਰੇਡ ਰਵਿੰਦਰਪਾਲ ਰਾਜੂ, ਮਨਜੀਤ ਸਿੰਘ ਹੰਬੜਾਂ, ਗੁਰਮੇਲ ਸਿੰਘ ਕੈਲੇ, ਮਨਜਿੰਦਰ ਸਿੰਘ ਡੱਲਾ, ਜਗਜੀਤ ਜੱਗੀ, ਗੁਰਸਿਮਰਨ ਸਿੰਘ ਰਸੂਲਪੁਰ, ਪ੍ਰਸ਼ੋਤਮ ਲਾਲ ਖਲੀਫਾ, ਐਡਵੋਕੇਟ ਗੁਰਬਿੰਦਰ ਸਿੱਧੂ, ਸਰਪੰਚ ਗੁਰਵਿੰਦਰ ਸਿੰਘ ਪੋਨਾ, ਰਵਿੰਦਰ ਸਭਰਵਾਲ, ਅਮਰਨਾਥ ਕਲਿਆਣ, ਅਜਮੇਰ ਸਿੰਘ ਢੋਲਣ, ਬਚਿੱਤਰ ਸਿੰਘ ਚਿੱਤਾ ਤੇ ਰਾਜੇਸ਼ਇੰਦਰ ਸਿੱਧੂ ਆਦਿ ਮੌਜੂਦ ਸਨ।
ਸੋਢੀ ਰਿਸ਼ਵਤ ਦੀ ਰਾਸ਼ੀ ਸਮੇਤ ਕਾਬੂ
NEXT STORY