ਅੰਮ੍ਰਿਤਸਰ(ਜ.ਬ.)- ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਕੌਮ ਦੇ ਨਾਂ ਭੇਜਿਆ ਸੰਦੇਸ਼ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ’ਚ ਸੰਗਤਾਂ ਦੇ ਰੂ-ਬਰੂ ਹੁੰਦਿਆਂ ਪੜ੍ਹਿਆ ਗਿਆ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ 7 DSP ਪੱਧਰ ਦੇ ਅਧਿਕਾਰੀ ਤਬਦੀਲ
ਸੰਗਤਾਂ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਸੰਬੋਧਨ ਕਰਦਿਆਂ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਜਿਥੇ ਅਕਾਲ ਪੁਰਖ ਦੀ ਰਜ਼ਾ ’ਚ ਰਹਿਣ ਦੀ ਜੁਗਤ ਦੱਸਦਾ ਹੈ, ਉਥੇ ਸਾਰੇ ਧਰਮਾਂ ਦੀ ਆਜ਼ਾਦੀ ਤੇ ਇਕ-ਦੂਜੇ ਪ੍ਰਤੀ ਸਹਿਨਸ਼ੀਲਤਾ ਦਾ ਸਿਧਾਂਤ ਦ੍ਰਿੜ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਹੁਕਮਰਾਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦੀ ਹੋਂਦ ਚੰਗੀ ਨਹੀਂ ਲੱਗੀ ਸੀ ਤੇ ਅੱਜ ਦਿੱਲੀ ਦੇ ਹੁਕਮਰਾਨਾਂ ਨੂੰ ਵੀ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ। ਬੇਸ਼ੱਕ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਪੰਥ ਦੀ ਅਖੀਰਲੀ ਮੰਜ਼ਿਲ ਨਹੀਂ ਪਰ ਮੌਜੂਦਾ ਕਿਸਾਨੀ ਸੰਘਰਸ਼ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਤਕਰੀਬਨ ਇਕ ਸਾਲ ਦੇ ਸੰਘਰਸ਼ ’ਚ ਅਨੇਕਾਂ ਜਾਨਾਂ ਗਈਆਂ। ਲਖੀਮਪੁਰ ਖੀਰੀ ਦੀ ਘਟਨਾ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗੱਲ ਕੀ ਸਾਡੀ ਹਰ ਆਵਾਜ਼ ਨੂੰ ਜ਼ੁਲਮ ਦੀ ਤਾਕਤ ਨਾਲ ਦਬਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹਾਲੇ ਤੱਕ ਇਨਸਾਫ਼ ਨਹੀਂ ਮਿਲ ਰਿਹਾ। ਫੇਰ ਦੱਸੋ ਕਾਹਦੀਆਂ ਖੁਸ਼ੀਆਂ ਮਨਾ ਰਹੇ ਹਾਂ ਪਰ ਕਾਲੇ ਬੱਦਲਾਂ ’ਚੋਂ ਵੀ ਪਾਤਿਸ਼ਾਹ ਆਪਣੇ ਗੁਰਸਿੱਖਾਂ ਨੂੰ ਚਮਕਦੀ ਹੋਈ ਆਸ਼ਾ ਦੀ ਕਿਰਨ ਵਿਖਾ ਕੇ ਚੜ੍ਹਦੀ ਕਲਾ ’ਚ ਰਹਿਣ ਦਾ ਬਲ ਬਖਸ਼ਦੇ ਹਨ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖ਼ਮੀ
ਉਨ੍ਹਾ ਕਿਹਾ ਇਸ ਪਾਵਨ ਦਿਹਾੜੇ ’ਤੇ ਸਾਨੂੰ ਆਪਣੀ ਧੜੇਬੰਦੀ ਦੀਆਂ ਦੂਰੀਆਂ ਨੂੰ ਖਤਮ ਕਰਨ ਤੇ ਕੌਮੀ ਮੱਤਭੇਦ ਭੁਲਾਉਣ ਦੀ ਲੋੜ ਹੈ। ਗੁਲਾਮੀ ਤੋਂ ਨਿਜਾਤ ਪਾਉਣ ਲਈ ਬੰਦੀ ਛੋੜ ਦਿਵਸ ਤੋਂ ਸੇਧ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 25-30 ਸਾਲਾਂ ਤੋਂ ਜੇਲਾਂ ’ਚ ਨਜ਼ਰਬੰਦ ਸਿੰਘਾਂ ਬਾਰੇ ਕਹਾਂਗਾ ਕਿ ਅਸੀਂ ਸਿੱਖ ਸਿਧਾਂਤਾਂ ਦੇ ਪਹਿਰੇਦਾਰ ਹਾਂ। ਅਸੀਂ ਨਾ ਤਾਂ ਪਹਿਲਾਂ ਸਿਧਾਂਤਾਂ ਨਾਲ ਸਮਝੌਤਾ ਕੀਤਾ ਸੀ ਤੇ ਨਾ ਹੁਣ ਕਰਾਂਗੇ। ਇਸ ਮੌਕੇ ਪ੍ਰੋ. ਬਲਜਿੰਦਰ ਸਿੰਘ ਤੋਂ ਇਲਾਵਾ ਭਾਈ ਮਹਾਬੀਰ ਸਿੰਘ, ਸਤਨਾਮ ਸਿੰਘ ਝੰਗੀਆਂ ਤੇ ਹੋਰ ਆਗੂ ਮੌਜੂਦ ਸਨ।
ਪੰਜਾਬ ਸਰਕਾਰ ਵੱਲੋਂ 7 DSP ਪੱਧਰ ਦੇ ਅਧਿਕਾਰੀ ਤਬਦੀਲ
NEXT STORY