ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਇਨਸਾਨ ਦਾ ਸਾਰਾ ਜੀਵਨ ਕੁੱਲੀ-ਗੁੱਲੀ ਅਤੇ ਜੁੱਲੀ ਲਈ ਸੰਘਰਸ਼ ਕਰਦਿਆਂ ਬੀਤ ਜਾਂਦਾ ਹੈ। ਇਨ੍ਹਾਂ 'ਚੋਂ ਵੀ ਸਭ ਤੋਂ ਅਹਿਮ ਲੋੜ ਗੁੱਲੀ ਅਰਥਾਤ ਰੋਟੀ ਦੀ ਹੁੰਦੀ ਹੈ। 'ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ' ਦੀ ਕਹਾਵਤ ਵਾਂਗ ਭੁੱਖੇ ਪੇਟ ਲਈ ਸਭ ਤੋਂ ਵੱਡਾ ਸੁਆਲ ਰੋਟੀ ਦਾ ਹੀ ਹੁੰਦਾ ਹੈ। ਇਸ ਦੇ ਨਾਲ ਹੀ ਰਹਿਣ ਲਈ ਚੰਗੀ ਮਾੜੀ ਛੱਤ ਅਤੇ ਤਨ ਢਕਣ ਵਾਸਤੇ ਕੱਪੜਿਆਂ ਦੀ ਲੋੜ ਵੀ ਹਰ ਗਰੀਬ-ਅਮੀਰ ਆਪੋ-ਆਪਣੀ ਸਥਿਤੀ ਅਨੁਸਾਰ ਮਹਿਸੂਸ ਕਰਦਾ ਹੈ।
ਇਹ ਤਿੰਨੇ ਲੋੜਾਂ ਜਦੋਂ ਕਿਸੇ ਵਿਅਕਤੀ ਲਈ ਚੁਣੌਤੀ ਬਣ ਕੇ ਉਸ ਦੀ ਪਹੁੰਚ ਤੋਂ ਦੂਰ ਹੋ ਜਾਂਦੀਆਂ ਹਨ ਤਾਂ ਉਸੇ ਲਈ ਦਿਨ ਮੁਸੀਬਤਾਂ ਵਾਲੇ ਅਤੇ ਰਾਤਾਂ ਹੰਝੂਆਂ ਭਰੀਆਂ ਹੋ ਜਾਂਦੀਆਂ ਹਨ। ਇਹ ਮਨੁੱਖ ਲਈ ਸੰਘਰਸ਼ ਦੇ ਨਾਲ-ਨਾਲ ਪਰਖ ਅਤੇ ਹਿੰਮਤ ਵਾਲੀ ਘੜੀ ਵੀ ਹੁੰਦੀ ਹੈ, ਜਿਸ 'ਚ ਉਸ ਨੂੰ ਆਸਾਂ ਦੇ ਦੀਵਿਆਂ ਸਹਾਰੇ ਤਲਖ ਹਕੀਕਤ ਦੇ ਹਨ੍ਹੇਰੇ ਨੂੰ ਚੀਰਨਾ ਪੈਂਦਾ ਹੈ।
ਜੰਮੂ-ਕਸ਼ਮੀਰ ਦੇ ਵੱਖ-ਵੱਖ ਖੇਤਰਾਂ 'ਚ ਅਜਿਹੇ ਹਜ਼ਾਰਾਂ ਨਹੀਂ, ਲੱਖਾਂ ਲੋਕ ਹੋਣਗੇ ਜਿਹੜੇ ਬੇਸ਼ੁਮਾਰ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਅੱਤਵਾਦ ਦੀ ਮਾਰ, ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ, ਹੜ੍ਹ, ਸੋਕਾ, ਬੀਮਾਰੀਆਂ, ਸਰਕਾਰਾਂ ਦੀ ਨਜ਼ਰਅੰਦਾਜ਼ਗੀ ਆਦਿ ਦੇ ਵੱਖ-ਵੱਖ ਪੁੜਾਂ 'ਚ ਪੀਹੇ ਜਾ ਰਹੇ ਇਹ ਲੋਕ ਇਸ ਸਭ ਦੇ ਬਾਵਜੂਦ ਜੀਵਨ-ਗੱਡੀ ਨੂੰ ਰਿੜ੍ਹਦੀ ਰੱਖਣ ਲਈ ਹੱਥ-ਪੈਰ ਮਾਰ ਰਹੇ ਹਨ। ਅਜਿਹੇ ਕੁਝ ਸੰਘਰਸ਼ਸ਼ੀਲ ਪਰਿਵਾਰਾਂ ਨੂੰ ਬੀਤੇ ਦਿਨੀਂ ਜ਼ਿਲਾ ਰਿਆਸੀ ਦੇ ਪਿੰਡ ਸਲੂਨ 'ਚ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਭਿਜਵਾਈ ਗਈ 503ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ ਸੀ।
ਇਹ ਸਮੱਗਰੀ ਅਜੈ ਜੈਨ ਮੈਮੋਰੀਅਲ ਪੰਛੀ ਵਿਹਾਰ ਟਰੱਸਟ (ਰਜਿ.) ਜਲੰਧਰ ਵੱਲੋਂ ਸ਼੍ਰੀ ਪ੍ਰਦੀਪ ਜੈਨ (ਪ੍ਰਧਾਨ) ਅਤੇ ਸਮੂਹ ਮੈਂਬਰਾਂ ਦੇ ਯਤਨਾਂ ਸਦਕਾ ਭਿਜਵਾਈ ਗਈ ਸੀ। ਇਸ ਮੌਕੇ ਸਲੂਨ ਵਿਚ ਵੱਖ-ਵੱਖ ਪਿੰਡਾਂ ਤੋਂ ਜੁੜੇ 300 ਪਰਿਵਾਰਾਂ ਨੂੰ ਰਜਾਈਆਂ ਮੁਹੱਈਆ ਕਰਵਾਈਆਂ ਗਈਆਂ। ਲੋੜਵੰਦ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਸ਼੍ਰੀ ਬਲਦੇਵ ਸ਼ਰਮਾ ਨੇ ਕਿਹਾ ਕਿ ਅੱਤਵਾਦ ਪੀੜਤਾਂ ਅਤੇ ਪਾਕਿਸਤਾਨੀ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਬਹੁਤ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਫਰਵਰੀ ਮਹੀਨੇ 'ਚ ਪੁਲਵਾਮਾ ਵਿਖੇ ਭਾਰਤੀ ਸੁਰੱਖਿਆ ਬਲਾਂ 'ਤੇ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਵੀ ਪੱਤਰ ਸਮੂਹ ਵਲੋਂ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਸੈਂਕੜੇ ਟਰੱਕ ਸਮੱਗਰੀ ਭਿਜਵਾ ਕੇ ਸੇਵਾ ਦੇ ਖੇਤਰ 'ਚ ਇਕ ਇਤਿਹਾਸ ਸਿਰਜਿਆ ਗਿਆ ਹੈ। ਇਸ ਕਾਰਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ।

ਲਾਲਾ ਜੀ ਨੂੰ ਯਾਦ ਕਰਦੇ ਨੇ ਲੋਕ: ਕੈਪ. ਕੁਲਦੀਪ ਸਿੰਘ
ਭਾਰਤੀ ਫੌਜ ਦੇ ਸਾਬਕਾ ਕੈਪਟਨ ਕੁਲਦੀਪ ਸਿੰਘ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਸੂਬੇ ਦੇ ਲੋਕਾਂ ਦਾ ਦੁੱਖ-ਦਰਦ ਵੰਡਾਉਣ ਲਈ ਲਾਲਾ ਜਗਤ ਨਾਰਾਇਣ ਜੀ (ਅਮਰ ਸ਼ਹੀਦ) ਨੇ ਜਿਸ ਤਰ੍ਹਾਂ ਆਵਾਜ਼ ਉਠਾਈ ਸੀ, ਉਸੇ ਕਾਰਨ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਵੇਲੇ ਪਾਕਿਸਤਾਨੀ ਖੇਤਰ 'ਚੋਂ ਉੱਜੜ ਕੇ ਜੰਮੂ-ਕਸ਼ਮੀਰ ਆਉਣ ਵਾਲੇ ਰਿਫਿਊਜ਼ੀ ਪਰਿਵਾਰਾਂ ਦੀ ਸਿਰਫ ਲਾਲਾ ਜੀ ਨੇ ਹੀ ਬਾਂਹ ਫੜੀ ਸੀ। ਇਸ ਕਾਰਨ ਹੀ ਸ਼ਰਨਾਰਥੀਆਂ ਦੀਆਂ ਕੁਝ ਮੰਗਾਂ ਮੰਨੀਆਂ ਗਈਆਂ, ਜਦੋਂ ਕਿ ਬਾਕੀ ਮਸਲੇ ਅੱਜ ਵੀ ਲਟਕ ਰਹੇ ਹਨ।
ਕੈਪਟਨ ਕੁਲਦੀਪ ਸਿੰਘ ਨੇ ਕਿਹਾ ਕਿ ਜੇਕਰ ਲਾਲਾ ਜੀ ਸ਼ਹੀਦ ਨਾ ਹੁੰਦੇ ਤਾਂ ਸ਼ਰਨਾਰਥੀਆਂ ਦੀਆਂ ਸਭ ਮੰਗਾਂ ਪੂਰੀਆਂ ਹੋ ਜਾਣੀਆਂ ਸਨ, ਜਦੋਂ ਕਿ ਹੁਣ ਉਹ ਕਈ ਅਧਿਕਾਰਾਂ ਤੋਂ ਵਾਂਝੇ ਹਨ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਦੇਸ਼ ਵਿਚ ਸੈਂਕੜੇ ਸੰਸਥਾਵਾਂ ਹਨ ਪਰ ਇਸ ਸੂਬੇ ਦੇ ਪੀੜਤ ਪਰਿਵਾਰਾਂ ਲਈ ਸਹਾਇਤਾ ਸਿਰਫ ਲਾਲਾ ਜੀ ਦਾ ਪਰਿਵਾਰ ਹੀ ਭਿਜਵਾ ਰਿਹਾ ਹੈ।
ਭਾਜਪਾ ਨੇਤਾ ਸ਼੍ਰੀ ਚਮਨ ਲਾਲ ਨੇ ਕਿਹਾ ਕਿ ਲੋੜਵੰਦਾਂ ਨੂੰ ਮਦਦ ਭਿਜਵਾਉਣ ਵਾਲੇ ਅਤੇ ਗੁਰਬਤ ਮਾਰੇ ਲੋਕਾਂ ਦੀ ਚਿੰਤਾ ਕਰਨ ਵਾਲੇ ਇਨਸਾਨ ਮਹਾਨ ਅਤੇ ਪੂਜਣਯੋਗ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੂਜਿਆਂ ਦੀ ਸੇਵਾ ਅਸਲ 'ਚ ਅਪਣੱਤ ਅਤੇ ਸਦਭਾਵਨਾ ਦਾ ਰਸਤਾ ਹੈ। ਅੱਜ ਪੰਜਾਬ ਦੇ ਦਾਨਵੀਰ ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾ ਕੇ ਇਸੇ ਰਸਤੇ 'ਤੇ ਤੁਰਨ ਦੀ ਮਿਸਾਲ ਕਾਇਮ ਕਰ ਰਹੇ ਹਨ।
ਗੁਰੂਆਂ-ਪੀਰਾਂ ਨੇ ਦਿਖਾਇਆ ਸੇਵਾ ਦਾ ਮਾਰਗ-ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਆਗੂ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਕਿਹਾ ਕਿ ਭਾਰਤੀ ਪਰੰਪਰਾ ਅਤੇ ਇਤਿਹਾਸ ਬਹੁਤ ਮਹਾਨ ਹੈ। ਇਹ ਦੱਸਦਾ ਹੈ ਕਿ ਸਾਡੇ ਗੁਰੂ ਸਾਹਿਬਾਨ, ਦੇਵੀ-ਦੇਵਤਿਆਂ ਅਤੇ ਪੀਰਾਂ-ਫਕੀਰਾਂ ਨੇ ਮਾਨਵਤਾ ਦੀ ਸੇਵਾ ਦਾ ਮਾਰਗ ਦਿਖਾਇਆ। ਇਹ ਮਹਾਨ ਸੰਦੇਸ਼ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਦੀਨ-ਦੁਖੀਆਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਦੀ ਵੀ ਸੇਵਾ-ਸਹਾਇਤਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਸੂਝਵਾਨ ਵਿਅਕਤੀ ਆਪਣੇ ਤਜਰਬੇ ਅਤੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦਾ ਹੈ ਤਾਂ ਇਹ ਵੀ ਮਾਨਵਤਾ ਦੀ ਸੇਵਾ ਹੀ ਹੈ। ਕਿਸੇ ਭੁੱਲੇ-ਭਟਕੇ ਦਾ ਮਾਰਗ ਦਰਸ਼ਨ ਕਰਨਾ, ਆਰਥਕ ਪੱਖੋਂ ਕਮਜ਼ੋਰ ਕਿਸੇ ਵਿਅਕਤੇ ਦੇ ਬੱਚੇ ਨੂੰ ਪੜ੍ਹਾ ਦੇਣਾ ਵੀ ਉੱਤਮ ਕਾਰਜ ਹੈ। ਸਾਨੂੰ ਸ਼ੁਭ ਕਰਮਾਂ 'ਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਵੀ ਅਜਿਹੇ ਯਤਨਾਂ ਦਾ ਨਤੀਜਾ ਹੀ ਹੈ।
ਕਪੂਰਥਲਾ ਦੀ ਸਮਾਜ ਸੇਵਿਕਾ ਸ਼੍ਰੀਮਤੀ ਪ੍ਰੋਮਿਲਾ ਅਰੋੜਾ ਨੇ ਕਿਹਾ ਕਿ ਰਿਆਸੀ ਜ਼ਿਲੇ ਦਾ ਇਲਾਕਾ ਅਤੇ ਮਾਹੌਲ ਬਹੁਤ ਮਨਮੋਹਕ ਹੈ ਪਰ ਇਥੋਂ ਦੇ ਹਾਲਤ ਖਰਾਬ ਹੋਣ ਕਰ ਕੇ ਆਮ ਲੋਕਾਂ ਨੂੰ ਦੁੱਖਾਂ-ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ 'ਚ ਅਜਿਹੀ ਭਾਵਨਾ ਹੋਣੀ ਚਾਹੀਦੀ ਹੈ ਕਿ ਅਸੀਂ ਦੂਜਿਆਂ ਦੇ ਕੰਮ ਆਉਣ ਦਾ ਯਤਨ ਕਰੀਏ। ਮਾੜੀ ਪਿੰਡ ਦੇ ਸਰਪੰਚ ਪ੍ਰਕਾਸ਼ ਸਿੰਘ ਅਤੇ ਸਲੂਨ ਦੇ ਸਰਪੰਚ ਸੂਰਜ ਪ੍ਰਕਾਸ਼ ਨੇ ਕਿਹਾ ਕਿ ਖੇਤਰ ਵਿਚ ਬਹੁਤ ਸਾਰੇ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਦੋ ਵਕਤ ਚੁੱਲ੍ਹੇ ਵੀ ਨਹੀਂ ਬਲਦੇ। ਅਜਿਹੇ ਪਰਿਵਾਰਾਂ ਦੀ ਮਦਦ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ। ਇਸ ਮੌਕੇ 'ਤੇ ਮੈਡਮ ਡੌਲੀ ਹਾਂਡਾ, ਜਗਦੀਸ਼ ਸ਼ਰਮਾ, ਭਾਜਪਾ ਆਗੂ ਸੁਰਿੰਦਰ ਕੁਮਾਰ, ਰਾਕੇਸ਼ ਕੁਮਾਰ ਅਤੇ ਵੱਖ–ਵੱਖ ਪਿੰਡਾਂ ਦੇ ਪੰਚ-ਸਰਪੰਚ ਵੀ ਮੌਜੂਦ ਸਨ।ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਸਲੂਨ ਤੋਂ ਇਲਾਵਾ ਮਾੜੀ ਅਤੇ ਨਗਰ ਦੀਆਂ ਪੰਚਾਇਤਾਂ ਨਾਲ ਸੰਬੰਧਤ ਪਿੰਡਾਂ ਦੇ ਰਹਿਣ ਵਾਲੇ ਸਨ।
ਕਰਜ਼ੇ ਤੋਂ ਦੁਖੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ
NEXT STORY