ਕਰਤਾਰਪੁਰ, (ਜ.ਬ.)— ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਏ ਜਾਣ ਦੀ ਸੂਚਨਾ ਮਿਲਣ 'ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਮਜ਼ਦੂਰਾਂ ਨੇ ਦਿਆਲਪੁਰ ਵਿਖੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਆਮ ਅਜਲਾਸ ਰਾਹੀਂ ਪਾਸ ਮਤੇ ਅਨੁਸਾਰ ਬੇਘਰੇ ਤੇ ਬੇਜ਼ਮੀਨੇ ਕਿਰਤੀਆਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ ਤੇ ਪਲਾਟਾਂ ਲਈ ਜ਼ਮੀਨ ਛੱਡ ਕੇ ਪੰਚਾਇਤੀ ਜ਼ਮੀਨ ਦੀ ਬੋਲੀ ਕੀਤੀ ਜਾਵੇ। ਪੇਂਡੂ ਮਜ਼ਦੂਰਾਂ ਦੇ ਵਿਰੋਧ ਕਾਰਨ ਬੋਲੀ ਕਰਵਾਉਣ ਲਈ ਪੰਚਾਇਤ ਮਹਿਕਮੇ ਦਾ ਕੋਈ ਵੀ ਅਧਿਕਾਰੀ ਮੌਕੇ 'ਤੇ ਨਾ ਪੁੱਜਾ ਤੇ ਬੋਲੀ ਅੱਗੇ ਪਾ ਦਿੱਤੀ ਗਈ। ਇਸੇ ਤਰ੍ਹਾਂ ਪਿੰਡ ਮੱਲੀਆਂ ਵਿਖੇ ਵੀ ਪੇਂਡੂ ਮਜ਼ਦੂਰਾਂ ਨੇ ਇਕੱਠੇ ਹੋ ਕੇ ਆਮ ਅਜਲਾਸ ਬੁਲਾ ਕੇ ਰਿਹਾਇਸ਼ੀ ਪਲਾਟਾਂ ਦਾ ਮਤਾ ਪਾਸ ਕਰਨ ਦੀ ਮੰਗ ਕੀਤੀ ਅਤੇ ਪਲਾਟ ਦੇ ਕੇ ਬਾਕੀ ਜ਼ਮੀਨ ਦੀ ਬੋਲੀ ਕਰਨ ਦੀ ਮੰਗ ਵੀ ਰੱਖੀ। ਮੱਲੀਆਂ ਵਿਖੇ ਵੀ ਅੱਜ ਬੋਲੀ ਨਾ ਹੋ ਸਕੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਤਹਿਸੀਲ ਮੀਤ ਪ੍ਰਧਾਨ ਬਲਵਿੰਦਰ ਕੌਰ ਦਿਆਲਪੁਰ ਅਤੇ ਤਹਿਸੀਲ ਆਗੂ ਬਲਬੀਰ ਸਿੰਘ ਧੀਰਪੁਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਰਤੀ ਲੋਕਾਂ ਨੂੰ ਪਲਾਟ ਮਿਲਣ ਵਿਚ ਸਿਆਸਤਦਾਨ, ਅਫਸਰਸ਼ਾਹੀ ਤੇ ਸਰਕਾਰ ਅੜਿੱਕੇ ਪਾ ਰਹੀ ਹੈ ਅਤੇ ਇਸੇ ਦਬਾਅ ਕਾਰਨ ਅਫਸਰਸ਼ਾਹੀ ਨੇ ਲੋੜੀਂਦੀ ਕਾਰਵਾਈ ਕਰਕੇ ਪਲਾਟਾਂ ਦੀ ਅਲਾਟਮੈਂਟ ਨਹੀਂ ਕੀਤੀ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲਾ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੇਂਡੂ ਮਜ਼ਦੂਰਾਂ ਨੂੰ ਬਣਦਾ ਹੱਕ ਨਾ ਦਿੱਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਜਮਹੂਰੀ ਕਿਸਾਨ ਸਭਾ ਵੱਲੋਂ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ
NEXT STORY