ਪਟਿਆਲਾ (ਜੋਸਨ)—ਬੇਸ਼ੱਕ 2 ਦਿਨਾਂ ਬਾਅਦ ਘੱਗਰ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚੱਲ ਰਿਹਾ ਹੈ ਪਰ ਅਜੇ ਵੀ ਖ਼ਤਰੇ ਨੂੰ ਸਮਝਦਿਆਂ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਚੌਕਸ ਹਨ। ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਘੱਗਰ 'ਚ ਵਧੇ ਪਾਣੀ ਦਾ ਜਾਇਜ਼ਾ ਲੈਣ ਲਈ ਬਾਦਸ਼ਾਹਪੁਰ ਅਤੇ ਹਰਚੰਦਪੁਰਾ ਦਾ ਦੌਰਾ ਕੀਤਾ। ਉਨ੍ਹਾਂ ਨਾਲ ਐੱਸ. ਡੀ. ਐੱਮ. ਪਾਤੜਾਂ ਇਨਾਇਤ ਗੁਪਤਾ ਅਤੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।ਪਿੰਡ ਹਰਚੰਦਪੁਰਾ ਅਤੇ ਬਾਦਸ਼ਾਹਪੁਰ ਵਿਖੇ ਕੁਮਾਰ ਅਮਿਤ ਅਤੇ ਮਨਦੀਪ ਸਿੰਘ ਸਿੱਧੂ ਨੇ ਸਥਾਨਕ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਜ਼ਿਲਾ ਪ੍ਰਸ਼ਾਸਨ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ। ਟਾਂਗਰੀ ਅਤੇ ਮਾਰਕੰਡਾ ਨਦੀਆਂ 'ਚ ਵੱਧ ਪਾਣੀ ਆਉਣ ਕਰ ਕੇ ਹੀ ਘੱਗਰ 'ਚ ਪਾਣੀ ਦਾ ਪੱਧਰ ਵਧਿਆ ਪਰ ਜ਼ਿਲਾ ਪ੍ਰਸ਼ਾਸਨ ਪੂਰੀ ਚੌਕਸੀ ਨਾਲ ਪਾਣੀ ਦੇ ਵਹਾਅ 'ਤੇ ਨਜ਼ਰ ਰਖਦਿਆਂ ਕਿਸੇ ਵੀ ਤਰ੍ਹਾਂ ਦੀ ਹੜ੍ਹਾਂ ਵਰਗੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ।
ਕੁਮਾਰ ਅਮਿਤ ਨੇ ਕਿਹਾ ਕਿ ਲੋਕ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰਨ ਅਤੇ ਪਾਣੀ ਆਉਣ ਬਾਰੇ ਜਾਣਕਾਰੀ ਤੁਰੰਤ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 'ਤੇ ਦਿੱਤੀ ਜਾਵੇ। ਸਿੱਧੂ ਨੇ ਅਪੀਲ ਕੀਤੀ ਕਿ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ। ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ।ਡੀ. ਸੀ. ਨੇ ਜਲ ਨਿਕਾਸ ਵਿਭਾਗ ਨੂੰ ਚੌਕਸ ਕਰਦਿਆਂ ਹਦਾਇਤ ਕੀਤੀ ਪਾਣੀ ਘਟਣ 'ਤੇ ਘੱਗਰ ਦੇ ਵੱਖ-ਵੱਖ ਪੁਲਾਂ ਹੇਠੋਂ ਮਿੱਟੀ ਕੱਢ ਕੇ ਬੈੱਡ ਬਾਰ ਲਾਏ ਜਾਣ। ਵਹਿਣ ਦੀਆਂ ਰੁਕਾਵਟਾਂ ਦੂਰ ਕਰ ਕੇ ਬੰਨ੍ਹ ਹੋਰ ਮਜ਼ਬੂਤ ਕੀਤੇ ਜਾਣ। ਪਾਣੀ ਕਰ ਕੇ ਸੜਕਾਂ ਦੀਆਂ ਬਰਮਾਂ ਨੂੰ ਖੁਰਨ ਤੋਂ ਬਚਾਇਆ ਜਾਵੇ।
ਲੋਕਾਂ ਵੱਲੋਂ ਘੱਗਰ ਨੂੰ ਹੋਰ ਚੌੜਾ ਅਤੇ ਡੂੰਘਾ ਕਰਨ ਦੀ ਮੰਗ 'ਤੇ ਵੀ ਕੁਮਾਰ ਅਮਿਤ ਨੇ ਵਿਭਾਗੀ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਕਿ ਜਿੱਥੇ ਕਿਤੇ ਪਾਣੀ ਉਛਲਣ ਦਾ ਖ਼ਤਰਾ ਹੈ, ਉਥੇ ਤੁਰੰਤ ਮਿੱਟੀ ਨਾਲ ਭਰੇ ਥੈਲੇ ਲਾਏ ਜਾਣ। ਇਸ ਦੌਰਾਨ ਡੀ. ਐੱਸ. ਪੀ. ਪਾਤੜਾਂ ਸੁਖਅੰਮ੍ਰਿਤ ਸਿੰਘ ਰੰਧਾਵਾ, ਐੱਸ. ਡੀ. ਓ. ਨਿਰਮਲ ਸਿੰਘ, ਜੇ. ਈ. ਜਸਪਾਲ ਸਿੰਘ ਸਮੇਤ ਪਿੰਡਾਂ ਦੇ ਵਸਨੀਕ ਵੀ ਮੌਜੂਦ ਸਨ।
ਗਰੀਬਾਂ ਦੇ ਆਸ਼ੀਆਨੇ 'ਤੇ ਹੜ੍ਹ ਦਾ ਕਹਿਰ, ਬਾਤ ਪੁੱਛਣ ਵਾਲਾ ਕੋਈ ਨਹੀਂ
NEXT STORY