ਡੇਰਾਬੱਸੀ (ਸ. ਹ.)¸ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਦੁਸਹਿਰੇ ਦੀ ਸ਼ਾਮ ਜਨੇਤਪੁਰ ਨੇੜੇ ਇਕ ਟਰੱਕ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਉਨ੍ਹਾਂ ਦੀ ਡੇਢ ਸਾਲਾ ਬੱਚੀ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਈ। ਬੱਚੀ ਨੂੰ ਪਹਿਲਾਂ ਡੇਰਾਬੱਸੀ ਹਸਪਤਾਲ ਲਿਆਂਦਾ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਚਾਲਕ ਨੂੰ ਮੌਕੇ 'ਤੇ ਹੀ ਲੋਕਾਂ ਨੇ ਕਾਬੂ ਕਰ ਲਿਆ, ਜੋ ਪੂਰੀ ਤਰ੍ਹਾਂ ਨਸ਼ੇ ਵਿਚ ਸੀ।
ਜਾਣਕਾਰੀ ਮੁਤਾਬਿਕ ਹਾਦਸਾ ਸ਼ਾਮ 4 ਵਜੇ ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਹੋਇਆ। ਦੱਪਰ ਨਿਵਾਸੀ 22 ਸਾਲਾ ਅਜੇ ਪੁੱਤਰ ਸੋਹਨ ਲਾਲ ਅਤੇ ਪਤਨੀ ਨਿਸ਼ਾ ਆਪਣੀ ਡੇਢ ਸਾਲਾ ਬੱਚੀ ਪਿਹੂ ਨੂੰ ਇਬਰਾਹੀਮਪੁਰ ਵਿਖੇ ਦਵਾਈ ਦਿਵਾਉਣ ਤੋਂ ਬਾਅਦ ਮੋਟਰਸਾਈਕਲ 'ਤੇ ਘਰ ਨੂੰ ਪਰਤ ਰਹੇ ਸਨ। ਜਨੇਤਪੁਰ ਟੀ-ਪੁਆਇੰਟ ਕਰਾਸ ਕਰਦੇ ਹੀ ਉਨ੍ਹਾਂ ਨੂੰ ਪਿੱਛੋਂ ਆ ਰਹੇ ਟਰੱਕ ਨੇ ਆਪਣੀ ਲਪੇਟ 'ਚ ਲੈ ਲਿਆ। ਟੱਕਰ ਤੋਂ ਬਾਅਦ ਹੇਠਾਂ ਡਿਗੇ ਪਤੀ-ਪਤਨੀ ਅਤੇ ਮੋਟਰਸਾਈਕਲ ਨੂੰ ਟਰੱਕ ਕਰੀਬ 50 ਮੀਟਰ ਤਕ ਘਸੀਟਦਾ ਹੋਇਆ ਲੈ ਗਿਆ। ਦੋਵੇਂ ਪਤੀ-ਪਤਨੀ ਟਰੱਕ ਹੇਠਾਂ ਕੁਚਲੇ ਗਏ।
ਜਾਂਚ ਅਧਿਕਾਰੀ ਕੇਵਲ ਸਿੰਘ ਨੇ ਦੱਸਿਆ ਕਿ ਚਾਲਕ ਦੀ ਸ਼ਨਾਖਤ ਪਪਲਾ ਪੁੱਤਰ ਜਗੀਰ ਖਾਨ ਨਿਵਾਸੀ ਹਸਨਪੁਰ, ਲਾਲੜੂ ਦੇ ਤੌਰ 'ਤੇ ਹੋਈ ਹੈ।
ਡਬਲ ਮਰਡਰ ਕੇਸ : ਕੇ. ਜੇ. ਸਿੰਘ ਦੇ ਨਜ਼ਦੀਕੀਆਂ 'ਤੇ ਤਿੱਖੀ ਨਜ਼ਰ
NEXT STORY