ਤਲਵੰਡੀ ਸਾਬੋ(ਮੁਨੀਸ਼)-ਨਗਰ ਦੇ ਰੋੜੀ ਰੋਡ 'ਤੇ ਅੱਜ ਇਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦੋਂਕਿ ਇਕ ਔਰਤ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਿੰਡ ਗਿਆਨਾ ਦਾ ਮਜ਼ਦੂਰ ਕੁਲਦੀਪ ਸਿੰਘ ਆਪਣੀ ਪਤਨੀ ਸੁਖਪਾਲ ਕੌਰ ਨਾਲ ਮੋਟਰਸਾਈਕਲ 'ਤੇ ਆਪਣੀ ਰਿਸ਼ਤੇਦਾਰੀ 'ਚ ਜਾ ਰਿਹਾ ਸੀ ਕਿ ਉਹ ਤਲਵੰਡੀ ਸਾਬੋ ਤੋਂ ਰੋੜੀ ਰੋਡ 'ਤੇ ਬਣੇ ਗੇਟ 'ਤੇ ਖੰਭੇ ਨਾਲ ਟਕਰਾ ਗਿਆ। ਟੱਕਰ ਕਾਰਨ ਦੋਵੇਂ ਪਤੀ-ਪਤਨੀ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਆਸ-ਪਾਸ ਦੇ ਲੋਕਾਂ ਨੇ ਇਲਾਜ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ, ਜਿਥੇ ਹਸਪਤਾਲ 'ਚ ਡਾਕਟਰ ਨੇ ਮੋਟਰਸਾਈਕਲ ਸਵਾਰ ਕੁਲਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਉਸ ਦੀ ਪਤਨੀ ਸੁਖਪਾਲ ਕੌਰ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤਲਵੰਡੀ ਸਾਬੋ ਦੇ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਕੁਲਦੀਪ ਸਿੰਘ ਦੇ ਦੋ ਬੱਚੇ ਹਨ, ਜਦੋਂਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਸੀ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਦੇ ਡੈੱਡ ਹਾਊਸ 'ਚ ਰੱਖ ਦਿੱਤੀ ਗਈ ਹੈ।
ਪਾਬੰਦੀ ਦੀਆਂ ਉੱਡੀਆਂ ਧੱਜੀਆਂ; ਦੇਰ ਰਾਤ ਤੱਕ ਪ੍ਰਦੂਸ਼ਣ ਫੈਲਾਉਂਦੇ ਰਹੇ ਪਟਾਕੇ
NEXT STORY