ਭਵਾਨੀਗੜ੍ਹ (ਕਾਂਸਲ) - ਸਥਾਨਕ ਇਲਾਕੇ ’ਚ ਪਿਛਲੇ ਕਈ ਦਿਨਾਂ ਤੋਂ ਰੁੱਕ-ਰੁੱਕ ਕੇ ਹੋ ਰਹੀ ਤੇਜ਼ ਬਰਸਾਤ ਕਾਰਨ ਨੇੜਲੇ ਪਿੰਡ ਕਾਕੜਾ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਜਾਣ ਕਾਰਨ ਪਰਿਵਾਰ ਦਾ ਕਾਫੀ ਨੁਕਸਾਨ ਹੋਇਆ ਹੈ। ਪੀੜਤ ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਮਰੀਕ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਕਾਕੜਾ ਨੇ ਦੱਸਿਆ ਕਿ ਉਹ ਇਕ ਟਰੱਕ ਡਰਾਇਵਰ ਹੈ ਅਤੇ ਕਿਸੇ ਦੇ ਟਰੱਕ ’ਤੇ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਮੁਸ਼ਕਿਲ ਨਾਲ ਗੁਜਾਰਾ ਚਲਾਉਂਦਾ ਹੈ। ਅਮਰੀਕ ਸਿੰਘ ਨੇ ਦਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਰਸਾਤ ਕਾਰਨ ਉਸ ਦੇ ਘਰ ਦੇ 2 ਕਮਰਿਆਂ ਦੀ ਗਾਡਰ ਬਾਲਿਆ ਵਾਲੀ ਛੱਤ ਅਚਾਨਕ ਡਿੱਗ ਗਈ। ਜਿਸ ਕਾਰਨ ਹੁਣ ਬਰਸਾਤ ਦਾ ਪਾਣੀ ਉਸ ਦੇ ਘਰ ਅੰਦਰ ਡਿੱਗਣ ਕਾਰਨ ਉਸ ਦਾ ਨੁਕਸਾਨ ਕਰ ਰਿਹਾ ਹੈ। ਬਰਸਾਤ ਲਗਾਤਾਰ ਹੋਣ ਕਾਰਨ ਘਰ ਦੀ ਰਹਿੰਦੀ ਛੱਤ ਵੀ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਜਿਸ ਕਾਰਨ ਉਨ੍ਹਾਂ ਦਾ ਵੱਡਾ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਆਮਦਨੀ ਦਾ ਕੋਈ ਹੋਰ ਸਾਧਨ ਨਾ ਹੋਣ ਕਾਰਨ ਉਹ ਆਪਣੇ ਘਰ ਦੀ ਛੱਤ ਬਦਲਣ ਤੋਂ ਪੂਰੀ ਤਰ੍ਹਾਂ ਅਸਮਰੱਥ ਹਨ ਅਤੇ ਉਨ੍ਹਾਂ ਵੱਲੋਂ ਛੱਤ ਉਪਰ ਪਲਾਸਟਿਕ ਦੀ ਤਿਰਪਾਲ ਪਾ ਕੇ ਆਰਜੀ ਤੌਰ ’ਤੇ ਬਰਸਾਤ ਤੋਂ ਬਚਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਤੋਂ ਗਰੀਬ ਪਰਿਵਾਰ ਦੀ ਛੱਤ ਬਦਲਣ ਲਈ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਇਸ ਮੌਕੇ ਮੌਜੂਦ ਅਕਾਲੀ ਦਲ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਕਾਕੜਾ ਅਤੇ ਹੋਰ ਪਿੰਡ ਵਾਸੀਆਂ ਨੇ ਵੀ ਸਰਕਾਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਬੇਘਰ ਹੋਣ ਤੋਂ ਬਚਾਇਆ ਜਾਵੇ ਅਤੇ ਇਸ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ।
ਮੋਬਾਈਲ ਦੀ ਦੁਕਾਨ 'ਚ ਜ਼ੋਰਦਾਰ ਧਮਾਕੇ ਤੋਂ ਬਾਅਦ ਲਗੀ ਭਿਆਨਕ ਅੱਗ, 2 ਲੋਕ ਝੁਲਸੇ
NEXT STORY