ਰੂਪਨਗਰ/ਗੁਰਦਾਸਪੁਰ/ਤਰਨਤਾਰਨ (ਹਰਮਨਪ੍ਰੀਤ, ਸੱਜਣ ਸੈਣੀ) : ਇਸ ਸਾਲ ਫਰਵਰੀ ਮਹੀਨੇ ਤੋਂ ਹਾੜ੍ਹੀ ਦੀਆਂ ਫਸਲਾਂ 'ਤੇ ਬੇਮੌਸਮੀ ਬਰਸਾਤ ਦਾ ਸ਼ੁਰੂ ਹੋਇਆ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਤਹਿਤ ਅੱਜ ਵੀ ਖੇਤਾਂ ਵਿਚ ਪੱਕ ਕੇ ਤਿਆਰ ਖੜੀ ਕਣਕ ਦੀ ਫਸਲ ਨੂੰ ਤੇਜ਼ ਹਨੇਰੀ ਅਤੇ ਮੀਂਹ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਇਸ ਬਰਸਾਤ ਤੇ ਤੂਫਾਨ ਕਾਰਨ ਬੇਸ਼ੱਕ ਕਈ ਇਲਾਕਿਆਂ 'ਚ ਫਸਲ ਦਾ ਨੁਕਸਾਨ ਹੋਣੋ ਬਚ ਗਿਆ, ਪਰ ਮੌਸਮ ਵਿਭਾਗ ਵਲੋਂ ਕੀਤੀ ਭਵਿੱਖਬਾਣੀ ਕਾਰਨ ਅੱਜ ਸਾਰਾ ਦਿਨ ਕਿਸਾਨਾਂ ਦੇ ਸਾਹ ਸੂਤੇ ਰਹੇ। ਆਉਣ ਵਾਲੇ ਦਿਨਾਂ ਵਿਚ ਵੀ ਮੌਸਮ ਦੀ ਖਰਾਬੀ ਦੇ ਡਰ ਕਾਰਨ ਕਿਸਾਨ ਕਾਫੀ ਘਬਰਾਏ ਹੋਏ ਨਜ਼ਰ ਆ ਰਹੇ ਹਨ।
ਪਹਿਲਾਂ ਹੀ ਖੇਤ ਵਾਹ ਚੁੱਕੇ ਹਨ ਕਈ ਕਿਸਾਨ
ਇਕੱਤਰ ਜਾਣਕਾਰੀ ਮੁਤਾਬਕ ਇਸ ਸਾਲ ਫਰਵਰੀ ਮਹੀਨੇ ਹੋਈ ਬਰਸਾਤ ਕਾਰਨ ਪਹਿਲਾਂ ਹੀ ਨੀਵੇਂ ਇਲਾਕਿਆਂ 'ਚ ਕਣਕ ਦੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਖਾਸ ਤੌਰ 'ਤੇ ਨੀਵੇਂ ਇਲਾਕਿਆਂ 'ਚ ਕਣਕ ਦੀ ਫਸਲ ਏਨੀ ਪ੍ਰਭਾਵਿਤ ਹੋ ਗਈ ਸੀ ਕਿ ਫਸਲ ਦਾ ਪੀਲਾਨਪ ਮੁੜ ਠੀਕ ਨਹੀਂ ਹੋਇਆ ਅਤੇ ਕਿਸਾਨਾਂ ਨੂੰ ਮਜਬੂਰੀ ਵਸ ਆਪਣੀ ਫਸਲ ਪੱਕਣ ਤੋਂ ਪਹਿਲਾਂ ਹੀ ਖੇਤਾਂ ਵਿਚ ਵਾਹੁਣੀ ਪਈ। ਇਥੋਂ ਤੱਕ ਕਿ ਕਈ ਕਿਸਾਨ ਹਰੀ ਫਸਲ ਨੂੰ ਹੀ ਚਾਰੇ ਲਈ ਵੇਚ ਕੇ ਖੇਤ ਖਾਲੀ ਕਰ ਚੁੱਕੇ ਹਨ।
![PunjabKesari](https://static.jagbani.com/multimedia/10_48_542437186a7-ll.jpg)
ਖੇਤਾਂ 'ਚ ਵਿਛ ਗਈ ਕਣਕ ਦੀ ਫਸਲ
ਬਰਸਾਤ ਤੇ ਤੇਜ਼ ਹਵਾਵਾਂ ਕਾਰਨ ਗੁਰਦਾਸਪੁਰ, ਰੂਪਨਗਰ ਤੇ ਤਰਨਤਾਰਨ ਜ਼ਿਲੇ ਦੇ ਕਈ ਪਿੰਡਾਂ 'ਚ ਕਣਕ ਦੀ ਫਸਲ ਖੇਤਾਂ ਵਿਚ ਵਿਛ ਗਈ ਅਤੇ ਕਈ ਥਾਈਂ ਸਰੋਂ ਦੀ ਫਸਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਖੇਤੀ ਮਾਹਰਾਂ ਅਨੁਸਾਰ ਇਨ੍ਹਾਂ ਦਿਨਾਂ ਵਿਚ ਪੈਣੀ ਵਾਲੀ ਬਰਸਾਤ ਕਿਸੇ ਵੀ ਪੱਖ ਤੋਂ ਫਸਲਾਂ ਲਈ ਲਾਹੇਵੰਦ ਨਹੀਂ ਹੈ ਕਿਉਂਕਿ ਤੇਜ਼ ਹਵਾਵਾਂ ਨਾਲ ਜਿਥੇ ਫਸਲ ਖੇਤਾਂ ਵਿਚ ਵਿਛਣ ਕਾਰਨ ਵਾਢੀ ਮੌਕੇ ਪ੍ਰੇਸ਼ਾਨੀ ਪੇਸ਼ ਆਵੇਗੀ। ਉਸ ਦੇ ਨਾਲ ਹੀ ਫਸਲ ਦਾ ਝਾੜ ਵੀ ਘਟੇਗਾ। ਮੀਂਹ ਪੈਣ ਦੀ ਸੂਰਤ ਵਿਚ ਫਸਲ ਦਾ ਨੁਕਸਾਨ ਹੋਣ ਤੋਂ ਇਲਾਵਾ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ। ਇਸ ਕਾਰਨ ਹੁਣ ਜਦੋਂ ਫਸਲ ਪੱਕ ਰਹੀ ਹੈ ਤਾਂ ਮੌਸਮ ਦੇ ਮਿਜਾਜ਼ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਹਨ।
![PunjabKesari](https://static.jagbani.com/multimedia/10_49_081808669a6-ll.jpg)
ਜਨਜੀਵਨ ਵੀ ਪ੍ਰਭਾਵਿਤ
ਬਰਸਾਤ ਕਾਰਨ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਜਿਸ ਕਾਰਨ ਕਈ ਥਾਈਂ ਰੁੱਖ ਡਿਗਣ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਬਿਜਲੀ ਕਰਮਚਾਰੀਆਂ ਨੇ ਲੰਮੀ ਜੱਦੋ-ਜਹਿਦ ਤੋਂ ਬਾਅਦ ਖਰਾਬ ਹੋਈਆਂ ਬਿਜਲੀ ਲਾਈਨਾਂ ਨੂੰ ਠੀਕ ਕਰ ਕੇ ਬਿਜਲੀ ਸਪਲਾਈ ਬਹਾਲ ਕਰਵਾਈ। ਇਸ ਦੇ ਨਾਲ ਹੀ ਸ਼ਹਿਰ ਅੰਦਰ ਲਾਇਬ੍ਰੇਰੀ ਰੋਡ 'ਤੇ ਪਾਏ ਜਾ ਰਹੇ ਸੀਵਰੇਜ ਕਾਰਨ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੀਵਰੇਜ ਪੁਵਾਉਣ ਕਾਰਨ ਪੁੱਟੀ ਗਈ ਮਿੱਟੀ ਨੇ ਮੀਂਹ ਦੇ ਪਾਣੀ ਕਾਰਨ ਚਿੱਕੜ ਦਾ ਰੂਪ ਧਾਰਨ ਕਰ ਲਿਆ ਜਿਸ ਦੇ ਨਤੀਜੇ ਵਜੋਂ ਪੈਦਲ ਜਾਣ ਵਾਲੇ ਲੋਕਾਂ ਅਤੇ ਦੋ ਪਹੀਆ ਵਾਹਨਾਂ ਦੇ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਇਸ ਦੇ ਨਾਲ ਹੀ ਰੇਹੜੀ ਵਾਲਿਆਂ ਲਈ ਵੀ ਅੱਜ ਦਾ ਦਿਨ ਮੰਦਾ ਰਿਹਾ ਜਿਨ੍ਹਾਂ ਨੂੰ ਸ਼ਾਮ ਵੇਲੇ ਆਮ ਦਿਨਾਂ ਦੇ ਮੁਕਾਬਲੇ ਘੱਟ ਰੇਟਾਂ 'ਤੇ ਸਾਮਾਨ ਵੇਚਣਾ ਪਿਆ।
'ਰੁੱਸਿਆਂ' ਨੂੰ ਮਨਾਉਣ ਲੱਗੇ ਕੈਪਟਨ
NEXT STORY