ਰੋਪੜ (ਭੰਡਾਰੀ)-ਅੰਤਰਰਾਸ਼ਟਰੀ ਗੈਰ ਲਾਭਕਾਰੀ ਸਹਾਇਤਾ ਤੇ ਰਾਹਤ ਸੰਗਠਨ ਖਾਲਸਾ ਏਡ ਇੰਡੀਆ ਦੇ ਵਾਲੰਟੀਅਰਜ਼ ਨੇ ਅੱਜ ਪੁਲਵਾਮਾ ਵਿਖੇ ਸ਼ਹੀਦ ਹੋਏ ਪਿੰਡ ਰੌਲੀ ਦੇ ਸੈਨਿਕ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆ। ਉਕਤ ਸੰਸਥਾ ਵਲੋਂ ਪਹੁੰਚੇ ਵਾਲੰਟੀਅਰ ਦਮਨਜੀਤ ਸਿੰਘ, ਸਰਵਜੀਤ ਸਿੰਘ ਤੇ ਜਸਕੰਵਰ ਸਿੰਘ ਨੇ ਸੰਸਥਾ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਉਮਰ ਭਰ ਲਈ ਪ੍ਰਤੀ ਮਹੀਨਾ 5 ਹਜ਼ਾਰ ਰੁਪਏ ਦੀ ਪੈਨਸ਼ਨ ਦੇਣ ਦਾ ਐਲਾਨ ਕੀਤਾ ਗਿਆ। ਸੰਸਥਾ ਦੇ ਵਾਲੰਟੀਅਰਜ਼ ਅਨੁਸਾਰ ਉਕਤ ਪੈਨਸ਼ਨ ਰਾਸ਼ੀ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਦੇ ਨਾਂ ’ਤੇ ਹਰ ਮਹੀਨੇ ਉਨ੍ਹਾਂ ਦੇ ਬੈਂਕ ਖਾਤੇ ’ਚ ਜਮ੍ਹਾ ਹੋਇਆ ਕਰੇਗੀ। ਇਸ ਮੌਕੇ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ, ਮਾਤਾ ਅਮਰਜੀਤ ਕੌਰ ਤੇ ਦਾਦਾ ਕਰਨੈਲ ਸਿੰਘ ਨਾਲ ਦੁੱਖ ਜ਼ਾਹਿਰ ਕਰਦਿਆਂ ਸੰਸਥਾ ਦੇ ਵਾਲੰਟੀਅਰਾਂ ਨੇ ਕਿਹਾ ਸੰਸਥਾ ਦੁੱਖ ਦੀ ਇਸ ਘਡ਼ੀ ’ਚ ਪਰਿਵਾਰ ਨਾਲ ਖਡ਼੍ਹੀ ਹੈ ਤੇ ਭਵਿੱਖ ’ਚ ਵੀ ਜ਼ਰੂਰਤ ਪੈਣ ’ਤੇ ਹਰ ਪੱਖੋਂ ਸਹਿਯੋਗ ਲਈ ਤਿਆਰ ਰਹੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹੋਰ ਤਿੰਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ਵਲੋਂ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਅਤੇ ਇਸ ਵਾਸਤੇ ਲੋਡ਼ੀਂਦੇ ਕਾਗਜ਼ ਭਰਵਾ ਲਏ ਗਏ ਹਨ। ਇਸ ਦੌਰਾਨ ਸਰਪੰਚ ਗੁਰਵਿੰਦਰ ਸਿੰਘ, ਗਿਆਨ ਸਿੰਘ ਕੁੰਭੇਵਾਲ, ਅਰਜਨ ਸਿੰਘ, ਸਾਬਕਾ ਸਰਪੰਚ ਪਾਲ ਸਿੰਘ, ਸਾਬਕਾ ਸਰਪੰਚ ਅਸ਼ੋਕ ਕੁਮਾਰ ਝਿੰਜਡ਼ੀ, ਹੁਸਨ ਚੰਦ, ਕਿਰਨਦੀਪ ਸਿੰਘ ਤੇ ਇਕਬਾਲ ਸਿੰਘ ਆਦਿ ਪਿੰਡ ਵਾਸੀ ਤੇ ਸ਼ਹੀਦ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਸੰਜੀਵ ਭਾਰਦਵਾਜ ਬਣੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ
NEXT STORY