ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ ’ਚ 109 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ’ਚ ਮੁੜ ਤੋਂ ਕੋਰੋਨਾ ਬੰਬ ਫਟਿਆ ਹੈ ਜਦੋਂਕਿ ਕੋਰੋਨਾ ਪਾਜ਼ੇਟਿਵ ਹੋਏ 2 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲ੍ਹੇ ’ਚ 151601 ਸੈਂਪਲ ਲਏ ਗਏ, ਜਿਨਾਂ ’ਚੋਂ 146642 ਦੀ ਰਿਪੋਰਟ ਨੈਗੇਟਿਵ ਆਈ ਅਤੇ 1535 ਦੀ ਰਿਪੋਰਟ ਹਾਲੇ ਪੈਂਡਿੰਗ ਹੈ। ਜ਼ਿਲ੍ਹੇ ’ਚ ਹੁਣ ਤੱਕ 4230 ਲੋਕ ਕੋਰੋਨਾ ਤੋਂ ਪਾਜ਼ੇਟਿਵ ਹੋ ਚੁੱਕੇ ਹਨ ਅਤੇ 3664 ਰਿਕਵਰ ਹੋਏ ਹਨ ਜਦੋਂ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ 39 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ ਹੈ। ਜ਼ਿਲ੍ਹੇ ’ਚ ਕੋਰੋਨਾ ਦੇ ਐਕਟਿਵ ਕੇਸਾਂ ਦਾ ਅੰਕੜਾ ਵਧ ਕੇ 385 ਪੁੱਜ ਚੁੱਕਾ ਹੈ ਜਦੋ ਕਿ ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਹੋਏ 181 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਸਿਹਤ ਮਹਿਕਮੇ ਵੱਲੋਂ 768 ਸੈਂਪਲ ਵੀ ਲਏ ਗਏ। ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਉਕਤ ਜੋ 2 ਲੋਕਾਂ ਦੀ ਮੌਤ ਹੋਈ ਦੱਸੀ ਗਈ ਉਸ ’ਚ ਪਹਿਲਾ 42 ਸਾਲਾ ਪੁਰਸ਼ ਬਲਾਕ ਸ੍ਰੀ ਕੀਰਤਪੁਰ ਸਾਹਿਬ ਦੇ ਇਕ ਪਿੰਡ ਦਾ ਨਿਵਾਸੀ ਹੈ, ਜਿਸ ਦਾ ਇਲਾਜ ਜੀ. ਐੱਮ. ਸੀ. ਐੱਚ. ਸੈਕਟਰ 32 ਚੰਡੀਗੜ੍ਹ ’ਚ ਚੱਲ ਰਿਹਾ ਸੀ ਅਤੇ ਦੂਜੀ 73 ਸਾਲਾ ਮਹਿਲਾ ਨਯਾ ਨੰਗਲ ਖੇਤਰ ਨਾਲ ਸਬੰਧਤ ਹੈ, ਜੋ ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਦੀ ਮਰੀਜ਼ ਸੀ ਅਤੇ ਇਸ ਦਾ ਇਲਾਜ ਦਿਯਾ ਨੰਦ ਮੈਡੀਕਲ ਕਾਲਜ ਲੁਧਿਆਣਾ ’ਚ ਚੱਲ ਰਿਹਾ ਸੀ।
ਜ਼ਿਲ੍ਹੇ ’ਚ 5 ਇਲਾਕੇ ਮਾਈਕ੍ਰੋ ਕੰਨਟੇਨਮੈਂਟ ਜ਼ੋਨ ਘੋਸ਼ਿਤ ਕੀਤੇ
ਰੂਪਨਗਰ ਜ਼ਿਲ੍ਹੇ ’ਚ ਬੁੱਧਵਾਰ ਕੋਰੋਨਾ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਜਿਸਤੋਂ ਬਾਅਦ ਜ਼ਿਲ੍ਹੇ ’ਚ 5 ਖੇਤਰਾਂ ਨੂੰ ਮਾਈਕ੍ਰੋ ਕੰਨਟੇਨਮੈਂਟ ਜੋਨ ਘੋਸ਼ਿਤ ਕਰ ਦਿੱਤਾ ਗਿਆ, ਜਿਸ ’ਚ ਦਸ਼ਮੇਸ਼ ਨਗਰ ਰੂਪਨਗਰ ਦਾ ਇਕ ਪਾਰਟ, ਜਵਾਹਰ ਲਾਲ ਨਵੋਦਿਆ ਸੰਧੂਆਂ ਦੀ ਰਿਹਾਇਸ਼ੀ ਕਾਲੋਨੀ, ਪਿੰਡ ਪਹਾੜਪੁਰ, ਸਮਲਾਹ, ਕਾਹੀਵਾਲ (ਸ੍ਰੀ ਅਨੰਦਪੁਰ ਸਾਹਿਬ) ਨੂੰ ਮਾਇਕ੍ਰੋ ਕੰਨਟੇਨਮੈਂਟ ਜੋਨ ਘੋਸ਼ਿਤ ਕੀਤੇ ਗਏ। ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਨੇ ਦੱਸਿਆ ਕਿ ਕੋਰੋਨਾ ਦੇ 5 ਕੇਸਾਂ ਤੋਂ ਵੱਧ ਮਾਮਲੇ ਆਉਣ ’ਤੇ ਸਬੰਧਤ ਖੇਤਰ ਨੂੰ ਮਾਈਕ੍ਰੋ ਕੰਨਟੇਨਮੈਂਟ ਜੋਨ ਘੋਸ਼ਿਤ ਕੀਤਾ ਜਾਂਦਾ ਹੈ।
ਕੋਰੋਨਾ ’ਤੇ ਕਾਬੂ ਪਾਉਣ ਲਈ ਸਿਹਤ ਮਹਿਕਮੇ ਨੂੰ ਸਹਿਯੋਗ ਕਰੋ : ਡਾ. ਭੀਮ ਸੈਨ
ਡਾ. ਭੀਮ ਸੈਨ ਜਿਲਾ ਐਪੀਡੋਮੋਲੋਲਿਸਜਟ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵਿਸ਼ੇਸ਼ ਰੂਪ ’ਚ ਅਪੀਲ ਕਰਦੇ ਦੱਸਿਆ ਕਿ ਕੋਰੋਨਾ ਮਹਾਮਾਰੀ ਹਾਲੇ ਖ਼ਤਮ ਨਹੀਂ ਹੋਈ ਅਤੇ ਜ਼ਿਲ੍ਹੇ ਭਰ ’ਚ ਕੋਰੋਨਾ ਦੇ ਵੱਡੀ ਮਾਤਰਾ ’ਚ ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ’ਤੇ ਕਾਬੂ ਪਾਉਣ ਲਈ ਜ਼ਿਲੇ ਦੇ ਵਸਨੀਕ ਸਿਹਤ ਮਹਿਕਮਾ ਅਤੇ ਸਰਕਾਰ ਨੂੰ ਸਹਿਯੋਗ ਕਰਨ, ਜਿਸ ਦੇ ਲਈ ਮਾਸਕ ਲਗਾਉਣਾ, ਸੋਸ਼ਲ ਦੂਰੀ ਬਣਾ ਕੇ ਰੱਖਣਾ, ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ ਇਕੱਠ ਕੀਤਾ ਜਾਵੇ ਅਤੇ ਭੀਡ਼ ਜਮਾਂ ਨਾ ਹੋਣ ਦਿੱਤੀ ਜਾਵੇ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਮਹਾਂ ਕਿਸਾਨ ਮਜ਼ਦੂਰ ਏਕਤਾ ਰੈਲੀ 24 ਨੂੰ
NEXT STORY