ਜਲੰਧਰ, (ਸੋਮ)- ਪੰਜਾਬ ਦੇ ਸਿਰਮੌਰ ਪੰਜਾਬੀ ਸੂਫ਼ੀ ਗਾਇਕ ਸਾਬਰ ਕੋਟੀ ਦੇ ਅੰਤਿਮ ਸਸਕਾਰ ਮੌਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਹਜ਼ਾਰਾਂ ਕਲਾ ਪ੍ਰੇਮੀ ਅਤੇ ਕਲਾਕਾਰ ਵਹੀਰਾਂ ਘੱਤ ਕੇ ਉਸ ਦੇ ਜੱਦੀ ਪਿੰਡ ਕੋਟ ਕਰਾਰ ਖਾਂ ਪੁੱਜੇ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਚਾਰ ਚੁਫੇਰੇ ਜੁੜੇ ਲੋਕ ਇਸ ਗੱਲ ਦੀ ਗਵਾਹੀ ਭਰਦੇ ਸਨ ਕਿ ਅੱਜ ਉਨ੍ਹਾਂ ਤੋਂ ਇਕ ਸੁਰੀਲਾ ਫ਼ਨਕਾਰ ਸਦਾ ਲਈ ਅੱਖੋਂ ਓਹਲੇ ਹੋ ਗਿਆ ਹੈ।
ਸਾਬਰ ਕੋਟੀ ਉਂਗਲੀਆਂ 'ਤੇ ਗਿਣੇ ਜਾਣ ਵਾਲੇ ਸੁਰੀਲੇ ਗਾਇਕਾਂ ਵਿਚੋਂ ਇਕ ਸਨ, ਜਿਨ੍ਹਾਂ ਨੂੰ ਸੁਰ ਕਲਾਮ ਦੀ ਅਸਲ ਸੂਝ ਹੁੰਦੀ ਹੈ। ਭਾਵੇਂ ਉਹ ਅਸਲ ਵਿਚ ਇਕ ਸੂਫ਼ੀ ਗਾਇਕ ਸਨ ਪਰ ਉਨ੍ਹਾਂ ਦੇ ਕਮਰਸ਼ੀਅਲ ਗਾਣਿਆਂ ਨੇ ਕਿਸੇ ਵੇਲੇ ਸੰਗੀਤ ਜਗਤ ਵਿਚ ਪੂਰੀ ਧੁੰਮ ਮਚਾਈ ਸੀ। ਉਨ੍ਹਾਂ ਦੇ ਗੀਤ 'ਅਸੀਂ ਰੋਜ਼ ਵੈਰਨੇ ਥੋੜ੍ਹਾ ਥੋੜ੍ਹਾ ਮੁੱਕਦੇ ਜਾਂਦੇ ਹਾਂ', 'ਉਹ ਮੌਸਮ ਵਾਂਗੂ ਬਦਲ ਗਏ, ਅਸੀਂ ਰੁੱਖਾਂ ਵਾਗੂੰ ਖੜ੍ਹੇ ਰਹੇ', 'ਦਿਲ ਕੱਢ ਕੇ ਸੁੱਟਣਾ ਬਾਕੀ ਏ', 'ਤਾਰਾ ਅੰਬਰਾਂ ਤੇ ਕੋਈ ਕੋਈ ਏ' ਤੋਂ ਇਲਾਵਾ ਹੋਰ ਦਰਜਨਾਂ ਹਿੱਟ ਗੀਤ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿਚ ਵਸੇ ਹੋਏ ਹਨ। ਸਾਬਰ ਕੋਟੀ ਦੇ ਤੁਰ ਜਾਣ ਨਾਲ ਪੰਜਾਬੀ ਸੰਗੀਤ ਜਗਤ ਦਾ ਇਕ ਹੋਰ ਅਨਮੋਲ ਹੀਰਾ ਅੰਬਰਾਂ ਦਾ ਤਾਰਾ ਬਣ ਗਿਆ ਹੈ। ਉਹ ਆਪਣੇ ਪਿੱਛੇ ਆਪਣੀ ਪਤਨੀ ਰੀਟਾ ਸਾਬਰ, ਦੋ ਬੇਟੇ ਤੇ ਇਕ ਬੇਟੀ ਛੱਡ ਗਏ।
ਉਨ੍ਹਾਂ ਦਾ ਅੰਤਿਮ ਸੰਸਕਾਰ (ਸਪੁਰਦ-ਏ-ਖਾਕ) ਉਨ੍ਹਾਂ ਦੇ ਜੱਦੀ ਪਿੰਡ ਕੋਟ ਕਰਾਰ ਖਾਂ ਵਿਖੇ ਕੀਤਾ ਗਿਆ ਜਿੱਥੇ ਹਜ਼ਾਰਾਂ ਨਮ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਉਸਤਾਦ ਪੂਰਨ ਸ਼ਾਹਕੋਟੀ, ਪ੍ਰੋ. ਬੀ. ਅੱੈਸ. ਨਾਰੰਗ, ਹੰਸ ਰਾਜ ਹੰਸ, ਯੁਵਰਾਜ ਹੰਸ, ਬੂਟਾ ਮੁਹੰਮਦ, ਫਿਰੋਜ਼ ਖਾਨ, ਸਲੀਮ, ਨਛੱਤਰ ਗਿੱਲ, ਲਹਿੰਬਰ ਹੁਸੈਨਪੁਰੀ, ਰਿਟਾਇਰ ਡੀ. ਐੱਸ. ਪੀ. ਭੁਪਿੰਦਰ ਸਿੰਘ ਥਿੰਦ, ਮੰਗਲ ਹਠੂਰ, ਅਮਰਿੰਦਰ ਬੌਬੀ, ਰੰਜਨਾ, ਦੀਪਕ ਬਾਲੀ, ਖਾਨ ਸਾਹਬ, ਦਲਵਿੰਦਰ ਦਿਆਲਪੁਰੀ, ਸੁਰਿੰਦਰ ਲਾਡੀ, ਕੁਲਵਿੰਦਰ ਕਿੰਦਾ, ਸੋਹਣ ਸਿਕੰਦਰ, ਨਿਰਧਨ ਕਰਤਾਰਪੁਰੀ, ਕਾਲਾ ਨਿਜ਼ਾਮਪੁਰੀ, ਮਦਨ ਜਲੰਧਰੀ, ਹਰਜਿੰਦਰ ਬੱਲ, ਪ੍ਰੀਤੋ, ਦਿਲਜਾਨ, ਬਖਸ਼ੀ ਬਿੱਲਾ, ਦਲਜੀਤ ਬਿੱਟੂ, ਵਿੱਕੀ ਬਾਦਸ਼ਾਹ, ਕੁਲਦੀਪ ਚੁੰਬਰ, ਬਲਵਿੰਦਰ ਮੱਤੇਵਾੜੀਆ, ਸੁਖਵੀਰ ਰਾਣਾ, ਸਰਦਾਰ ਅਲੀ, ਸ਼ੌਕਤ ਦੀਵਾਨਾ, ਸਾਈਂ ਮਧੂ, ਸੋਨੂੰ ਸਿੰਘ, ਜਤਿੰਦਰ ਜੀਤੂ, ਇੰਸ. ਗੁਰਦੀਪ ਸਿੰਘ ਨਾਰੰਗਪੁਰ, ਸਰਪੰਚ ਸੁਰਜੀਤ ਸਿੰਘ ਨਾਰੰਗਪੁਰ, ਰਣਜੀਤ ਮਾਨ, ਹਰਜੀਤ ਸਿਤਾਰਾ, ਗੁਰਨਾਮ ਸਿੰਘ ਗਾਜੀਪੁਰ, ਬੀਬੀ ਅਮਰਜੀਤ ਕੌਰ, ਮਲਕੀਤ ਭੌਰ, ਬਲਦੇਵ ਰਾਹੀ, ਹਰਮਨ ਹੈਪੀ, ਬੀ. ਅੱੈਸ. ਜੱਖੂ, ਬੀ. ਕੇ. ਮਾਨ, ਜਗਦੀਸ਼ ਖੋਸਲਾ, ਅਮਰੀਕ ਮਾਈਕਲ, ਬਲਵਿੰਦਰ ਦਿਲਦਾਰ, ਜਸਵਿੰਦਰ ਆਜ਼ਾਦ, ਅਮਰੀਕ ਕੁਲਾਰ, ਰਮੇਸ਼ ਨੁੱਸੀਵਾਲ, ਮਹਿੰਦਰ ਸੰਧੂ ਮਹੇੜੂ, ਰਾਜ ਭਗਤ, ਵਿੱਕੀ ਵਾਲੀਆ, ਗਗਨ ਥਿੰਦ, ਧੀਰਾ ਮੇਜਰ, ਐੱਨ. ਕੇ. ਨਾਹਰ, ਗਾਇਕ ਲੂਸੀਵਾਲ, ਐਂਕਰ ਦਿਨੇਸ਼, ਘੁੱਲਾ ਕਪੂਰਥਲੀਆ, ਗਿੱਲ ਬਲਕਾਰ ਸਮੇਤ ਵੱਡੀ ਗਿਣਤੀ ਵਿਚ ਕਲਾਕਾਰਾਂ ਤੇ ਸੰਗੀਤ ਪ੍ਰੇਮੀਆਂ ਨੇ ਪਹੁੰਚ ਕੇ ਆਪਣੇ ਸੁਰੀਲੇ ਫ਼ਨਕਾਰ ਨੂੰ ਹੱਥੀਂ ਵਿਦਾ ਕੀਤਾ।
ਅੰਤਿਮ ਸੰਸਕਾਰ ਉਪਰੰਤ ਸਾਬਰ ਕੋਟੀ ਦੇ ਪਿੰਡ ਕੋਟ ਕਰਾਰ ਖਾਂ ਦੀ ਪੰਚਾਇਤ ਨੇ ਉਸ ਦੇ ਸਤਿਕਾਰ ਵਿਚ ਉਸਦੀ ਯਾਦਗਾਰ ਬਣਾਉਣ ਲਈ ਜ਼ਮੀਨ ਦੇਣ ਦਾ ਵੀ ਐਲਾਨ ਕੀਤਾ ਜਿੱਥੇ ਸਾਬਰ ਕੋਟੀ ਦੀ ਮ੍ਰਿਤਕ ਦੇਹ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਸਾਬਰ ਕੋਟੀ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸੰਗੀਤ ਜਗਤ ਵਿਚ ਇਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਅਤੇ ਹਰ ਕੋਈ ਇਹ ਕਹਿ ਰਿਹਾ ਸੀ ਕਿ ਸਾਬਰ ਕੋਟੀ ਵਰਗਾ ਸੁਰੀਲਾ ਕਲਾਕਾਰ ਕਦੇ ਸਦੀਆਂ ਬਾਅਦ ਹੀ ਪੈਦਾ ਹੁੰਦਾ ਹੈ ਤੇ ਉਸ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਪਿਆਰ ਕਰਨ ਵਾਲਿਆਂ ਨੂੰ ਵੱਡਾ ਸਦਮਾ ਲੱਗਾ ਹੈ ਜੋ ਅਸਹਿ ਤੇ ਅਕਹਿ ਹੈ। ਸਵ. ਗਾਇਕ ਸਾਬਰ ਕੋਟੀ ਜੀ ਨਮਿੱਤ ਅੰਤਿਮ ਅਰਦਾਸ 3 ਫਰਵਰੀ ਨੂੰ ਪਿੰਡ ਕੋਟ ਕਰਾਰ ਖਾਂ ਵਿਖੇ ਹੋਵੇਗੀ।
ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਲ-ਨਾਲ ਬੇਟੀ ਵਸਾਓ ਦਾ ਵੀ ਸੰਕਲਪ ਲੈਣਾ ਜ਼ਰੂਰੀ : ਸ਼੍ਰੀ ਵਿਜੇ ਚੋਪੜਾ
NEXT STORY