ਪੰਜਾਬ — ਬ੍ਰਿਟਿਸ਼ਾਂ ਸਰਕਾਰ ਦੇ ਅੱਤਿਆਚਾਰ ਤੇ ਜ਼ੁਲਮਾਂ ਦੀ ਹੱਦ ਕਾਰਨ ਦੇਸ਼ ਦੇ ਚਾਰੋਂ ਪਾਸੇ ਹਾਹਾਕਾਰ ਮਚੀ ਹੋਈ ਸੀ। ਅੰਗ੍ਰੇਜ਼ ਦੋਵਾਂ ਹੱਥਾਂ ਨਾਲ ਭਾਰਤ ਦੇ ਲੋਕਾਂ ਅਤੇ ਭਾਰਤ ਦੀ ਜਾਇਦਾਦ ਨੂੰ ਲੁੱਟ ਰਹੇ ਸਨ। ਭਾਰਤ ਦੇਸ਼ ਵਿਚ ਵਪਾਰ ਕਰਨ ਆਏ ਅੰਗ੍ਰੇਜ਼ ਭਾਰਤ ਦੀਆਂ ਵਡਮੁੱਲੀਆਂ ਵਸਤੂਆਂ ਆਪਣੇ ਦੇਸ਼ ਭੇਜ ਰਹੇ ਸਨ। ਇਨ੍ਹਾਂ ਹੀ ਨਹੀਂ ਭਾਰਤੀ ਹਕੂਮਤ ਤੇ ਭਾਰਤੀ ਰਾਜਿਆਂ 'ਤੇ ਵੀ ਅੰਗ੍ਰੇਜ਼ ਆਪਣਾ ਦਬਦਬਾ ਬਣਾ ਰਹੇ ਸਨ। ਅੰਗ੍ਰੇਜ਼ਾਂ ਨੇ ਦੋਵਾਂ ਹੱਥਾਂ ਨਾਲ 200 ਸਾਲ ਭਾਰਤ ਨੂੰ ਲੁੱਟਿਆ। ਅੰਗਰੇਜ਼ਾਂ ਨੇ ਆਪਣਾ ਇੰਨ੍ਹਾ ਦਬਦਬਾ ਬਣਾ ਲਿਆ ਕਿ ਉਨ੍ਹਾਂ ਨੂੰ ਦੇਸ਼ ਵਿਚੋਂ ਬਾਹਰ ਕੱਢਣਾ ਬਹੁਤ ਔਖਾ ਲੱਗ ਰਿਹਾ ਸੀ। ਅਜਿਹੇ ਸਮੇਂ ਭਾਰਤ ਦੀ ਧਰਤੀ ਨੇ ਇਨ੍ਹਾਂ ਨਾਲ ਮੁਕਾਬਲਾ ਕਰਨ ਲਈ ਕਈ ਬਹਾਦਰ ਪੁੱਤਰ ਪੈਦਾ ਕੀਤੇ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਅੰਗਰੇਜ਼ਾਂ ਦੇ ਦੰਦ ਖੱਟੇ ਕੀਤੇ। ਭਾਰਤ ਦੇਸ਼ ਦੇ ਕਈ ਬਹਾਦਰ ਪੁੱਤਰਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਖਾਤਰ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਇਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਸ਼ਹੀਦ ਭਗਤ ਸਿੰਘ ਦਾ, ਜਿੰਨ੍ਹਾ ਨੇ ਆਪਣੇ ਦੇਸ਼ ਖਾਤਰ ਹੱਸਦੇ-ਹੱਸਦੇ ਆਪਣੀ ਜਾਨ ਵਾਰ ਦਿੱਤੀ।
ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤਿੰਨ ਪੱਕੇ ਕ੍ਰਾਂਤੀਕਾਰੀ ਦੋਸਤ ਸਨ। ਤਿੰਨ੍ਹਾਂ ਨੇ ਆਪਣੇ ਪ੍ਰਗਤੀਸ਼ੀਲ ਅਤੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਭਾਰਤ ਦੇ ਨੌਜਵਾਨਾਂ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦਿਵਾਨਗੀ ਪੈਦਾ ਕਰ ਦਿੱਤੀ। ਜਿਸ ਤੋਂ ਬਾਅਦ ਅੰਗਰੇਜ਼ ਸਰਕਾਰ ਨੂੰ ਵੀ ਅੰਦਰੋਂ ਡਰ ਲੱਗਣ ਲੱਗ ਗਿਆ ਕਿ ਕਿਤੇ ਉਨ੍ਹਾਂ ਨੂੰ ਇਥੋਂ ਭੱਜਣਾ ਹੀ ਨਾ ਪੈ ਜਾਵੇ। ਤਿੰਨਾ ਨੇ ਬ੍ਰਿਟਿਸ਼ ਸਰਕਾਰ ਦਾ ਜੀਉਣਾ ਮੁਹਾਲ ਕਰ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਤਿੰਨ੍ਹਾਂ ਨੂੰ ਇਕੱਠੇ 24 ਮਾਰਚ 1931 ਦੇ ਦਿਨ ਦੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਇਨ੍ਹਾਂ ਤਿੰਨ੍ਹਾਂ ਦੀ ਫਾਂਸੀ ਦੀ ਸਜ਼ਾ ਸੁਣ ਕੇ ਲੋਕ ਇੰਨਾ ਜ਼ਿਆਦਾ ਭੜਕ ਗਏ ਕਿ ਵੱਡੀ ਗਿਣਤੀ ਲੋਕਾਂ ਨੇ ਜੇਲ ਨੂੰ ਘੇਰ ਲਿਆ।
ਬ੍ਰਿਟਿਸ਼ ਸਰਕਾਰ ਡਰ ਗਈ ਕਿਤੇ ਵਿਦਰੋਹ ਨਾ ਹੋ ਜਾਵੇ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਇਕ ਦਿਨ ਪਹਿਲਾਂ 23 ਮਾਰਚ 1931 ਦੀ ਰਾਤ ਨੂੰ ਹੀ ਭਗਤ ਸਿੰਘ, ਸੁਖਦੇਵ ਅਤੇ ਰਾਜ ਗੁਰੂ ਨੂੰ ਫਾਂਸੀ ਦੇ ਦਿੱਤੀ ਅਤੇ ਚੋਰੀ-ਚੋਰੀ ਰਾਤ ਨੂੰ ਜੰਗਲ ਵਿਚ ਲਿਜਾ ਕੇ ਸਸਕਾਰ ਕਰ ਦਿੱਤਾ। ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਲੋਕ ਗੁੱਸੇ ਵਿਚ ਉਧਰ ਭੱਜੇ ਗਏ। ਆਪਣੀ ਜਾਨ ਬਚਾਉਣ ਦੀ ਖਾਤਰ ਤੇ ਸਬੂਤ ਮਿਟਾਉਣ ਦੀ ਖਾਤਰ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਦੇਸ਼ ਦੇ ਪੁੱਤਰਾਂ ਦੀਆਂ ਅੱਧ ਸੜੀਆਂ ਲਾਸ਼ਾਂ ਨੂੰ ਹੀ ਨਦੀ ਵਿਚ ਸੁੱਟ ਦਿੱਤਾ। ਛੋਟੀ ਉਮਰ ਦੇ ਆਜ਼ਾਦੀ ਦੇ ਦੀਵਾਨੇ ਤਿੰਨੋਂ ਜਵਾਨ ਆਪਣੇ ਦੇਸ਼ ਲਈ ਕੁਰਬਾਨ ਹੋ ਗਏ। ਅੱਜ ਵੀ ਇਹ ਤਿੰਨੋਂ ਸ਼ਹੀਦ ਨੌਜਵਾਨ ਪੀੜ੍ਹੀ ਦੇ ਆਦਰਸ਼ ਹਨ।
ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਇਨ੍ਹਾਂ ਤਿੰਨ੍ਹਾ ਦੀ ਸ਼ਹੀਦੀ ਨੂੰ ਪੂਰਾ ਸੰਸਾਰ ਇੱਜ਼ਤ ਦੀ ਨਜ਼ਰ ਨਾਲ ਦੇਖਦਾ ਹੈ। ਇਸ ਦੇ ਨਾਲ ਹੀ ਇਸ ਨੂੰ ਭਾਰਤ ਦੇ ਇਤਿਹਾਸ ਵਿਚ ਅਹਿਮ ਘਟਨਾ ਮੰਨਿਆ ਜਾਂਦਾ ਹੈ। ਜਿਥੇ ਇਕ ਪਾਸੇ ਭਗਤ ਸਿੰਘ ਅਤੇ ਸੁਖਦੇਵ ਕਾਲਜ ਦੇ ਨੌਜਵਾਨ ਵਿਦਿਆਰਥੀ ਦੇ ਰੂਪ ਵਿਚ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਸਪਨਾ ਦੇਖਦੇ ਸਨ, ਇਸ ਦੇ ਨਾਲ ਹੀ ਦੂਸਰੇ ਪਾਸੇ ਰਾਜਗੁਰੂ ਸਕੂਲੀ ਵਿਦਿਆ ਦੇ ਨਾਲ ਨਾਲ ਕਸਰਤ ਦੇ ਕਾਫੀ ਸੌਕੀਨ ਸਨ ਅਤੇ ਉਨ੍ਹਾਂ ਦਾ ਨਿਸ਼ਾਨਾ ਵੀ ਬਹੁਤ ਤੇਜ਼ ਸੀ।
ਇਹ ਸਾਰੇ ਲੋਕ ਚੰਦਰਸ਼ੇਖਰ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ ਕਿ ਉਨ੍ਹਾਂ ਨੇ ਕ੍ਰਾਂਤੀਕਾਰੀ ਦਲ ਵਿਚ ਸ਼ਾਮਲ ਹੋ ਕੇ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ ਸੀ। ਇਸ ਕ੍ਰਾਂਤੀਕਾਰੀ ਦਲ ਦਾ ਇਕ ਹੀ ਉਦੇਸ਼ ਸੀ ਕਿ ਤਿਆਗ ਦੀ ਭਾਵਨਾ ਮਨ ਵਿਚ ਲੈ ਕੇ ਦੇਸ਼ ਲਈ ਜੀਵਨ ਦਾ ਬਲੀਦਾਨ ਦੇਣ ਵਾਲੇ ਨੌਜਵਾਨ ਤਿਆਰ ਕਰਨਾ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ 17 ਦਸੰਬਰ 1928 ਨੂੰ ਭਗਤ ਸਿੰਘ ਅਤੇ ਰਾਜਗੁਰੂ ਨੇ ਅੰਗਰੇਜ਼ ਅਫਸਰ ਸਾਂਡਰਸ 'ਤੇ ਗੋਲੀਆਂ ਚਲਾਈਆਂ। ਹਾਲਾਂਕਿ ਉਹ ਖੂਨ-ਖਰਾਬੇ ਦੇ ਹੱਕ ਵਿਚ ਨਹੀਂ ਸਨ ਪਰ ਅੰਗਰੇਜ਼ਾ ਦੇ ਅੱਤਿਆਚਾਰ ਅਤੇ ਮਜ਼ਦੂਰ ਨੀਤੀਆਂ ਨੇ ਉਨ੍ਹਾਂ ਅੰਦਰ ਗੁੱਸੇ ਦੀ ਜਵਾਲਾ ਭੜਕਾ ਦਿੱਤੀ ਸੀ। ਅੰਗਰੇਜ਼ਾਂ ਨੂੰ ਇਹ ਦੱਸਣ ਲਈ ਕਿ ਹੁਣ ਉਨ੍ਹਾਂ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਪੂਰਾ ਭਾਰਤ ਜਾਗ ਗਿਆ ਹੈ ਇਹ ਅੰਗਰੇਜ਼ਾ ਨੂੰ ਦੱਸਣ ਲਈ ਭਗਤ ਸਿੰਘ ਨੇ ਕੇਂਦਰੀ ਅਸੈਂਬਲੀ 'ਚ ਬੰਬ ਸੁੱਟਣ ਦੀ ਯੋਜਨਾ ਬਣਾਈ। ਉਹ ਇਹ ਵੀ ਚਾਹੁੰਦੇ ਸਨ ਕਿ ਕਿਸੇ ਤਰ੍ਹ੍ਹਾਂ ਦਾ ਖੂਨ ਖਰਾਬਾ ਨਾ ਹੋਵੇ।
ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਲ ਦੀ ਸਹਿਮਤੀ ਨਾਲ ਇਸ ਕਾਰਜ ਲਈ ਚੁਣੇ ਗਏ। ਇਸ ਪ੍ਰੋਗਰਾਮ ਅਨੁਸਾਰ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਵਿਚ ਓਸ ਥਾਂ ਬੰਬ ਸੁੱਟੇ ਗਏ ਜਿਥੇ ਕੋਈ ਵੀ ਮੌਜੂਦ ਨਹੀਂ ਸੀ। ਭਗਤ ਸਿੰਘ ਚਾਹੁੰਦੇ ਤਾਂ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ। 'ਇੰਕਲਾਬ-ਜ਼ਿੰਦਾਬਾਦ' ਦਾ ਨਾਅਰਾ ਲਗਾਉਂਦੇ ਹੋਏ ਉਨ੍ਹਾਂ ਨੇ ਕਈ ਪਰਚੇ ਹਵਾ ਵਿਚ ਉਡਾਏ ਤਾਂ ਜੋ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਏ ਜਾ ਸਕਣ। ਉਹ ਇਕ ਇਸ ਤਰ੍ਹਾਂ ਦੀ ਵਿਵਸਥਾ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਜਿਥੇ ਸਾਰੇ ਸਬੰਧ ਸਮਾਨਤਾ ਦੇ ਅਧਾਰ 'ਤੇ ਹੋਣ ਅਤੇ ਹਰ ਇਕ ਨੂੰ ਆਪਣੀ ਮਿਹਨਤ ਦਾ ਪੂਰਾ ਹੱਕ ਮਿਲੇ।
1 ਅਕਤੂਬਰ 1929 ਨੂੰ ਭਗਤ ਸਿੰਘ ਨੇ ਜੇਲ ਵਿਚ ਇਕ ਪੱਤਰ ਭਾਰਤ ਦੇ ਨੌਜਵਾਨਾਂ ਦੇ ਨਾਮ ਲਿਖਿਆ ਜਿਸ ਵਿਚ ਉਨ੍ਹਾਂ ਨੇ ਸੰਦੇਸ਼ ਦਿੱਤਾ ਸੀ ਕਿ ਆਜ਼ਾਦੀ ਹਰੇਕ ਮਨੁੱਖ ਦਾ ਹੱਕ ਹੈ। ਜੇਲ ਵਿਚ ਇਨ੍ਹਾਂ ਤਿੰਨਾਂ 'ਤੇ ਅਤੇ ਹੋਰ ਕੈਦੀਆਂ 'ਤੇ ਵੀ ਬ੍ਰਿਟਿਸ਼ ਸਰਕਾਰ ਅਤਿਆਚਾਰ ਕਰਦੀ ਰਹੀ। ਇਨ੍ਹਾਂ ਦੀ ਭੁੱਖ ਹੜਤਾਲ ਤੋੜਣ ਲਈ ਬ੍ਰਿਟਿਸ਼ ਸਰਕਾਰ ਨੇ ਗੈਰ ਮਨੁੱਖੀ ਜ਼ੁਲਮ ਕੀਤੇ ਪਰ ਉਹ ਦੀ ਹਿੰਮਤ ਅੱਗੇ ਅੰਗਰੇਜ਼ ਸਰਕਾਰ ਹਾਰ ਗਈ। ਛੋਟੀ ਉਮਰ ਵਿਚ ਹੀ ਦੇਸ਼ 'ਤੇ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਪ੍ਰਣਾਮ।
ਕਾਂਗਰਸ ਸੰਸਦ ਮੈਂਬਰ ਦਾ ਲੰਗਰ 'ਤੇ GST ਨੂੰ ਲੈ ਕੇ PM ਨੂੰ ਖੱਤ, ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ
NEXT STORY