ਬਟਾਲਾ (ਬੇਰੀ)-ਬੀਤੇ ਦਿਨੀਂ ਬਟਾਲਾ ਦੀ ਨਵੀਂ ਆਬਾਦੀ ਉਮਰਪੁਰਾ ਵਿਖੇ ਰਹਿਣ ਵਾਲੇ ਨੌਜਵਾਨ ਵਲੋਂ ਇਕ ਟਰੈਵਲ ਏਜੰਟ ਵੱਲੋਂ ਕਰਵਾਏ ਗਏ ਪਰਚੇ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਗਈ ਸੀ, ਜਿਸ ਦੀ ਅੱਜ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਸੇਵਕ ਸਿੰਘ ਨੇ ਜ਼ਹਿਰੀਲੀ ਦਵਾਈ ਖਾਣ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ, ਜਿਸ ’ਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਟਰੈਵਲ ਏਜੰਟ ਅਤੇ ਉਸ ਦੇ ਸਾਥੀਆਂ ਨੂੰ ਦੱਸਿਆ ਹੈ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਗੁਰਸੇਵਕ ਸਿੰਘ ਦੀ ਲਾਸ਼ ਨੂੰ ਗਾਂਧੀ ਚੌਕ ਬਟਾਲਾ ਵਿਖੇ ਰੱਖ ਕੇ ਅੱਤ ਦੀ ਗਰਮੀ ’ਚ 2 ਘੰਟੇ ਤੱਕ ਉਕਤ ਟਰੈਵਲ ਏਜੰਟ ਵਿਰੁੱਧ ਧਰਨਾ ਦਿੰਦੇ ਹੋਏ ਉਸ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਉਕਤ ਟਰੈਵਲ ਏਜੰਟ ਅਤੇ ਉਸਦੇ ਸਾਥੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਉਣ। ਉਨ੍ਹਾਂ ਕਿਹਾ ਕਿ ਜਦ ਤੱਕ ਪੁਲਸ ਪ੍ਰਸ਼ਾਸਨ ਉਕਤ ਟਰੈਵਲ ਏਜੰਟ ਵਿਰੁੱਧ ਕੋਈ ਕਾਰਵਾਈ ਨਹੀਂ ਕਰਦਾ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਇਕ ਟਰੈਵਲ ਏਜੰਟ ਰਾਹੀਂ ਆਪਣੇ ਲੜਕੇ ਗੁਰਸੇਵਕ ਸਿੰਘ ਨੂੰ ਸਾਊਦੀ ਅਰਬ ਭੇਜਿਆ ਸੀ ਅਤੇ ਉਕਤ ਟਰੈਵਲ ਏਜੰਟ ਵੱਲੋਂ ਉਨ੍ਹਾਂ ਕੋਲੋਂ 2 ਲੱਖ ਰੁਪਏ ਲਏ ਗਏ ਸਨ।
ਜਬਰ-ਜ਼ਿਨਾਹ ਦੇ ਝੂਠੇ ਪਰਚੇ ਤੋਂ ਪ੍ਰੇਸ਼ਾਨ ਸੀ ਗੁਰਸੇਵਕ
ਉਨ੍ਹਾਂ ਕਿਹਾ ਕਿ ਭਾਵੇਂ ਉਕਤ ਟਰੈਵਲ ਏਜੰਟ ਨੇ ਉਨ੍ਹਾਂ ਦੇ ਲੜਕੇ ਨੂੰ ਵਿਦੇਸ਼ ਭੇਜ ਦਿੱਤਾ ਸੀ ਪਰ ਉਸ ਨੂੰ ਕੰਪਨੀ ਵਲੋਂ 4 ਮਹੀਨੇ ਬਾਅਦ ਹੀ ਵਾਪਸ ਭਾਰਤ ਭੇਜ ਦਿੱਤਾ ਗਿਆ ਅਤੇ ਜਦ ਉਹ ਆਪਣੇ ਪੈਸੇ ਵਾਪਸ ਲੈਣ ਉਕਤ ਟਰੈਵਲ ਏਜੰਟ ਦੇ ਦਫਤਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਗਏ ਤਾਂ ਏਜੰਟ ਨੇ ਉਨ੍ਹਾਂ ਨੂੰ ਪੈਸੇ ਵਾਪਸ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ ਅਤੇ ਉਲਟਾ ਉਨ੍ਹਾਂ ਦੇ ਲੜਕੇ ਗੁਰਸੇਵਕ ਸਿੰਘ ਵਿਰੁੱਧ ਝੂਠਾ ਜਬਰ-ਜ਼ਨਾਹ ਦਾ ਪਰਚਾ ਦਰਜ ਕਰਵਾ ਦਿੱਤਾ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਕਿਹਾ ਕਿ 12 ਮਈ ਨੂੰ ਉਨ੍ਹਾਂ ਦੇ ਲੜਕੇ ਨੇ ਉਕਤ ਟਰੈਵਲ ਏਜੰਟ ਵਲੋਂ ਕਰਵਾਏ ਗਏ ਪਰਚੇ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਸੀ, ਜਿਸ ਦੀ ਅੱਜ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ।
ਪੁਲਸ ਦੇ ਭਰੋਸੇ ਤੋਂ ਬਾਅਦ ਚੁੱਕਿਆ ਧਰਨਾ
ਓਧਰ ਦੂਜੇ ਪਾਸੇ ਧਰਨੇ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਦੇਵ ਸਿੰਘ, ਐੱਸ. ਐੱਚ. ਓ. ਸਿਟੀ ਬਲਵਿੰਦਰ ਸਿੰਘ ਭਾਰੀ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਂਦੇ ਹੋਏ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੁਲਸ ਵਲੋਂ ਉਕਤ ਟਰੈਵਲ ਏਜੰਟ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਸੁਰਿੰਦਪਰਾਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮ੍ਰਿਤਕ ਗੁਰਸੇਵਕ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ ’ਚ ਦਿਨ-ਦਿਹਾੜੇ ਵਾਪਰੀ ਲੁੱਟ ਦੀ ਵਾਰਦਾਤ: ਹੋਟਲ ਦੇ ਮਾਲਕ ਦੀ ਕਾਰ ਲੈ ਦੌੜੇ ਲੁਟੇਰੇ
NEXT STORY