ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੀ ਕਾਂਗਰਸ 'ਚ ਅੱਜ ਉਸ ਸਮੇਂ ਧਮਾਕਾ ਹੋ ਗਿਆ, ਜਦੋਂ ਮਾਛੀਵਾੜਾ ਬਲਾਕ ਦੇ ਚੁਣੇ ਗਏ ਸੱਤਾਧਿਰ ਦੇ 7 ਬਲਾਕ ਸੰਮਤੀ ਮੈਂਬਰਾਂ ਵਲੋਂ ਅਫ਼ਸਰਸ਼ਾਹੀ ਅਤੇ ਪਿਛਲੇ ਦਿਨੀਂ ਹੋਈ ਚੇਅਰਮੈਨੀ ਦੀ ਚੋਣ ਤੋਂ ਖਫ਼ਾ ਹੋ ਕੇ ਅਸਤੀਫ਼ੇ ਦੇਣ ਦੀ ਚਿਤਾਵਨੀ ਦੇ ਦਿੱਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਬਲਾਕ ਸੰਮਤੀ ਦੇ ਉਪ ਚੇਅਰਮੈਨ ਸੁਖਪ੍ਰੀਤ ਸਿੰਘ ਝੜੌਦੀ, ਅਮਨਦੀਪ ਸਿੰਘ ਰਾਣਵਾਂ, ਸਿਮਰਨਦੀਪ ਕੌਰ ਦੇ ਪਤੀ ਸੁਖਜਿੰਦਰ ਸਿੰਘ ਪਵਾਤ, ਕੁਲਵੰਤ ਕੌਰ ਦੇ ਪਤੀ ਜਗਜੀਤ ਸਿੰਘ, ਦਲਜੀਤ ਕੌਰ ਦੇ ਪਤੀ ਸੁਖਦੀਪ ਕੌਰ, ਕੁਲਦੀਪ ਕੌਰ ਦੇ ਪਤੀ ਹਰਭਜਨ ਸਿੰਘ ਅਤੇ ਗਿਆਨ ਕੌਰ ਦੇ ਪਤੀ ਜਗਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਛੀਵਾੜਾ ਬਲਾਕ ਦੇ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਬਲਾਕ ਸੰਮਤੀ ਮੈਂਬਰ ਚੁਣ ਕੇ ਹਲਕੇ ਦੇ ਵਿਕਾਸ ਲਈ ਸੇਵਾ ਦਿੱਤੀ ਪਰ ਪਿਛਲੇ ਦਿਨੀਂ ਜੋ ਚੇਅਰਮੈਨ ਦੀ ਚੋਣ ਹੋਈ, ਉਸ 'ਚ ਪੱਖਪਾਤ ਕਰਦਿਆਂ ਟਕਸਾਲੀ ਕਾਂਗਰਸੀ ਨੂੰ ਅਣਗੌਲੇ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਜਿਹੜੇ ਬਲਾਕ ਸੰਮਤੀ ਮੈਂਬਰਾਂ ਨੇ ਅਕਾਲੀ ਸਰਕਾਰ ਸਮੇਂ ਚੋਣਾਂ ਲੜੀਆਂ ਉਸ ਸਮੇਂ ਕਾਂਗਰਸ ਨਾਲ ਚੱਟਾਨ ਵਾਂਗ ਖੜ੍ਹੇ ਹੋ ਕੇ ਅਕਾਲੀਆਂ ਦੀਆਂ ਧੱਕੇਸ਼ਾਹੀਆਂ ਬਰਦਾਸ਼ਤ ਕੀਤੀਆਂ ਪਰ ਹੁਣ ਜਦੋਂ ਅਹੁਦੇ ਦੇਣ ਦੀ ਵਾਰੀ ਆਈ ਤਾਂ 2-2 ਵਾਰ ਚੋਣ ਲੜਨ ਵਾਲੇ ਟਕਸਾਲੀ ਕਾਂਗਰਸੀਆਂ ਨੂੰ ਅੱਖੋਂ-ਪਰੋਖੇ ਕਰਕੇ ਜੂਨੀਅਰ ਕਾਂਗਰਸੀ ਜਿਨ੍ਹਾਂ ਦੀ ਪਾਰਟੀ ਨੂੰ ਕੋਈ ਖਾਸ ਦੇਣ ਨਹੀਂ ਉਨ੍ਹਾਂ ਨੂੰ ਇਹ ਅਹੁਦਾ ਦੇ ਕੇ ਨਿਵਾਜ਼ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਲੱਗੀ ਅਤੇ ਉਹ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਚੇਅਰਮੈਨ ਦੀ ਚੋਣ ਦੁਬਾਰਾ ਕਰਵਾਈ ਜਾਵੇ ਅਤੇ ਜੋ ਵੀ ਕਾਂਗਰਸ ਦਾ ਸੀਨੀਅਰ ਤੇ ਟਕਸਾਲੀ ਬਲਾਕ ਸੰਮਤੀ ਮੈਂਬਰ ਹੈ ਉਸ ਨੂੰ ਇਹ ਅਹੁਦਾ ਦਿੱਤਾ ਜਾਵੇ।
ਇਸ ਤੋਂ ਇਲਾਵਾ ਬਲਾਕ ਸੰਮਤੀ ਮੈਂਬਰਾਂ ਨੇ ਅਫ਼ਸਰਸ਼ਾਹੀ ਖਿਲਾਫ਼ ਵੀ ਭੜਾਸ ਕੱਢੀ ਅਤੇ ਕਿਹਾ ਕਿ ਦਫ਼ਤਰ 'ਚ ਤਾਇਨਾਤ ਬੀ. ਡੀ. ਪੀ. ਓ ਚੁਣੇ ਗਏ ਬਲਾਕ ਸੰਮਤੀ ਮੈਂਬਰਾਂ ਨੂੰ ਬੇਇੱਜ਼ਤ ਕਰਦੀ ਹੈ, ਜਿਸ ਕਾਰਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਸਾਰੇ ਬਲਾਕ ਸੰਮਤੀ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬੀ. ਡੀ. ਪੀ. ਓ ਦਾ ਰਵੱਈਆ ਬਹੁਤ ਮਾੜਾ ਹੈ ਅਤੇ ਜੇਕਰ ਚੁਣੇ ਗਏ ਮੈਂਬਰ ਕੋਈ ਕੰਮ ਕਰਨ ਨੂੰ ਕਹਿੰਦੇ ਹਨ ਉਸ ਉਪਰ ਅਮਲ ਤਾਂ ਕੀ ਕਰਨਾ ਬਲਕਿ ਬਾਕੀ ਸਟਾਫ਼ ਨੂੰ ਵੀ ਇਹ ਨਿਰਦੇਸ਼ ਦਿੱਤੇ ਹਨ ਕਿ ਬਲਾਕ ਸੰਮਤੀ ਮੈਂਬਰਾਂ ਦਾ ਮੇਰੇ ਤੋਂ ਪੁੱਛੇ ਬਿਨ੍ਹਾਂ ਕੋਈ ਕੰਮ ਨਾ ਕੀਤਾ ਜਾਵੇ। ਇਨ੍ਹਾਂ ਬਲਾਕ ਸੰਮਤੀ ਮੈਂਬਰਾਂ ਨੇ ਕਿਹਾ ਕਿ ਪਿਛਲੇ 10 ਸਾਲ ਅਕਾਲੀ ਸਰਕਾਰ ਸਮੇਂ ਵੀ ਉਹ ਸਰਕਾਰੀ ਦਫ਼ਤਰਾਂ 'ਚ ਧੱਕੇਸ਼ਾਹੀ ਸਹਿੰਦੇ ਰਹੇ ਤੇ ਹੁਣ ਜਦੋਂ ਕਾਂਗਰਸ ਸਰਕਾਰ ਆਈ ਤਾਂ ਅਫ਼ਸਰਸ਼ਾਹੀ ਤੋਂ ਮਾਣ ਤਾਂ ਕੀ ਮਿਲਣਾ ਸੀ ਪਰ ਹੁਣ ਵੀ ਸੱਤਾਧਿਰ ਹੋਣ ਦੇ ਬਾਵਜੂਦ ਜਲੀਲ ਹੋਣਾ ਪੈ ਰਿਹਾ ਹੈ। ਇਨ੍ਹਾਂ ਬਲਾਕ ਸੰਮਤੀ ਮੈਂਬਰਾਂ ਨੇ ਕਿਹਾ ਕਿ ਜੇਕਰ ਕਾਂਗਰਸ ਹਾਈਕਮਾਂਡ ਨੇ ਚੇਅਰਮੈਨ ਦੀ ਚੋਣ ਦੁਬਾਰਾ ਨਾ ਕਰਵਾਈ ਅਤੇ ਬੀ.ਡੀ.ਪੀ.ਓ ਨੂੰ ਨਾ ਬਦਲਿਆ ਤਾਂ ਉਹ ਸਾਰੇ ਅਸਤੀਫ਼ਾ ਦੇ ਦੇਣਗੇ।
ਦਲਿਤ ਬਲਾਕ ਸੰਮਤੀ ਮੈਂਬਰਾਂ ਦਾ ਦੋਸ਼, ਸਾਨੂੰ ਅੱਖੋਂ ਪਰੋਖੇ ਕਰ ਅਹੁਦਾ ਨਹੀਂ ਦਿੱਤਾ ਗਿਆ
ਮਾਛੀਵਾੜਾ ਬਲਾਕ 'ਚ ਦਲਿੱਤ ਭਾਈਚਾਰੇ ਨਾਲ ਸਬੰਧਿਤ ਚੁਣੇ ਗਏ ਬਲਾਕ ਸੰਮਤੀ ਮੈਂਬਰ ਗਿਆਨ ਕੌਰ ਨੇ ਕਿਹਾ ਕਿ ਹਲਕਾ ਸਮਰਾਲਾ 'ਚ ਦਲਿੱਤ ਭਾਈਚਾਰੇ ਦੀ ਵੋਟ ਬਹੁਤ ਜਿਆਦਾ ਹੈ ਪਰ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਦੌਰਾਨ ਦਲਿੱਤ ਭਾਈਚਾਰੇ ਨੂੰ ਅਣਗੌਲਿਆਂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਛੀਵਾੜਾ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਮੁੜ ਕਰਵਾਈ ਜਾਵੇ ਅਤੇ ਦਲਿੱਤ ਭਾਈਚਾਰੇ ਨਾਲ ਸਬੰਧਿਤ ਸੀਨੀਅਰ ਆਗੂਆਂ ਨੂੰ ਯੋਗ ਅਹੁਦੇ ਦਿੱਤੇ ਜਾਣ।
ਕਪੂਰਥਲਾ ਦੇ ਪਿੰਡ ਰਾਏਪੁਰ 'ਚ 3 ਬੰਬ ਮਿਲਣ ਨਾਲ ਫੈਲੀ ਦਹਿਸ਼ਤ (ਵੀਡੀਓ)
NEXT STORY