ਲੁਧਿਆਣਾ (ਗਣੇਸ਼/ਸਚਿਨ) : ਲੁਧਿਆਣਾ 'ਚ ਦੇਰ ਰਾਤ ਇੱਕ ਖ਼ੌਫਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਡਿਲੀਵਰੀ ਬੁਆਏ ਲੁੱਟ ਕੀਤੀ ਗਈ। ਡਿਲੀਵਰੀ ਬੁਆਏ ਗਗਨਪਾਲ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਿਹਨਤ ਕਰ ਰਿਹਾ ਸੀ ਪਰ ਬੀਤੇ ਦਿਨ ਉਹ ਲੁੱਟ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਰਾਤ ਕਰੀਬ 11:15 ਵਜੇ ਦੀ ਹੈ, ਜਦੋਂ ਗਗਨ ਸ਼ਿਵਪੁਰੀ ਤੋਂ ਜਲੰਧਰ ਬਾਈਪਾਸ ਵੱਲ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ/ਐਕਟਿਵਾ 'ਤੇ ਆਏ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ਅਤੇ ਮੂੰਹ 'ਤੇ ਹਮਲਾ ਕਰ ਦਿੱਤਾ। ਲੁਟੇਰੇ ਗਗਨ ਦਾ ਨਵਾਂ ਮੋਬਾਇਲ ਫੋਨ (ਜਿਸ ਦੀ ਹਾਲੇ ਪਹਿਲੀ ਕਿਸ਼ਤ ਹੀ ਭਰੀ ਗਈ ਸੀ) ਅਤੇ ਕਰੀਬ 5000 ਰੁਪਏ ਨਕਦ ਖੋਹ ਕੇ ਫ਼ਰਾਰ ਹੋ ਗਏ।
ਪੀੜਤ ਗਗਨਪਾਲ ਨੇ ਦੱਸਿਆ ਕਿ ਉਸ ਨੇ ਭੱਜਦੇ ਹੋਏ ਮੁਲਜ਼ਮਾਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਹੈ, ਜੋ ਕਿ ਫੀਲਡ ਗੰਜ ਇਲਾਕੇ ਦੀ ਕਿਸੇ ਔਰਤ ਦੇ ਨਾਂ 'ਤੇ ਰਜਿਸਟਰਡ ਹੈ। ਗਗਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਘਰ ਦਾ ਗੁਜ਼ਾਰਾ ਵੀ ਤਾਂ ਕਰਨਾ ਹੈ। ਉਸ ਦੀਆਂ 2 ਧੀਆਂ ਹਨ, ਇਸ ਲਈ ਮਜਬੂਰੀ 'ਚ ਦੇਰ ਰਾਤ ਤੱਕ ਕੰਮ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਸ ਦੀ ਰਾਤ ਦੀ ਗਸ਼ਤ 'ਤੇ ਗੰਭੀਰ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਦੀ ਗਸ਼ਤ ਮਜ਼ਬੂਤ ਹੁੰਦੀ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ। ਪੀੜਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮਸ਼ਹੂਰ ਸਪਾ ਸੈਂਟਰ ਵਿਚ ਪੁਲਸ ਨੇ ਮਾਰਿਆ ਛਾਪਾ, ਚਾਰ ਕੁੜੀਆਂ ਨੂੰ...
NEXT STORY