ਚੰਡੀਗੜ੍ਹ (ਸ਼ਰਮਾ) - ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਉਨ੍ਹਾਂ ਅਕਾਲੀ-ਭਾਜਪਾ ਨੇਤਾਵਾਂ ਤੇ ਵਿਧਾਇਕਾਂ ਦੇ ਨਾਂ ਉਜਾਗਰ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਦੇ ਨਾਂ ਜਨਤਕ ਕਰਨ ਦੀ ਧਮਕੀ ਉਨ੍ਹਾਂ ਸ਼ੁੱਕਰਵਾਰ ਵਿਧਾਨ ਸਭਾ ਸੈਸ਼ਨ ਦੌਰਾਨ ਦਿੱਤੀ ਸੀ। ਪਾਰਟੀ ਦੀ ਪੰਜਾਬ ਇਕਾਈ ਦੇ ਸਹਿ-ਪ੍ਰਧਾਨ ਤੇ ਸੁਨਾਮ ਵਿਧਾਨ ਸਭਾ ਖੇਤਰ ਤੋਂ ਪਾਰਟੀ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਹ ਮੰਗ ਕੀਤੀ ਹੈ।
ਪੱਤਰ 'ਚ ਕਿਹਾ ਗਿਆ ਹੈ ਕਿ ਬੀਤੇ ਸ਼ੁੱਕਰਵਾਰ ਸੈਸ਼ਨ ਦੀ ਕਾਰਵਾਈ 'ਚ ਰੁਕਾਵਟ ਪਾਉਣ ਵਾਲੇ ਅਕਾਲੀ-ਭਾਜਪਾ ਵਿਧਾਇਕਾਂ ਨੂੰ ਕੁਝ ਦਸਤਾਵੇਜ਼ ਲਹਿਰਾ ਕੇ ਚੁੱਪ ਕਰਵਾਉਣ ਤੋਂ ਇਹ ਗੱਲ ਸਾਫ ਹੁੰਦੀ ਹੈ ਕਿ ਕੈਪਟਨ ਕੋਲ ਅਕਾਲੀ-ਭਾਜਪਾ ਨੇਤਾਵਾਂ ਦੇ ਸੈਂਡ ਤੇ ਮਾਈਨਿੰਗ ਮਾਫੀਆ ਨਾਲ ਜੁੜੇ ਲੋਕਾਂ ਦੇ ਪੁਖਤਾ ਸਬੂਤ ਹਨ।
ਅਰੋੜਾ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਕੈਪਟਨ ਵਲੋਂ ਉਕਤ ਦਸਤਾਵੇਜ਼ਾਂ ਦੇ ਆਧਾਰ 'ਤੇ ਮਾਫੀਆ ਦੇ ਵਿਰੁੱਧ ਕਾਰਵਾਈ ਕਰਨ ਦੀ ਥਾਂ ਇਨ੍ਹਾਂ ਦਸਤਾਵੇਜ਼ਾਂ ਦੀ ਆੜ 'ਚ ਆਪਣੀ ਸਰਕਾਰ ਦੀਆਂ ਅਸਫਲਤਾਵਾਂ ਨੂੰ ਉਜਾਗਰ ਹੋਣ ਤੋਂ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਮੰਦਭਾਗਾ ਹੈ। ਅਰੋੜਾ ਨੇ ਦਸਤਾਵੇਜ਼ ਜਨਤਕ ਕਰਨ ਦੀ ਮੰਗ ਦੁਹਰਾਉਂਦੇ ਹੋਏ ਕਿਹਾ ਕਿ ਜੇਕਰ ਕੈਪਟਨ ਅਜਿਹਾ ਨਹੀਂ ਕਰਦੇ ਹਨ ਤਾਂ ਉਹ ਵੀ ਮਾਮਲੇ 'ਚ ਓਨੇ ਹੀ ਦੋਸ਼ੀ ਹੋਣਗੇ, ਜਿੰਨੇ ਨਾਜਾਇਜ਼ ਮਾਈਨਿੰਗ ਕਰਨ ਵਾਲੇ।
ਉਧਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੋਮਵਾਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਨਾਜਾਇਜ਼ ਸੈਂਡ ਤੇ ਮਾਈਨਿੰਗ ਕਾਰੋਬਾਰ ਨਾਲ ਜੁੜੇ ਅਕਾਲੀ-ਭਾਜਪਾ ਨੇਤਾਵਾਂ ਦੇ ਨਾਂ ਉਜਾਗਰ ਕਰਨ ਲਈ ਮਜਬੂਰ ਕਰੇਗੀ। ਫੂਲਕਾ ਨੇ ਦੋਸ਼ ਲਾਇਆ ਕਿ ਕੈਪਟਨ ਸਿਆਸੀ ਲਾਭ ਲਈ ਤੇ ਨਾਜਾਇਜ਼ ਕਾਰੋਬਾਰੀਆਂ ਨੂੰ ਬਚਾਉਣ ਲਈ ਇਹ ਮਹੱਤਵਪੂਰਨ ਜਾਣਕਾਰੀ ਆਮ ਜਨਤਾ ਤੋਂ ਲੁਕੋ ਰਹੇ ਹਨ।
ਵਿਭਾਗ ਦੀ ਲਾਪ੍ਰਵਾਹੀ ਨਾਲ ਲੱਖਾਂ ਲੀਟਰ ਪਾਣੀ ਬਰਬਾਦ
NEXT STORY