ਜਲੰਧਰ (ਰਵਿੰਦਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੇਤ ਮਾਈਨਿੰਗ ਦੇ ਚੱਲ ਰਹੇ ਕਾਲੇ ਧੰਦੇ ਕਾਰਨ ਐਕਟਿਵ ਹੁੰਦਿਆਂ ਹੀ ਸੂਬੇ ਦੀ ਰਾਜਨੀਤੀ ਇਕ ਵਾਰ ਫਿਰ ਗਰਮਾ ਗਈ ਹੈ।
ਰੇਤ ਮਾਈਨਿੰਗ ਦੇ ਧੰਦੇ ਨਾਲ ਲਗਾਤਾਰ ਸਰਕਾਰ ਦੀ ਹੋ ਰਹੀ ਕਿਰਕਿਰੀ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਖਾਸ ਰਣਨੀਤੀ ਬਣਾਈ ਹੈ। ਸਰਕਾਰ ਦੇ ਐਕਸ਼ਨ ਵਿਚ ਆਉਂਦਿਆਂ ਹੀ ਹੁਣ ਜਲਦੀ ਹੀ ਰੇਤ ਮਾਈਨਿੰਗ ਦੀ ਖੇਡ ਨਾਲ ਜੁੜੀਆਂ ਵੱਡੀਆਂ ਮੱਛੀਆਂ ਜਲਦ ਬੇਨਕਾਬ ਹੋ ਸਕਦੀਆਂ ਹਨ।
ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਚੁੱਪ ਚੁਪੀਤੇ ਇਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ ਜੋ ਇਸ ਕਾਲੇ ਧੰਦੇ ਨਾਲ ਜੁੜੇ ਵੱਡੇ ਲੋਕਾਂ ਦੀ ਲਿਸਟ ਤਿਆਰ ਕਰੇਗੀ। ਜ਼ਿਕਰਯੋਗ ਹੈ ਕਿ ਸੂਬੇ ਵਿਚ ਕੋਈ ਮਾਈਨਿੰਗ ਨੀਤੀ ਨਾ ਹੋਣ ਕਾਰਨ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਜਮ ਕੇ ਰੇਤ ਮਾਈਨਿੰਗ ਦਾ ਕਾਲੀ ਖੇਡ ਖੇਡੀ ਗਈ ਸੀ। ਇਸ ਵਿਚ ਸੱਤਾਧਾਰੀ ਦਲ ਦੇ ਕਈ ਆਗੂ ਵੀ ਸ਼ਾਮਲ ਸਨ ਅਤੇ ਕਈ ਵੱਡੇ-ਵੱਡੇ ਦੋਸ਼ ਉਨ੍ਹਾਂ 'ਤੇ ਲੱਗੇ ਸਨ। ਕਾਂਗਰਸ ਦੇ ਹੱਥ ਇਹ ਇਕ ਵੱਡਾ ਮੁੱਦਾ ਸੀ ਅਤੇ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਇਸ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਸੀ ਪਰ ਸਰਕਾਰ ਬਦਲਦਿਆਂ ਹੀ ਜਿਸ ਕਾਲੀ ਖੇਡ ਵਿਚ ਅਕਾਲੀ-ਭਾਜਪਾ ਸਰਕਾਰ ਦੇ ਆਗੂ ਸ਼ਾਮਲ ਸਨ, ਉਸ ਵਿਚ ਕਾਂਗਰਸ ਦੇ ਆਗੂ ਵੀ ਸ਼ਾਮਲ ਹੋ ਗਏ। ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੇ ਰੇਤ ਮਾਈਨਿੰਗ ਦੀ ਖੇਡ ਵਿਚ ਆਪਣੀ ਹਿੱਸੇਦਾਰੀ ਪਾਉਣੀ ਸ਼ੁਰੂ ਕਰ ਦਿੱਤੀ। ਵਿਭਾਗ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ 'ਤੇ ਵੀ ਸਭ ਤੋਂ ਪਹਿਲਾਂ ਇਸ ਕਾਲੇ ਧੰਦੇ ਵਿਚ ਸ਼ਾਮਲ ਹੋਣ ਦਾ ਦੋਸ਼ ਲੱਗਿਆ ਅਤੇ ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਕਾਫੀ ਤੂਲ ਦਿੱਤਾ ਜਿਸ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਦੀ ਕੁਰਸੀ ਤੱਕ ਇਸ ਖੇਡ 'ਚ ਚਲੀ ਗਈ ਪਰ ਜਿਨ੍ਹਾਂ ਕਾਂਗਰਸੀ ਆਗੂਆਂ ਨੇ ਇਸ ਖੇਡ ਵਿਚ ਹਿੱਸੇਦਾਰੀ ਪਾਈ ਸੀ, ਉਹ ਉਸੇ ਤਰ੍ਹਾਂ ਜਾਰੀ ਹੈ। ਮੁੱਖ ਮੰਤਰੀ ਸਮੇਤ ਪਾਰਟੀ ਹਾਈਕਮਾਨ ਤੱਕ ਕਈ ਕਾਂਗਰਸੀ ਆਗੂਆਂ ਦੀ ਸ਼ਿਕਾਇਤ ਵੀ ਇਸ ਮਾਮਲੇ ਨੂੰ ਲੈ ਕੇ ਪਹੁੰਚੀ ਸੀ। ਜਿਸ ਕਾਰਨ ਰਾਹੁਲ ਗਾਂਧੀ ਕਾਫੀ ਖਫ਼ਾ ਨਜ਼ਰ ਆਏ ਸਨ ਅਤੇ ਉਨ੍ਹਾਂ ਨੇ ਇਸ ਧੰਦੇ ਵਿਚ ਸ਼ਾਮਲ ਕਾਂਗਰਸੀ ਆਗੂਆਂ ਦੀ ਲਿਸਟ ਨੂੰ ਤਲਬ ਕੀਤਾ ਸੀ। ਹਾਈਕਮਾਨ ਦੇ ਖਫਾ ਹੋਣ ਤੋਂ ਬਾਅਦ ਕੈਪਟਨ ਨੇ ਖੁਦ ਕਈ ਵਾਰ ਮੀਟਿੰਗ ਬੁਲਾ ਕੇ ਡੀ. ਸੀ. ਤੇ ਐੱਸ. ਐੱਸ. ਪੀ. ਨੂੰ ਚਿਤਾਵਨੀ ਦਿੱਤੀ ਸੀ ਕਿ ਇਸ ਕਾਲੇ ਧੰਦੇ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਚੁੱਪੀ ਤੇ ਮਿਲੀਭੁਗਤ ਨਾਲ ਇਹ ਖੇਡ ਸ਼ਰੇਆਮ ਚੱਲ ਰਿਹਾ ਸੀ।
ਮੰਗਲਵਾਰ ਨੂੰ ਜਦੋਂ ਕੈਪਟਨ ਨੇ ਖੁਦ ਰੇਤ ਮਾਈਨਿੰਗ ਦੇ ਖੇਡ ਨੂੰ ਹਵਾਈ ਦੌਰੇ ਨਾਲ ਲਾਈਵ ਦੇਖਿਆ ਤਾਂ ਰੇਤ ਮਾਫੀਆ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਾਂਗਰਸੀ ਆਗੂਆਂ ਵਿਚ ਵੀ ਤਰਥੱਲੀ ਮਚ ਗਈ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਚੁੱਪ-ਚੁਪੀਤੇ ਇਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ ਜੋ ਇਸ ਖੇਡ ਨਾਲ ਜੁੜੀਆਂ ਵੱਡੀਆਂ ਮੱਛੀਆਂ ਨੂੰ ਜਲਦੀ ਬੇਨਕਾਬ ਕਰੇਗੀ। ਅਜਿਹੇ ਵਿਚ ਕਈ ਵੱਡੇ ਚਿਹਰਿਆਂ ਤੋਂ ਜਨਤਾ ਦੇ ਸਾਹਮਣੇ ਨਕਾਬ ਉੁਤਰ ਸਕਦਾ ਹੈ। ਦੂਜੇ ਪਾਸੇ ਮੁੱਖ ਮੰਤਰੀ ਦੇ ਐਕਸ਼ਨ ਵਿਚ ਆਉਂਦੇ ਹੀ ਸਾਰੇ ਜ਼ਿਲਿਆਂ ਦੇ ਡੀ. ਸੀਜ਼ ਤੇ ਐੱਸ. ਐੱਸ. ਪੀਜ਼ ਵੀ ਐਕਟਿਵ ਹੋ ਗਏ ਹਨ ਅਤੇ ਉਨ੍ਹਾਂ ਵੀ ਇਸ ਖੇਡ ਨਾਲ ਜੁੜੇ ਲੋਕਾਂ 'ਤੇ ਸ਼ਿਕੰਜਾ ਕੱਸਣ ਦਾ ਮਨ ਬਣਾ ਲਿਆ ਹੈ।
ਕੈਪਟਨ ਦੱਸਣ ਇਕ ਸਾਲ ਤੋਂ ਕਿਉਂ ਚੱਲ ਰਹੀ ਸੀ ਖੇਡ-ਭਾਜਪਾ
ਕੈਪਟਨ ਦੀ ਰੇਤ ਮਾਈਨਿੰਗ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਭਾਜਪਾ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਭਾਜਪਾ ਦਾ ਕਹਿਣਾ ਸੀ ਕਿ ਕੈਪਟਨ ਦੱਸੇ ਕਿ ਪਿਛਲੇ ਇਕ ਸਾਲ ਤੋਂ ਇਹ ਖੇਡ ਕਿਸ ਦੀ ਸਰਪ੍ਰਸਤੀ ਵਿਚ ਚੱਲ ਰਹੀ ਸੀ ਅਤੇ ਇਸ ਇਕ ਸਾਲ ਵਿਚ ਕਦੀ ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਭਾਜਪਾ ਨੇ ਤਾਂ ਇਥੋਂ ਤੱਕ ਸਵਾਲ ਖੜ੍ਹਾ ਕੀਤਾ ਹੈ ਕਿ ਜਿਸ ਏਰੀਏ 'ਚ ਰੇਤ ਮਾਈਨਿੰਗ ਦੀ ਖੇਡ ਚੱਲ ਰਹੀ ਸੀ ਉਸ ਜ਼ਿਲੇ ਦੇ ਐੱਸ. ਐੱਸ. ਪੀ. ਅਤੇ ਡੀ. ਸੀ. ਖਿਲਾਫ ਕੀ ਐਕਸ਼ਨ ਲਿਆ ਗਿਆ ਹੈ।
ਆਪਣਿਆਂ 'ਤੇ ਐਕਸ਼ਨ ਲੈਂਦੇ ਹਨ ਕੈਪਟਨ ਤਾਂ ਪਾਰਟੀ 'ਚ ਬਣ ਸਕਦੀ ਹੈ ਧੜੇਬੰਦੀ
ਕੈਪਟਨ ਅਮਰਿੰਦਰ ਸਿੰਘ ਦੇ ਰੇਤ ਮਾਈਨਿੰਗ ਮਾਫੀਆ ਦੇ ਖਿਲਾਫ ਐਕਸ਼ਨ ਲੈਂਦਿਆਂ ਹੀ ਹਰ ਪਾਸੇ ਹੜਕੰਪ ਮਚਿਆ ਹੋਇਆ ਹੈ। ਇਕ ਪਾਸੇ ਕੈਪਟਨ ਦੀ ਕਾਰਵਾਈ ਨੂੰ ਲੈ ਕੇ ਚਾਰੇ ਪਾਸੇ ਬੱਲੇ-ਬੱਲੇ ਹੋ ਰਹੀ ਹੈ ਤੇ ਦੂਜੇ ਪਾਸੇ ਇੰਟੈਲੀਜੈਂਸ ਰਿਪੋਰਟ ਨੇ ਕੈਪਟਨ ਖੇਮੇ ਵਿਚ ਤਰਥੱਲੀ ਮਚਾ ਦਿੱਤੀ ਹੈ। ਇੰਟੈਲੀਜੈਂਸ ਰਿਪੋਰਟ ਵਿਚ ਰੇਤ ਮਾਈਨਿੰਗ ਮਾਮਲੇ ਵਿਚ ਕੈਪਟਨ ਦੇ ਹੀ ਕਈ ਕਰੀਬੀਆਂ ਆਗੂਆਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਵਿਚ ਕੈਬਨਿਟ ਪੱਧਰ ਤੋਂ ਲੈ ਕੇ ਵਿਧਾਇਕ ਤੇ ਮੰਤਰੀਆਂ ਦੇ ਰਿਸ਼ਤੇਦਾਰ, ਕੁਝ ਹਾਰੇ ਹੋਏ ਆਗੂ ਤੇ ਸੀ. ਐੱਮ. ਆਫਿਸ ਦੇ ਕੁਝ ਲੋਕਾਂ ਤੋਂ ਇਲਾਵਾ ਓ. ਐੱਸ. ਡੀ. ਪੱਧਰ ਦੇ ਆਗੂਆਂ ਦੇ ਨਾਂ ਵੀ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਦੋਆਬਾ ਏਰੀਏ ਵਿਚ ਸਰਗਰਮ ਇਕ ਆਗੂ ਜੋ ਇਕ ਓ. ਐੱਸ. ਡੀ. ਦਾ ਨਾਂ ਵਰਤ ਕੇ ਖੁਦ ਨੂੰ ਕੈਪਟਨ ਦੀ ਮੀਡੀਆ ਟੀਮ ਦਾ ਮੈਂਬਰ ਦੱਸਦਾ ਹੈ, ਉਸਦਾ ਨਾਂ ਵੀ ਰਿਪੋਰਟ ਵਿਚ ਹੈ। ਪੂਰਾ ਮਾਮਲਾ ਕੈਪਟਨ ਲਈ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਜਿਹਾ ਹੋ ਗਿਆ ਹੈ। ਜੇਕਰ ਉਹ ਇੰਟੈਲੀਜੈਂਸ ਰਿਪੋਰਟ 'ਤੇ ਐਕਸ਼ਨ ਨਹੀਂ ਲੈਂਦੇ ਤਾਂ ਜਨਤਾ ਦੇ ਦਰਬਾਰ ਵਿਚ ਸਰਕਾਰ ਦੀ ਕਿਰਕਿਰੀ ਹੋਣੀ ਤੈਅ ਹੈ ਤੇ ਦੂਜੇ ਪਾਸੇ ਜੇਕਰ ਇਹ ਇਸ ਰਿਪੋਰਟ 'ਤੇ ਐਕਸ਼ਨ ਲੈਂਦੇ ਹਨ ਤਾਂ ਸਰਕਾਰ ਦੇ ਅੰਦਰ ਹੀ ਇਕ ਵੱਡਾ ਧੜਾ ਕੈਪਟਨ ਦੇ ਖਿਲਾਫ ਖੜ੍ਹਾ ਹੋ ਸਕਦਾ ਹੈ ਤੇ ਇਸ ਨਾਲ ਕਾਂਗਰਸ ਦੀ ਸੂਬੇ ਵਿਚ ਅੰਦਰੂਨੀ ਸਿਆਸਤ ਬੇਹੱਦ ਭਖ ਸਕਦੀ ਹੈ। ਫਿਲਹਾਲ ਇਸ ਰਿਪੋਰਟ ਵਿਚ ਆਏ ਆਗੂਆਂ ਨੂੰ ਭੜਥੂ ਪਿਆ ਹੋਇਆ ਹੈ ਤੇ ਉਹ ਆਪਣੇ ਬਚਾਅ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਰਹੇ ਹਨ। ਦੂਜੇ ਪਾਸੇ ਜੇਕਰ ਆਪਣੇ ਹੀ ਆਗੂਆਂ 'ਤੇ ਕੈਪਟਨ ਕਾਰਵਾਈ ਕਰਦੇ ਹਨ ਤਾਂ ਵਿਰੋਧੀ ਧਿਰ ਦੇ ਆਗੂਆਂ ਦੇ ਹੱਥ ਕਾਂਗਰਸ ਖਿਲਾਫ ਇਕ ਵੱਡਾ ਮੁੱਦਾ ਲੱਗ ਸਕਦਾ ਹੈ।
80 ਫੀਸਦੀ ਕੇਸ ਸਿਰਫ ਮਜ਼ਦੂਰਾਂ ਦੇ ਖਿਲਾਫ
ਜਲੰਧਰ-ਪ੍ਰਸ਼ਾਸਨਿਕ ਪੱਧਰ 'ਤੇ ਅਜੇ ਤੱਕ ਰੇਤ ਮਾਈਨਿੰਗ ਮਾਫੀਆ ਦੇ ਖਿਲਾਫ ਖਾਨਾਪੂਰਤੀ ਵਾਲੀ ਕਾਰਵਾਈ ਕੀਤੀ ਗਈ ਹੈ। ਜਗ ਬਾਣੀ ਤੋਂ ਮਿਲੀ ਰਿਪੋਰਟ ਮੁਤਾਬਕ ਅਜੇ ਤੱਕ ਸੂਬੇ ਵਿਚ ਰੇਤ ਮਾਈਨਿੰਗ ਨੂੰ ਲੈ ਕੇ ਜਿੰਨੇ ਵੀ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਵਿਚੋਂ 80 ਫੀਸਦੀ ਕੇਸ ਸਿਰਫ ਮਜ਼ਦੂਰਾਂ ਦੇ ਨਾਂ 'ਤੇ ਦਰਜ ਕਰ ਕੇ ਪੂਰੀ ਤਰ੍ਹਾਂ ਗੁੰਮਰਾਹ ਕੀਤਾ ਗਿਆ ਹੈ। ਇਨ੍ਹਾਂ ਮਜ਼ਦੂਰਾਂ ਵਿਚਾਰਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਕੰਮ ਕਾਨੂੰਨੀ ਹੈ ਜਾਂ ਗੈਰ-ਕਾਨੂੰਨੀ।
ਧਰਮ ਪ੍ਰਚਾਰ ਲਹਿਰ ਨੂੰ ਵਿਸ਼ੇਸ਼ ਤਰਜੀਹ, ਇਕ ਹਜ਼ਾਰ ਨਵੇਂ ਪ੍ਰਚਾਰਕ ਕੀਤੇ ਜਾਣਗੇ ਭਰਤੀ : ਲੌਂਗੋਵਾਲ
NEXT STORY