ਸੰਗਰੂਰ (ਰਾਜੇਸ਼ ਕੋਹਲੀ) : ਅੱਜ ਦੀ ਨੌਜਵਾਨ ਪੀੜ੍ਹੀ ਵਿਚ ਕੁੱਝ ਅਜਿਹੇ ਚਿਹਰੇ ਵੀ ਹਨ ਜੋ ਆਪਣੇ ਆਉਣ ਵਾਲੇ ਕੱਲ ਦੀ ਤਸਵੀਰ ਨੂੰ ਸੁੰਦਰ ਬਣਾਉਣ ਵਿਚ ਲੱਗੇ ਹੋਏ ਹਨ। ਉਥੇ ਹੀ ਆਪਣੇ ਚੰਗੇ ਕੰਮਾਂ ਦੀ ਬਦੌਲਤ ਨੌਜਵਾਨ ਪੀੜ੍ਹੀ ਲਈ ਮਿਸਾਲ ਬਣ ਕੇ ਸੰਗਰੂਰ ਜ਼ਿਲੇ ਦੇ ਪਿੰਡ ਚੱਠਾ ਸੇਖਵਾਂ ਦੀ ਰਹਿਣ ਵਾਲੀ ਇੰਦਰਜੀਤ ਕੌਰ ਸਾਹਮਣੇ ਆਈ ਹੈ ਜਿਸ ਦੀ ਉਮਰ ਸਿਰਫ 20 ਸਾਲ ਹੈ। ਇੰਦਰਜੀਤ ਦੇ ਪਿਤਾ ਸਰਕਾਰੀ ਸਕੂਲ ਵਿਚ ਸਵੀਪਰ ਅਤੇ ਮਾਤਾ ਘਰੇਲੂ ਮਹਿਲਾ ਹੈ। ਪਰਿਵਾਰ ਦੇਖਣ ਨੂੰ ਸਾਧਾਰਨ ਅਤੇ ਗਰੀਬੀ ਨਾਲ ਲਿਪਟਿਆ ਹੋਇਆ ਹੈ ਪਰ ਇੰਦਰਜੀਤ ਦੀ ਸੌਚ ਉਚੀਆਂ ਬੁਲੰਦੀਆਂ ਨੂੰ ਛੂੰਹਣ ਦੀ ਹੈ।
ਦਰਅਸਲ ਇੰਦਰਜੀਤ ਨੇ ਆਉਣ ਵਾਲੇ ਕੱਲ ਦੀ ਤਸਵੀਰ ਨੂੰ ਚੰਗਾ ਬਣਾਉਣ ਲਈ ਪਹਿਲ ਕੀਤੀ ਹੈ, ਜਿਸ ਤਹਿਤ ਉਸ ਨੇ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਦਾ ਜ਼ਿੰਮਾ ਚੁੱਕਿਆ ਹੈ ਜੋ ਬੱਚੇ ਆਰਥਿਕ ਤੰਗੀ ਦੇ ਚੱਲਦਿਆਂ ਪੜ੍ਹਾਈ ਕਰਨ ਵਿਚ ਅਸਮਰਥ ਹਨ। ਇੰਦਰਜੀਤ ਉਨ੍ਹਾਂ ਬੱਚਿਆਂ ਨੂੰ ਮੁਫਤ ਸਿੱਖਿਆ ਦਿੰਦੀ ਹੈ ਅਤੇ ਖੇਡਾਂ ਲਈ ਵੀ ਪ੍ਰੇਰਿਤ ਕਰਦੀ ਹੈ।
ਭਾਵੇਂ ਹੀ ਇੰਦਰਜੀਤ ਨੂੰ ਕੰਮ ਸ਼ੁਰੂ ਕਰਨ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਸਮਾਜ ਨੇ ਵੀ ਉਸ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਕੋਲ ਪੜ੍ਹਨ ਵਾਲੇ ਬੱਚਿਆ ਦੀ ਗਿਣਤੀ 4 ਦਰਜਨ ਤੋਂ ਵੱਧ ਹੋ ਗਈ ਹੈ। ਇੰਦਰਜੀਤ ਦੇ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਦੱਸ ਦੇਈਏ ਕਿ ਪਿੰਡ ਲਈ ਮਿਸਾਲ ਬਣ ਕੇ ਸਾਹਮਣੇ ਆਈ ਇੰਦਰਜੀਤ ਖੁਦ ਕਾਲਜ ਦੀ ਵਿਦਿਆਰਥਣ ਹੈ ਅਤੇ ਆਪਣੀ ਪੜ੍ਹਾਈ ਦੇ ਨਾਲ-ਨਾਲ ਜ਼ਰੂਰਤਮੰਦ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਲੋੜ ਹੈ ਇੰਦਰਜੀਤ ਦਾ ਉਤਸ਼ਾਹ ਵਧਾਉਣ ਦੀ ਤਾਂ ਜੋ ਇਨ੍ਹਾਂ ਵਾਂਗ ਹੋਰ ਵੀ ਲੋਕ ਵੀ ਅੱਗੇ ਆਉਣ ਅਤੇ ਦੇਸ਼ ਦਾ ਭਵਿੱਖ ਸੰਵਾਰਣ ਵਿਚ ਯੋਗਦਾਨ ਪਾਉਣ।
ਜਾਖੜ ਦੀ ਸੁਖਬੀਰ ਨੂੰ ਚੁਣੌਤੀ, ਭਾਜਪਾ ਨਾਲ ਰਿਸ਼ਤਿਆਂ ਬਾਰੇ ਸਥਿਤੀ ਸਪੱਸ਼ਟ ਕਰੋ
NEXT STORY