ਸੰਗਰੂਰ (ਅਜੈ)-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਦੇ ਤੀਸਰੇ ਪਡ਼ਾਅ ਦੀ ਕਰਜ਼ਾ ਮੁਆਫ ਕਰਨ ਦੀ ਮੁਹਿੰਮ ਤਹਿਤ ਦਿਡ਼੍ਹਬਾ ਦੀ ਗੀਤਾ ਭਵਨ ਧਰਮਸ਼ਾਲਾ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ’ਚ ਜੀਵਨ ਕੁਮਾਰ ਗਰਗ ਤਹਿਸੀਲਦਾਰ ਦਿਡ਼੍ਹਬਾ, ਹਲਕਾ ਇੰਚਾਰਜ ਮਾਸਟਰ ਅਜੈਬ ਸਿੰਘ ਰਟੋਲ ਅਤੇ ਕਾਂਗਰਸ ਦੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਦੀ ਅਗਵਾਈ ’ਚ ਸਬ-ਡਵੀਜ਼ਨ ਦਿਡ਼੍ਹਬਾ ਦੇ 913 ਕਿਸਾਨਾਂ ਦੇ 5 ਕਰੋਡ਼ 52 ਲੱਖ 9 ਹਜ਼ਾਰ 385 ਰੁਪਏ ਅਤੇ ਹਲਕਾ ਦਿਡ਼੍ਹਬਾ ਦੇ ਸਾਰੇ ਪਿੰਡਾਂ ਦੇ 2245 ਕਿਸਾਨਾਂ ਦੋ 13 ਕਰੋਡ਼ 37 ਲੱਖ 87 ਹਜ਼ਾਰ 148 ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ। ਸਮਾਗਮ ਦੌਰਾਨ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਰਾਹਤ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਤਹਿਸੀਲਦਾਰ ਜੀਵਨ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ 2.5 ਏਕਡ਼ ਤੋਂ ਲੈ ਕੇ 5 ਏਕਡ਼ ਤੱਕ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ, ਜਿਸ ’ਚ ਸਹਿਕਾਰੀ ਬੈਂਕ ਜਾਂ ਸਹਿਕਾਰੀ ਸਭਾਵਾਂ ਦਾ ਕਰਜ਼ਾ ਹੀ ਮੁਆਫ ਕੀਤਾ ਗਿਆ ਹੈ। ਕਾਂਗਰਸ ਦੇ ਹਲਕਾ ਇੰਚਾਰਜ ਅਜੈਬ ਸਿੰਘ ਰਟੋਲ, ਸੂਬਾ ਸਕੱਤਰ ਸਤਨਾਮ ਸਿੰਘ ਸੱਤਾ, ਯੂਥ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਜਗਦੇਵ ਸਿੰਘ ਗਾਗਾ ਅਤੇ ਨਗਰ ਪੰਚਾਇਤ ਦਿਡ਼੍ਹਬਾ ਦੇ ਪ੍ਰਧਾਨ ਬਿੱਟੂ ਖਾਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣਾਂ ਮੌਕੇ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਵਾਅਦਾ ਇਕ-ਇਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ 4 ਕਰੋਡ਼ 65 ਲੱਖ ਦੀ ਰਾਸ਼ੀ ਆ ਚੁੱਕੀ ਹੈ ਜੋ ਕਿ ਕੁਝ ਹੀ ਦਿਨਾਂ ਦੇ ਅੰਦਰ ਹਲਕੇ ਦੀਆਂ ਪੰਚਾਇਤਾਂ ਨੂੰ ਵੰਡੀ ਜਾਵੇਗੀ ਤਾਂ ਜੋ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਸਕੇ। ਇਸ ਮੌਕੇ ਸੰਜੀਵ ਕੁਮਾਰ ਬੀ.ਡੀ.ਪੀ.ਓ. ਦਿਡ਼੍ਹਬਾ, ਨਾਇਬ ਤਹਿਸੀਲਦਾਰ ਗੁਰਬੰਸ ਸਿੰਘ, ਸਰਪੰਚ ਗੁਰਪ੍ਰੀਤ ਕੌਹਰੀਆਂ ਅਤੇ ਹੋਰ ਪਤਵੰਤੇ ਸ਼ਾਮਲ ਸਨ।
ਲੁਟੇਰੇ ਪਤੀ-ਪਤਨੀ ਤੋਂ ਪਰਸ ਖੋਹ ਕੇ ਫਰਾਰ
NEXT STORY