ਸੰਗਰੂਰ (ਸੰਜੀਵ)-ਗੰਨਾ ਕਾਸ਼ਤਕਾਰਾਂ ਵੱਲੋਂ ਸਥਾਨਕ ਸ਼ੂਗਰ ਮਿੱਲ ਵੱਲ ਫਸੇ ਆਪਣੇ ਕਰੋਡ਼ਾਂ ਰੁਪਇਆਂ ਦੇ ਬਕਾਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ 19 ਫਰਵਰੀ ਤੋਂ ਧੂਰੀ-ਲੁਧਿਆਣਾ ਮੁੱਖ ਮਾਰਗ ’ਤੇ ਲਾਇਆ ਗਿਆ ਧਰਨਾ ਲੰਘੀ ਦੇਰ ਰਾਤ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਯਤਨਾਂ ਸਦਕਾ ਚੁੱਕ ਲਿਆ ਗਿਆ ਹੈ। ਵਿਧਾਇਕ ਦਲਵੀਰ ਗੋਲਡੀ ਵੱਲੋਂ ਲਗਾਤਾਰ 6 ਦਿਨ ਤੋਂ ਚੱਲ ਰਹੇ ਇਸ ਧਰਨੇ ਨੂੰ ਮਿੱਲ ਪ੍ਰਬੰਧਕਾਂ ਨਾਲ ਗੱਲਬਾਤ ਕਰ ਕੇ ਖਤਮ ਕਰਵਾਉਣ ਦੇ ਨਾਲ ਹੀ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਕਿਉਂਕਿ ਇਸ ਮਾਰਗ ’ਤੇ ਟ੍ਰੈਫਿਕ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੌਕੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਦੱਸਿਆ ਕਿ ਮਿੱਲ ਪ੍ਰਬੰਧਕਾਂ ਨਾਲ ਗੱਲਬਾਤ ਤੋਂ ਬਾਅਦ ਇਹ ਫੈਸਲਾ ਹੋਇਆ ਹੈ ਕਿ ਮਿੱਲ ਪ੍ਰਬੰਧਕ ਰੋਜ਼ਾਨਾ ਕਿਸਾਨਾਂ ਦੇ ਖਾਤਿਆਂ ’ਚ 1.50 ਕਰੋਡ਼ ਰੁਪਏ ਪਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ 1.50 ਕਰੋਡ਼ ਰੁਪਏ ’ਚੋਂ 85 ਲੱਖ ਰੁਪਏ ਮੌਜੂਦਾ ਗੰਨੇ ਦੇ ਸੀਜ਼ਨ ਦੀ ਪੇਮੈਂਟ ਵਜੋਂ ਅਤੇ 65 ਲੱਖ ਰੁਪਏ ਪਿਛਲੇ ਸੀਜ਼ਨ ਦੇ ਗੰਨੇ ਦੇ ਬਕਾਏ ਵਜੋਂ ਅਦਾ ਕੀਤੇ ਜਾਣਗੇ। ਉਨ੍ਹਾਂ ਮਸਲੇ ਨੂੰ ਸੁਲਝਾਉਣ ਲਈ ਪ੍ਰਸ਼ਾਸਨ ਅਤੇ ਧਰਨਾ ਚੁੱਕਣ ਲਈ ਕਿਸਾਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਭਵਿੱਖ ’ਚ ਗੰਨਾ ਕਾਸ਼ਤਕਾਰਾਂ ਲਈ ਕੋਈ ਠੋਸ ਨੀਤੀ ਬਨਾਉਣ ਦੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਦੇ ਇਸ ਭਰੋਸੇ ਤੋਂ ਬਾਅਦ ਗੰਨਾ ਸੰਘਰਸ਼ ਕਮੇਟੀ ਨੇ ਦੇਰ ਰਾਤ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ।
ਖੋ-ਖੋ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸੰਪੰਨ
NEXT STORY