ਸੰਗਰੂਰ (ਸ਼ਾਮ)- ਧਾਰਮਕ ਅਸਥਾਨਾਂ ਨੂੰ ਜਾਂਦੀ ਸਡ਼ਕ ’ਤੇ ਖਡ਼੍ਹੇ ਗੰਦੇ ਪਾਣੀ ਦੀ ਨਿਕਾਸੀ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਅਤੇ ਘਰਾਂ ਵਾਲਿਆਂ ਨੇ ਨਗਰ ਕੌਂਸਲ ਖਿਲਾਫ ਰੋਸ ਪ੍ਰਗਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਹਾਜ਼ਰ ਨਾਗੇਸ਼ਵਰ ਰਾਓ, ਅਮਰ ਦੇਵੀ, ਸ਼ੈਂਟੀ, ਸੁਖਵੀਰ ਸਿੰਘ, ਜਿੰਦਰ ਪਾਲ ਸਿੰਘ, ਨਵੀ, ਮੌਂਟੀ, ਅਜੈਬ ਕੌਰ, ਹੇਮ ਰਾਜ ਪੰਡਤ ਦਾ ਕਹਿਣਾ ਹੈ ਕਿ ਜਿਸ ਸਡ਼ਕ ’ਤੇ ਗੰਦਾ ਪਾਣੀ ਖਡ਼੍ਹਾ ਹੈ। ਇਹ ਰੋਡ ਮੰਡੀ ਦੇ ਪ੍ਰਸਿੱਧ ਬਾਬਾ ਸੁਖਾਨੰਦ, ਗੁਰਦੁਆਰਾ ਸਾਹਿਬ, ਸਕੂਲਾਂ, ਸ਼ਮਸ਼ਾਨਘਾਟ ਆਦਿ ਨੂੰ ਜਾਂਦਾ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਨਤਮਸਤਕ ਹੋਣ ਜਾਣ ਲਈ ਗੰਦੇ ਪਾਣੀ ’ਚੋਂ ਲੰਘਣਾ ਪੈਂਦਾ ਹੈ ਅਤੇ ਪਿੰਡ ਦਾ ਮੁੱਖ ਰਸਤਾ ਹੋਣ ਕਾਰਨ ਦੁਕਾਨਦਾਰਾਂ ਅਤੇ ਘਰਾਂ ਵਾਲਿਆਂ ਨੂੰ ਦਿਨ-ਰਾਤ ਲੰਘਣਾ ਪੈਂਦਾ ਹੈ। ਇਸ ਖਡ਼੍ਹੇ ਗੰਦੇ ਪਾਣੀ ’ਚੋਂ ਬਦਬੂ ਆ ਰਹੀ ਹੈ, ਜਿਸ ਕਾਰਨ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੌਂਸਲ ਵੱਲੋਂ ਇਸ ਰੋਡ ’ਤੇ ਕੁਝ ਹਿੱਸੇ ’ਚ ਇੰਟਰਲਾਕਿੰਗ ਟਾਈਲਾਂ ਲਾਉਣ ਲਈ ਸਡ਼ਕ ਪੁੱਟ ਦਿੱਤੀ ਹੈ, ਜਿਸ ਕਾਰਨ ਲੋਕਾਂ ਨੂੰ ਲੰਘਣ ’ਚ ਹੋਰ ਵੀ ਜ਼ਿਆਦਾ ਮੁਸ਼ਕਲਾਂ ਖਡ਼੍ਹੀਆਂ ਕਰ ਦਿੱਤੀਆਂ ਹਨ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਸਡ਼ਕ ’ਤੇ ਖਡ਼੍ਹੇ ਗੰਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਅਤੇ ਸਡ਼ਕ ਨੂੰ ਉੱਚਾ ਕਰ ਕੇ ਬਣਾਇਆ ਜਾਵੇ। ਦੂਸਰੇ ਪਾਸੇ ਕੁਝ ਘਰਾਂ ਵਾਲਿਆਂ ਦਾ ਇਹ ਵੀ ਦੋਸ਼ ਹੈ ਕਿ ਨਗਰ ਕੌਂਸਲ ਇਸ ਸਡ਼ਕ ਦੇ ਨਿਵਾਸੀਆਂ ਨਾਲ ਭੇਦਭਾਵ ਕਰ ਰਹੀ ਹੈ ਕਿਉਂਕਿ ਜੇ ਕੌਂਸਲ ਪਿਛਲੀ ਸਡ਼ਕ ਨੂੰ ਉੱਚਾ ਕਰ ਕੇ ਬਣਾ ਦਿੰਦੀ ਹੈ ਤਾਂ ਸਾਡੇ ਘਰਾਂ ਵਾਲਾ ਪਾਸਾ ਨੀਵਾਂ ਹੋ ਗਿਆ ਤਾਂ ਨਾਲੀਆਂ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਘਰਾਂ ਅੱਗੇ ਖਡ਼੍ਹ ਜਾਵੇਗਾ ਜੋ ਲੋਕਾਂ ਲਈ ਮੁਸੀਬਤ ਬਣੇਗੀ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਡ਼ਕ ’ਤੇ ਭੇਦਭਾਵ ਦੀ ਨੀਤੀ ਨਾ ਅਪਣਾ ਕੇ ਸਡ਼ਕ ਪੂਰੀ ਬਣਾਈ ਜਾਵੇ। ਇਸ ਸਬੰਧੀ ਨਗਰ ਕੌਂਸਲ ਦੇ ਸਫਾਈ ਇੰਸਪੈਕਟਰ ਅਮਨਦੀਪ ਸ਼ਰਮਾ ਦਾ ਕਹਿਣਾ ਹੈ ਕਿ ਡਿਸਪੋਜ਼ਲ ਪਾਈਪਾਂ ਲੀਕ ਹੋਣ ਕਾਰਨ ਮੋਟਰ ਬੰਦ ਕਰਨੀ ਪੈਂਦੀ ਹੈ, ਜਲਦੀ ਹੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ।
ਬੱਚਿਆਂ ਨੇ ਜਾਣਿਆ ਵਿਗਿਆਨ ਨੂੰ ਡੂੰਘਾਈ ਤੱਕ
NEXT STORY