ਸੰਗਰੂਰ (ਬੇਦੀ, ਹਰਜਿੰਦਰ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੁਆਰਾ ਕੀਤੀ ਵਾਅਦਾਖਿਲਾਫੀ, ਪੰਚਾਇਤੀ ਜ਼ਮੀਨਾਂ ਜੇਲਾਂ ਨੂੰ ਸੌਂਪਣ ਅਤੇ ਸਰਕਾਰੀ ਰਣਬੀਰ ਕਾਲਜ ਸਮੇਤ ਸੱਤ ਸਰਕਾਰੀ ਸੰਸਥਾਵਾਂ ਨੂੰ ਨੀਲਾਮ ਕਰਨ ਖ਼ਿਲਾਫ਼ ਚਲਾਈ ਜਾ ਰਹੀ ਜਾਗ੍ਰਿਤੀ ਮੁਹਿੰਮ ਤਹਿਤ ਸੰਗਰੂਰ ਜ਼ਿਲੇ ਦੇ ਵੱਖ-ਵੱਖ ਬਲਾਕਾਂ ਅੰਦਰ ਜਾਗ੍ਰਿਤੀ ਮੁਹਿੰਮ ਤਹਿਤ ਅੱਜ ਪਿੰਡ ਉੱਪਲੀ ਵਿਖੇ ਰੈਲੀ ਕੀਤੀ ਗਈ। ਅੱਜ ਇੱਥੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਧਰਮਪਾਲ ਸਿੰਘ, ਜ਼ਿਲਾ ਸਕੱਤਰ ਬਲਜੀਤ ਸਿੰਘ, ਜ਼ਿਲਾ ਆਗੂ ਬਿਮਲ ਕੌਰ, ਇਲਾਕਾ ਆਗੂ ਰੂਸ ਸਿੰਘ ਬੇਨਡ਼ਾ ਨੇ ਦੱਸਿਆ ਕਿ ਸੰਗਰੂਰ, ਧੂਰੀ, ਸੁਨਾਮ, ਦਿਡ਼੍ਹਬਾ, ਚੀਮਾ, ਲੌਂਗੋਵਾਲ ਆਦਿ ਇਲਾਕਿਆਂ ’ਚ ਜਾਗ੍ਰਿਤੀ ਮੁਹਿੰਮ ਤਹਿਤ ਰੈਲੀਆਂ ਦਾ ਸਿਲਸਿਲਾ ਲਗਾਤਾਰ ਚਲਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਗੱਦੀ ਉੱਪਰ ਬੈਠਣ ਤੋਂ ਪਹਿਲਾਂ ਲੋਕਾਂ ਨਾਲ ਬਹੁਤ ਸਾਰੇ ਲੋਕ ਲੁਭਾਵਣੇ ਵਾਅਦੇ ਕੀਤੇ ਸਨ। ਉਨ੍ਹਾਂ ਬੁਢਾਪਾ ਪੈਨਸ਼ਨ 2700 ਰੁਪਏ ਕਰਨ, ਦਸ-ਦਸ ਮਰਲੇ ਦੇ ਪਲਾਟ ਅਤੇ ਉਸਾਰੀ ਵਾਸਤੇ ਤਿੰਨ ਲੱਖ ਰੁਪਿਆਂ ਦੇਣ, ਨੌਜਵਾਨਾਂ ਨੂੰ ਪੱਕਾ ਰੋਜ਼ਗਾਰ ਅਤੇ ਰੋਜ਼ਗਾਰ ਨਾ ਦਿੱਤੇ ਜਾਣ ਦੀ ਹਾਲਤ ਵਿਚ 2700 ਰੁਪਏ ਬੇਰੋਜ਼ਗਾਰੀ ਭੱਤਾ ਦੇਣ, ਸ਼ਗਨ ਸਕੀਮ 51000 ਰੁਪਏ ਕਰਨ, ਮੁਫ਼ਤ ਬੀਮਾ ਕਰਨ, ਸਿਹਤ, ਪਡ਼੍ਹਾਈ ਅਤੇ ਪਾਣੀ ਬਿਲਕੁਲ ਫ੍ਰੀ ਦੇਣ ਆਦਿ ਦੇ ਅਣਗਿਣਤ ਵਾਅਦੇ ਕੀਤੇ ਸਨ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਲਟਾ ਪੇਂਡੂ ਦਲਿਤ ਮਜ਼ਦੂਰਾਂ ਨੂੰ ਮਿਲੇ ਪੰਚਾਇਤੀ ਰਿਜ਼ਰਵ ਕੋਟੇ ਜ਼ਮੀਨ ਦੇ ਤੀਜੇ ਹਿੱਸੇ ਦੀ ਜ਼ਮੀਨ ਘੱਟ ਰੇਟ ’ਤੇ ਅਤੇ ਸਾਂਝੇ ਤੌਰ ’ਤੇ ਲੈਣ ਦੇ ਬਣੇ ਕਾਨੂੰਨ (ਕਾਨੂੰਨ ਦੀ ਰਾਖੀ ਕਰਨ ਦੀ ਸਹੁੰਆਂ ਖਾਣ ਵਾਲੇ) ਨੂੰ ਛਿੱਕੇ ’ਤੇ ਟੰਗਦੇ ਹੋਏ ਖੋਹਣ ਦੀਆਂ ਸਾਜ਼ਿਸ਼ਾਂ ਤਹਿਤ ਪੰਚਾਇਤੀ ਜ਼ਮੀਨਾਂ ਜੇਲਾਂ ਨੂੰ ਸੌਂਪਣ ਦੀ ਸਾਜ਼ਿਸ਼ਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਸਰਕਾਰੀ ਰਣਬੀਰ ਕਾਲਜ ਅਤੇ ਹੋਰ ਸੱਤ ਸਰਕਾਰੀ ਸੰਸਥਾਵਾਂ ਨੂੰ ਨੀਲਾਮ ਕਰਨ ਦੇ ਲੋਕ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ। ਸਰਕਾਰ ਦੀ ਵਾਅਦਾਖਿਲਾਫੀ, ਪੰਚਾਇਤੀ ਜ਼ਮੀਨਾਂ ਜੇਲਾਂ ਨੂੰ ਸੌਂਪਣ ਅਤੇ ਸਰਕਾਰੀ ਸੰਸਥਾਵਾਂ ਨੀਲਾਮੀ ਕਰਨ ਖ਼ਿਲਾਫ਼ ਪੇਂਡੂ ਦਲਿਤ ਮਜ਼ਦੂਰਾਂ ਅਤੇ ਸਮੂਹ ਲੋਕਾਂ ’ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਮੀਟਿੰਗ/ਰੈਲੀ ਦੀ ਸਮਾਪਤੀ ਜ਼ੋਰਦਾਰ ਨਾਅਰਿਆਂ ਨਾਲ ਕੀਤੀ ਗਈ ।
ਖੁਸ਼ਹਾਲ ਅਤੇ ਤਣਾਅ ਮੁਕਤ ਜ਼ਿੰਦਗੀ ਜਿਊਣ ਦੇ ਟਿਪਸ ਕੀਤੇ ਸਾਂਝੇ
NEXT STORY