ਸੰਗਰੂਰ (ਸੰਜੀਵ ਜੈਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਹਰ ਮੁਹਾਜ਼ ’ਤੇ ਫ਼ੇਲ ਕਰਾਰ ਦਿੱਤਾ, ਉੱਥੇ ਹੀ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ’ਤੇ ਵੀ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਾਇਆ। ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰੀ ਸੱਤਾ ’ਚ ਆਉਣ ਤੋਂ ਪਹਿਲਾਂ ਭਾਜਪਾ ਆਗੂ ਰਾਜਨਾਥ ਸਿੰਘ ਨੇ ਦਿੱਲੀ ਵਿਖੇ ਜਥੇਬੰਦੀ ਦੀ ਇੱਕ ਰੈਲੀ ਦੀ ਸਟੇਜ ਤੋਂ ਕਿਹਾ ਸੀ ਕਿ ਕੇਂਦਰ ’ਚ ਭਾਜਪਾ ਦੀ ਸਰਕਾਰ ਆਉਣ ’ਤੇ ਜਿੱਥੇ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ, ਉੱਥੇ ਹੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣਗੀਆਂ। ਪਰ 5 ਸਾਲ ਸੱਤਾ ਹੰਢਾਉਣ ਦੇ ਬਾਵਜੂਦ ਮੋਦੀ ਸਰਕਾਰ ਨੇ ਦੋਹਾਂ ਵਿਚੋਂ ਕੋਈ ਵਾਅਦਾ ਪੂਰਾ ਨਹੀ ਕੀਤਾ। ਉਨ੍ਹਾਂ ਕੈਪਟਨ ਵੱਲੋਂ ਖ਼ਜ਼ਾਨਾ ਖ਼ਾਲੀ ਹੋਣ ਦਾ ਰੋਲਾ ਪਾਉਣ ਬਾਰੇ ਕਿਹਾ ਕਿ ਖ਼ਜ਼ਾਨੇ ਕਦੇ ਵੀ ਨਹੀ ਭਰਦੇ ਹਨ, ਪਰ ਸਰਕਾਰ ਦੀ ਕੰਮ ਕਰਨ ਦੀ ਨੀਅਤ ਸਾਫ਼ ਹੋਣੀ ਚਾਹੀਂਦੀ ਹੈ। ਲੋਕ ਸਭਾ ਚੋਣਾਂ ਵਿਚ ਜਥੇਬੰਦੀ ਕਿਹਡ਼ੀ ਸਿਆਸੀ ਪਾਰਟੀ ਦੀ ਮਦਦ ਕਰੇਗੀ ਬਾਰੇ ਲੱਖੋਵਾਲ ਨੇ ਕਿਹਾ ਕਿ ਅਜੇ ਇਸ ਬਾਰੇ ਕੋਈ ਫ਼ੈਸਲਾ ਨਹੀ ਕੀਤਾ ਗਿਆ ਹੈ। ਉਨ੍ਹਾਂ ਗੰਨੇ ਦੀ ਫ਼ਸਲ ਦੀ ਅਦਾਇਗੀ ਕਰਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਿਆਂ ਕਿਹਾ ਕਿ ਸੰਘਰਸ਼ ਦੀ ਸਫਲਤਾ ਲਈ ਜਥੇਬੰਦੀ ਵੱਲੋਂ ਧਰਨੇ ਵਾਲੇ ਸਥਾਨ ’ਤੇ ਸੂਬਾ ਪੱਧਰੀ ਮੀਟਿੰਗ ਸੱਦ ਕੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ।
ਲੋਡ਼ਵੰਦ ਲੋਕਾਂ ਦੇ ਲਈ ਫ੍ਰੀ ਮੈਡੀਕਲ ਕੈਂਪ ਲਾਇਆ
NEXT STORY