ਸੰਗਰੂਰ (ਰਵਿੰਦਰ)-ਉਪਲੀ ਪਿੰਡ ’ਚ ਸੰਘਣੀ ਆਬਾਦੀ ’ਚ ਸਥਿਤ ਘਰ ਦੇ ਤਾਲੇ ਤੋਡ਼ ਕੇ ਚੋਰਾਂ ਵੱਲੋਂ ਅਲਮਾਰੀ ਤੇ ਪੇਟੀ ਵਿਚੋਂ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ’ਤੇ ਹੱਥ ਸਾਫ ਕਰ ਦਿੱਤਾ ਗਿਆ। ਘਰ ਦੇ ਮੁਖੀ ਸ਼ਮਸ਼ੇਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਉਪਲੀ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਉਹ ਆਪਣੇ ਕਿਸੇ ਕਰੀਬੀ ਦੇ ਘਰ ਬਰਨਾਲਾ ਵਿਖੇ ਘਰ ਦੇ ਮਹੂਰਤ ਦੀ ਖੁਸ਼ੀ ਦੇ ਤੌਰ ’ਤੇ ਰੱਖੇ ਪਾਠ ਦੇ ਭੋਗ ਸਮਾਗਮ ’ਚ ਸ਼ਾਮਲ ਹੋਣ ਗਏ ਸੀ ਅਤੇ ਆਲੇ ਦੁਆਲੇ ਦੇ ਘਰਾਂ ਵਾਲੇ ਵੀ ਸਾਡੇ ਨਾਲ ਬਰਨਾਲਾ ਗਏ ਸੀ। ਜਦੋਂ ਅਸੀਂ ਕਰੀਬ 1 ਵਜੇ ਘਰ ਦਾ ਮੁੱਖ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ ਤਾਂ ਕਮਰਿਆਂ ਅਤੇ ਪੇਟੀ ਅਲਮਾਰੀ ਦੇ ਤਾਲੇ ਟੁੱਟੇ ਪਏ ਸੀ ਅਤੇ ਪੂਰਾ ਸਾਮਾਨ ਖਿਲਰਿਆ ਪਿਆ ਸੀ। ਜਿਸਦੀ ਜਾਣਕਾਰੀ ਅਸੀਂ ਪੰਚਾਇਤ ਅਤੇ ਥਾਣਾ ਧਨੌਲਾ ਨੂੰ ਦਿੱਤੀ। ਹੋਏ ਨੁਕਸਾਨ ਸਬੰਧੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ 7-8 ਤੋਲੇ ਸੋਨੇ ਦੇ ਗਹਿਣੇ, 13 ਤੋਲੇ ਦੇ ਕਰੀਬ ਚਾਂਦੀ ਅਤੇ 30 ਹਜ਼ਾਰ ਦੇ ਕਰੀਬ ਨਗਦੀ ਚੋਰੀ ਹੋ ਗਈ ਹੈ। ਮੌਕੇ ’ਤੇ ਪਹੁੰਚੇ ਥਾਣਾ ਮੁੱਖੀ ਹਾਕਮ ਸਿੰਘ, ਥਾਣੇਦਾਰ ਅਜੈਬ ਸਿੰਘ, ਥਾਣੇਦਾਰ ਬਲਵਿੰਦਰ ਸਿੰਘ ਅਤੇ ਸੀ. ਆਈ. ਏ. ਹੰਡਿਆਇਆ ਦੇ ਥਾਣੇਦਾਰ ਗੁਰਪਾਲ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸੰਗਰੂਰ ਤੋਂ ਪਹੁੰਚੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੇ ਫਿੰਗਰ ਪ੍ਰਿੰਟ ਲੈ ਕੇ ਹੋਈ ਚੋਰੀ ਦਾ ਹੱਲ ਕਰਨ ਲਈ ਸ਼ੁਰੂਆਤ ਕੀਤੀ। ਦਿਨ ਦਿਹਾਡ਼ੇ ਹੋਈ ਇਸ ਘਟਨਾ ਨਾਲ ਪਿੰਡ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਥਾਣਾ ਮੁਖੀ ਹਾਕਮ ਸਿੰਘ ਨੇ ਪਹੁੰਚ ਕੇ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ।
ਰੰਗਾਂ ਦਾ ਤਿਉਹਾਰ ਹੋਲੀ ਧੂਮ-ਧਾਮ ਨਾਲ ਮਨਾਇਆ
NEXT STORY