ਸੰਗਰੂਰ (ਜੈਨ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ੂਗਰ ਮਿੱਲ ਧੂਰੀ ਵੱਲ ਗੰਨਾ ਕਾਸ਼ਤਕਾਰਾਂ ਦੀ ਫਸੀ ਕਰੋਡ਼ਾਂ ਰੁਪਏ ਦੀ ਰਕਮ ਦੀ ਅਦਾਇਗੀ ਕਰਵਾਉਣ ਨੂੰ ਲੈ ਕੇ ਮਿੱਲ ਦੇ ਗੇਟ ਨੇਡ਼ੇ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ 9ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਵੱਲੋਂ ਮਿੱਲ ਦੇ ਗੇਟ ਅੱਗੇ ਜਿਥੇ ਸਰਕਾਰ, ਹਲਕਾ ਵਿਧਾਇਕ, ਪ੍ਰਸ਼ਾਸਨ ਅਤੇ ਮਿੱਲ ਪ੍ਰਬੰਧਕਾਂ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਉਥੇ ਹੀ ਉਨ੍ਹਾਂ ਸ਼ੂਗਰ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਦਾ ਪੁਤਲਾ ਵੀ ਫੂਕਿਆ ਗਿਆ। ਮਰਨ ਵਰਤ ’ਤੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਰਾਜੀਆ ਪੰਧੇਰ ਪਹਿਲਾਂ ਵਾਂਗ ਹੀ ਡਟੇ ਰਹੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਅਤਬਾਰ ਸਿੰਘ ਬਾਦਸ਼ਾਹਪੁਰ, ਜਰਨੈਲ ਸਿੰਘ ਜਹਾਂਗੀਰ, ਨਿਰਮਲ ਸਿੰਘ ਘਨੌਰ, ਬਲਵਿੰਦਰ ਸਿੰਘ ਦੁੱਗਲ, ਗੁਰਧਿਆਨ ਸਿੰਘ ਸਹਿਜਡ਼ਾ, ਜਸਵੀਰ ਸਿੰਘ ਸੁਖਪੁਰਾ, ਭਾਕਿਯੂ ਰਾਜੇਵਾਲ ਦੇ ਨਰੰਜਣ ਸਿੰਘ ਦੋਹਲਾ, ਆਮ ਆਦਮੀ ਪਾਰਟੀ ਦੇ ਡਾ. ਅਨਵਰ ਭਸੌਡ਼, ਕਿਸਾਨ ਸਭਾ ਦੇ ਸਾਥੀ ਮੇਜਰ ਸਿੰਘ ਪੁੰਨਾਵਾਲ, ਅਮਰੀਕ ਸਿੰਘ ਕਾਂਝਲਾ ਆਦਿ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਮਰਨ ਵਰਤ ’ਤੇ ਬੈਠੇ ਸਾਡੇ ਦੋ ਸਾਥੀਆਂ ਨੂੰ ਪੁਲਸ ਜਬਰੀ ਚੁੱਕ ਕੇ ਲੈ ਗਈ ਹੈ, ਲੇਕਿਨ ਸਾਡੇ ਕੋਲ ਮਰਨ ਵਰਤ ’ਤੇ ਬੈਠਣ ਵਾਲਿਆਂ ਦੀ ਲਿਸਟ ਬਡ਼ੀ ਲੰਬੀ ਹੈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਇਸ ਭੁਲੇਖੇ ਵਿਚ ਨਾ ਰਹੇ ਕਿ ਇਸ ਚੱਕ-ਚਕਾਈ ਨਾਲ ਸੰਘਰਸ਼ ਨੂੰ ਦਬਾ ਲਿਆ ਜਾਵੇਗਾ, ਕਿਉਂਕਿ ਆਪਣੀ ਕਰੋਡ਼ਾਂ ਰੁਪਏ ਦੀ ਰਕਮ ਦੀ ਅਦਾਇਗੀ ਨਾ ਹੋਣ ਕਾਰਨ ਦੁੱਖੀ ਹੋਏ ਕਿਸਾਨ ਹੁਣ ਮਰਨ ਲਈ ਤਿਆਰ ਹਨ ਅਤੇ ਅਗਲੇ ਦਿਨਾਂ ਵਿੱਚ ਸੰਘਰਸ਼ ਕਰ ਰਹੇ ਕਿਸਾਨ ਪੰਜਾਬ ਭਰ ’ਚ ਇਸ ਸੰਘਰਸ਼ ਨੂੰ ਸ਼ੁਰੂ ਕਰਨਗੇ।
ਗੰਨਾ ਕਿਸਾਨਾਂ ਦੀ ਹਮਾਇਤ ’ਚ ਪਰਮਿੰਦਰ ਸਿੰਘ ਢੀਂਡਸਾ ਮਿਲੇ ਡਿਪਟੀ ਕਮਿਸ਼ਨਰ ਨੂੰ
NEXT STORY