ਸੰਗਰੂਰ (ਗਰਗ, ਗੋਇਲ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪੁਲਸ ਮੁਖੀ ਡਾ. ਸੰਜੀਵ ਗਰਗ ਦੀ ਯੋਗ ਅਗਵਾਈ ਹੇਠ ਲਹਿਰਾਗਾਗਾ ਪੁਲਸ ਨੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹਲਕੇ ’ਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਤੇ ਨਾਜਾਇਜ਼ ਸ਼ਰਾਬ ਫਡ਼ਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਰਦਾਰ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਸੂਬੇ ਅੰਦਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ10 ਮੁਕੱਦਮੇ ਦਰਜ ਕਰਦਿਆਂ 6970 ਨਸ਼ੇ ਵਾਲੀਆਂ ਗੋਲੀਆਂ, 19 ਸ਼ੀਸ਼ੀਆਂ ਨਸ਼ੀਲੀ ਦਵਾਈ, 52 ਕਿਲੋ ਭੁੱਕੀ ਚੂਰਾ ਪੋਸਤ, 36 ਕਿਲੋ ਭੁੱਕੀ ਪੋਸਤ ਦੇ ਪੌਦੇ ਅਤੇ 9 ਕੇਸ ਨਾਜਾਇਜ਼ ਸ਼ਰਾਬ ਦੇ ਦਰਜ ਕੀਤੇ ਗਏ ਹਨ, ਜਿਸ ’ਚ 2726 ਬੋਤਲਾਂ ਫਡ਼ੀਆਂ ਗਈਆਂ ਹਨ, ਇਸ ਤੋਂ ਇਲਾਵਾ 5 ਕੇਸ ਦਡ਼ੇ-ਸੱਟੇ ਦੇ ਦਰਜ ਕੀਤੇ ਗਏ ਹਨ ,ਜਿਸ ਵਿਚ ਦਸ ਹਜ਼ਾਰ ਦੇ ਕਰੀਬ ਪੈਸੇ ਫਡ਼ੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਚੋਣਾਂ ਵਿਚ ਖਲਲ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਿਸ ਕਾਰਨ ਹਲਕੇ ਵਿਚੋਂ 16 ਵਿਅਕਤੀਆਂ ਨੂੰ ਪਾਬੰਦ ਕਰਵਾਇਆ ਜਾ ਰਿਹਾ ਹੈ ਜੋ ਕਿ ਚੋਣਾਂ ਦੌਰਾਨ ਖਲਲ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਲਾਕਾ ਹਰਿਆਣਾ ਨਾਲ ਲੱਗਦਾ ਹੋਣ ਦੇ ਕਾਰਨ ਪੁਲਸ ਵੱਲੋਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ ਅਤੇ ਥਾਂ-ਥਾਂ ’ਤੇ ਨਾਕੇਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਨਾਜਾਇਜ਼ ਨਸ਼ਾ ਜਾਂ ਅਸਲਾ ਇਲਾਕੇ ਅੰਦਰ ਨਾ ਆ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਅਤੇ ਇਲਾਕੇ ’ਚੋਂ ਸਮਾਜ ਵਿਰੋਧੀ ਅਨਸਰ ’ਤੇ ਸ਼ਿਕੰਜਾ ਕੱਸਦਿਆਂ ਸ਼ਹਿਰ ਅੰਦਰ ਵੱਖ ਵੱਖ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਪ੍ਰਪੋਜ਼ਲ ਵੀ ਤਿਆਰ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਦੇ ਦੋਸ਼ੀਆਂ ਦਾ ਜਲਦ ਪਤਾ ਲਾਇਆ ਜਾ ਸਕੇ ,ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰ ਬਾਰੇ ਉਨ੍ਹਾਂ ਦੇ ਫੋਨ ਨੰਬਰ 80545-00224 ਜਾਂ 100 ਤੇ 181 ਨੰਬਰ ’ਤੇ ਫ਼ੋਨ ਕਰ ਕੇ ਜਾਣਕਾਰੀ ਦੇ ਸਕਦੇ ਹਨ ਜਾਣਕਾਰੀ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਥਾਣਾ ਸਦਰ ਦੇ ਇੰਚਾਰਜ ਗੁਰਨਾਮ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਜਗਰੂਪ ਸਿੰਘ ਤੋਂ ਇਲਾਵਾ ਡੀ. ਐੱਸ. ਪੀ. ਦੇ ਰੀਡਰ ਅਮਰਦੀਪ ਸਿੰਘ ਵੀ ਹਾਜ਼ਰ ਸਨ।
ਮ੍ਰਿਤਕ ਨੈਬ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਧਰਨਾ ਪ੍ਰਦਰਸ਼ਨ 12 ਤੋਂ
NEXT STORY