ਸੰਗਰੂਰ (ਬਾਂਸਲ) - ਮ੍ਰਿਤਕ ਨੈਬ ਸਿੰਘ ਦੇ ਕਤਲ ਹੋਏ ਨੂੰ ਤਕਰੀਬਨ ਢਾਈ ਮਹੀਨੇ ਬੀਤ ਜਾਣ ਪਿੱਛੋਂ ਕਤਲ ਦੀ ਗੁੱਥੀ ਅਜੇ ਤੱਕ ਉਲਝੀ ਹੋਈ ਹੈ ਕਿ ਪੀਡ਼ਤ ਪਰਿਵਾਰ ਨੂੰ ਇਨਸਾਫ ਲੈਣ ਲਈ ਵਾਰ-ਵਾਰ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਕਿਉਂਕਿ ਬੀਤੀ 25 ਮਾਰਚ ਨੂੰ ਪੀਡ਼ਤ ਪਰਿਵਾਰ ਵੱਲੋ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਸਦਕਾ ਥਾਣਾ ਚੀਮਾ ਮੰਡੀ ਦੇ ਗੇਟ ਅੱਗੇ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਕੀਤਾ ਸੀ ਪਰ 26 ਮਾਰਚ ਸ਼ਾਮ ਨੂੰ ਥਾਣਾ ਚੀਮਾ ਦੇ ਮੁਖੀ ਕਰਨੈਲ ਸਿੰਘ ਨੇ ਇਹ ਭਰੋਸਾ ਦਿਵਾ ਕੇ ਧਰਨਾ ਚੁੱਕਵਾ ਦਿੱਤਾ ਸੀ ਕਿ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਜਾਵੇਗਾ ਪਰ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੋਸ਼ੀ ਅਜੇ ਫਰਾਰ ਹਨ ਤੇ ਪੁਲਸ ’ਤੇ ਕਈ ਸਵਾਲੀਆ ਚਿੰਨ੍ਹ ਖਡ਼੍ਹੇ ਹੋ ਰਹੇ ਹਨ। ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਐਕਸ਼ਨ ਕਮੇਟੀ ਬਣਾ ਕੇ ਇਹ ਫੈਸਲਾ ਲਿਆ ਗਿਆ ਕਿ ਆਉਣ ਵਾਲੀ 12 ਅਪ੍ਰੈਲ ਨੂੰ ਡੀ. ਐੱਸ. ਪੀ. ਸੁਨਾਮ ਦੇ ਗੇਟ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਪੀਡ਼ਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕੀਤੀ ਹੋਈ ਹੈ ਪਰ ਪੁਲਸ ਥਾਣਾ ਚੀਮਾ ਵੱਲੋਂ ਅੱਜ ਤੱਕ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਤੇ ਪੀਡ਼ਤ ਪਰਿਵਾਰ ਨੂੰ ਡਰਾ-ਧਮਕਾ ਕੇ ਰਾਜ਼ੀਨਾਮਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੀਡ਼ਤ ਪਰਿਵਾਰ ਦੀ ਮਦਦ ਕਰ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਵਚਨਬੱਧ ਹਾਂ। ਇਸ ਮੌਕੇ ਕਾਮਰੇਡ ਚੂਹਡ਼ ਸਿੰਘ, ਬੱਗਾ ਸਿੰਘ ਫੌਜੀ, ਸੁਖਵਿੰਦਰ ਸਿੰਘ ਪੰਚ, ਅਮਰੀਕ ਸਿੰਘ, ਜਰਨੈਲ ਸਿੰਘ, ਗੁਰਜੰਟ ਸਿੰਘ, ਭੋਲਾ ਸਿੰਘ, ਨਾਅਰਾ ਸਿੰਘ, ਗੁਰਸੇਵਕ ਸਿੰਘ (ਮ੍ਰਿਤਕ ਦਾ ਭਰਾ) ਵੀ ਹਾਜ਼ਰ ਸਨ।
ਬ੍ਰਾਹਮਣ ਸਭਾ ਦੇ ਅਹੁਦੇਦਾਰਾਂ ਦੀ ਚੋਣ 14 ਨੂੰ
NEXT STORY