ਸੰਗਰੂਰ (ਯਾਸੀਨ)-ਅੱਜ ਦੇ ਪ੍ਰੋਗਰਾਮ ’ਚ ਵੱਖ-ਵੱਖ ਧਰਮਾਂ ਦੇ ਧਾਰਮਕ ਆਗੂਆਂ ਦਾ ਸ਼ਾਮਲ ਹੋਣਾ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਕਰਾਰੀ ਚਪੇਡ਼ ਹੈ ਜੋ ਕਹਿੰਦੇ ਹਨ ਕਿ ਮਦਰੱਸੇ ਦਹਿਸ਼ਤਗਰਦੀ ਦੇ ਅੱਡੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਮੁਫਤੀ ਮੁਹੰਮਦ ਯੂਸਫ ਕਾਸਮੀ ਨੇ ਸਥਾਨਕ ਮਦਰੱਸਾ ਜ਼ੀਨਤ ਉਲ ਉਲੂਮ ਦੇ ਸਾਲਾਨਾ ਦਸਤਾਰਬੰਦੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੁੱਝ ਲੋਕ ਇਹ ਸਮਝਦੇ ਹਨ ਕਿ ਉਹ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਭਾਈਚਾਰੇ ਨੂੰ ਤੋਡ਼ਨ ’ਚ ਸਫਲ ਹੋ ਜਾਣਗੇ ਪਰ ਇਹ ਉਨ੍ਹਾਂ ਦੀ ਗਲਤਫਹਿਮੀ ਹੈ। ਇਸ ਤੋਂ ਪਹਿਲਾਂ ਵੈਦ ਮੋਹਨ ਲਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਝੀਆਂ ਸਭਾਵਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਤੋਂ ਇਨਸਾਨੀਅਤ ਦਾ ਪੈਗ਼ਾਮ ਮਿਲਦਾ ਹੈ। ਅਨੰਦਪੁਰ ਸਾਹਿਬ ਤੋਂ ਆਏ ਭਾਈ ਚਰਨਜੀਤ ਸਿੰਘ ਮੁੱਖ ਕਥਾਵਾਚਕ ਤਖਤ ਸ਼੍ਰੀ ਕੇਸਗਡ਼੍ਹ ਸਾਹਿਬ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ ਕਿ ਵੱਖੋ-ਵੱਖਰੇ ਪਹਿਰਾਵੇ ਦੇ ਬਾਵਜੂਦ ਅਸੀਂ ਸਾਰੇ ਇਕ ਰੱਬ ਦੇ ਬੰਦੇ ਹਾਂ। ਉਨ੍ਹਾਂ ਕਿਹਾ ਕਿ ਇਨਸਾਨੀਅਤ ਨੂੰ ਢਾਹੁਣ ਜਾਂ ਠੇਸ ਪਹੁੰਚਾਉਣ ਦੀ ਗੱਲ ਕੋਈ ਧਰਮ ਨਹੀਂ ਅਤੇ ਜੇਕਰ ਕੋਈ ਵਿਅਕਤੀ ਅਜਿਹਾ ਕਰਮ ਕਰਦਾ ਹੈ ਤਾਂ ਉਹ ਧਾਰਮਕ ਨਹੀਂ ਹੋ ਸਕਦਾ। ਸਮਾਗ਼ਮ ਦੀ ਪ੍ਰਧਾਨਗੀ ਕਰ ਰਹੇ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਖਲੀਲ ਕਾਸਮੀ ਜ਼ਿਲਾ ਪ੍ਰਧਾਨ ਜ਼ਮੀਅਤ ਉਲਮਾ ਹਿੰਦ ਨੇ ਕਿਹਾ ਕਿ ਉਕਤ ਪ੍ਰ੍ਰੋਗਰਾਮ ਜਿਸ ’ਚ ਹਰ ਧਰਮ ਦੇ ਮੰਨਣ ਵਾਲੇ ਮੌਜੂਦ ਹਨ, ਰੰਗ-ਬਰੰਗੇ ਫੁੱਲਾਂ ਦਾ ਗੁਲਦਸਤਾ ਹੈ, ਜਿਸ ਦਾ ਹਮੇਸ਼ਾ ਮਹਿਕਦਾ ਰਹਿਣਾ ਸਮੇਂ ਦੀ ਮੁੱਖ ਲੋਡ਼ ਹੈ। ਉਨ੍ਹਾਂ ਕਿਹਾ ਕਿ ਇਸਲਾਮੀ ਸਿੱਖਿਆ ਅਨੁਸਾਰ ਸਾਡੇ ’ਚੋਂ ਸਭ ਤੋਂ ਉੱਤਮ ਉਹ ਹੈ ਜੋ ਕੁਰਆਨ ਪਡ਼੍ਹੇ ਜਾਂ ਪਡ਼੍ਹਾਵੇ। ਇਸ ਮੌਕੇ ਕੁਰਆਨ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਦੀ ਦਸਤਾਰਬੰਦੀ ਕੀਤੀ ਗਈ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਮਾਗ਼ਮ ਨੂੰ ਮੋਹਨ ਲਾਲ ਸ਼ਰਮਾ ਪ੍ਰਧਾਨ ਲੰਗਰ ਕਮੇਟੀ ਸ਼੍ਰੀ ਹਨੂਮਾਨ ਮੰਦਰ, ਰਮੇਸ਼ ਜੈਨ ਪ੍ਰਧਾਨ ਐੱਸ. ਐੱਸ. ਜੈਨ ਸਭਾ, ਮੌਲਵੀ ਰੋਸ਼ਨਦੀਨ ਹਿਮਾਚਲੀ, ਮੌਲਾਨਾ ਅਸ਼ਰਫ ਅੱਬਾਸ ਦਿਓਬੰਦੀ, ਕਾਰੀ ਅਹਿਤਸ਼ਾਮ ਉਦ ਦੀਨ, ਕੌਂਸਲਰ ਚੌਧਰੀ ਮੁਹੰਮਦ ਬਸ਼ੀਰ, ਮੌਲਾਨਾ ਮਨੀਰ ਉਦ ਦੀਨ ਉਸਮਾਨੀ ਦਿਓਬੰਦੀ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਖਾਸ ਤੌਰ ’ਤੇ ਕਾਰੀ ਸੱਦਾਮ ਹੁਸੈਨ, ਕਾਰੀ ਰਿਜ਼ਵਾਨ, ਕਾਰੀ ਬਿਲਾਲ, ਹਾਫਿਜ਼ ਇਕਰਾਮ, ਹਾਫਿਜ਼ ਸ਼ਹਿਬਾਜ਼, ਮਾਸਟਰ ਮੁਹੰਮਦ ਅਨਵਰ, ਮੁਹੰਮਦ ਅਸਲਮ ਕਾਕਾ, ਹਾਫਿਜ਼ ਇਬਰਾਹੀਮ, ਡਾਕਟਰ ਮੁਹੰਮਦ ਅਸ਼ਰਫ ਅਤੇ ਮਾਸਟਰ ਫੈਜ਼ ਮੌਜੂਦ ਸਨ।
ਡੀ. ਸੀ. ਵੱਲੋਂ ਫੌਜੀ ਬਸਤੀ ਦਾ ਦੌਰਾ, ਪਾਣੀ ਦੇ ਸੈਂਪਲ ਲੈਬਾਰਟਰੀ ’ਚ ਜਾਂਚ ਲਈ ਭੇਜੇ
NEXT STORY